ਤਸਕਰਾਂ ਦੀ ਗੱਡੀ ਕਾਰਣ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਦੇ ਮਾਮਲੇ ’ਚ ਪੁਲਸ ਦਾ ਬਿਆਨ ਆਇਆ ਸਾਹਮਣੇ

11/14/2023 3:57:20 PM

ਜ਼ੀਰਾ (ਗੁਰਮੇਲ ਸੇਖਵਾਂ) : ਵਿਧਾਨ ਸਭਾ ਹਲਕਾ ਜ਼ੀਰਾ ਦੇ ਮਖੂ-ਜ਼ੀਰਾ ਰੋਡ ’ਤੇ ਸਥਿਤ ਬਿਜਲੀ ਬੋਰਡ ਦੇ ਦਫ਼ਤਰ ਨੇੜੇ ਸੋਮਵਾਰ ਬਾਅਦ ਦੁਪਹਿਰ ਇਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਟੱਕਰ ਹੋ ਗਈ, ਜਿਸ ਵਿਚ ਇਕ ਲੜਕੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਪਤਾ ਲੱਗਾ ਹੈ ਕਿ ਕਾਰ ’ਚ ਸਵਾਰ ਵਿਅਕਤੀ ਨਸ਼ਾ ਤਸਕਰ ਸਨ, ਜਿਨ੍ਹਾ ਨੇ ਪੁਲਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਅਤੇ ਕਾਰ ਭਜਾ ਦਿੱਤੀ ਤੇ ਕਾਰ ਦੀ ਅੱਗੇ ਜਾ ਕੇ ਇੱਕ ਮੋਟਰਸਾਈਕਲ ਨਾਲ ਟੱਕਰ ਹੋ ਗਈ। ਜਿਸ ਤੋਂ ਬਾਅਦ ਲੋਕਾਂ ਨੇ ਇਕ ਤਸਕਰ ਨੂੰ ਫੜ ਕੇ ਪੁਲਸ ਹਵਾਲੇ ਕਰ ਦਿੱਤਾ। ਪੁਲਸ ਨੇ ਹਿਰਾਸਤ ਵਿਚ ਲਏ ਤਸਕਰ ਕੋਲੋਂ 7 ਕਿੱਲੋ 30 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਦੋ ਖਿਲਾਫ਼ ਐਨਡੀਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਥਾਣਾ ਮਖੂ ਵਿਖੇ ਮੁਕੱਦਮਾ ਦਰਜ ਕਰ ਲਿਆ ਹੈ।

ਜਾਣਕਾਰੀ ਦਿੰਦੇ ਹੋਏ ਸੀ.ਆਈ.ਏ ਸਟਾਫ਼ ਦੇ ਸਬ-ਇੰਸਪੈਕਟਰ ਜਜਪਾਲ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਗਸ਼ਤ ਅਤੇ ਚੈਕਿੰਗ ਦੌਰਾਨ ਜ਼ੀਰਾ ਰੋਡ ’ਤੇ ਪਾਵਰ ਹਾਊਸ ਮਖੂ ਕੋਲ ਮੌਜੂਦ ਸੀ ਤਾਂ ਇਕ ਕਾਰ ਕਰੂਜ਼ (ਸ਼ੇਵਰੋਲੇਟ) ਨੇ ਭੀੜ-ਭਾੜ ਵਾਲੀ ਜਗ੍ਹਾ ’ਤੇ ਤੇਜ਼ ਰਫ਼ਤਾਰ ਨਾਲ ਮੋਟਰਸਾਈਕਲ ’ਤੇ ਸਵਾਰ ਲੋਕਾ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਦੋ ਸਕੇ ਭਰਾਵਾਂ ਕੁਲਦੀਪ ਸਿੰਘ ਪੁੱਤਰ ਲਾਲ ਸਿੰਘ, ਅਮਰ ਸਿੰਘ ਪੁੱਤਰ ਲਾਲ ਸਿੰਘ ਅਤੇ ਉਨ੍ਹਾਂ ਦੀ 4 ਸਾਲਾ ਪੋਤੀ ਨਿਰਮਲ ਕੌਰ ਪੁੱਤਰੀ ਹਰਵਿੰਦਰ ਸਿੰਘ ਵਾਸੀ ਘੁੱਦੂ ਵਾਲਾ ਥਾਣਾ ਮਖੂ ਦੀ ਮੌਤ ਹੋ ਗਈ, ਜਿਸਦੇ ਬਾਅਦ ਪੁਲਸ ਨੇ ਲੋਕਾਂ ਵੱਲੋਂ ਗੱਡੀ ’ਚ ਸਵਾਰ ਵਿਅਕਤੀ ਅਰਸ਼ਦੀਪ ਸਿੰਘ ਉਰਫ ਅਰਸ਼ ਪੁੱਤਰ ਲਖਵੀਰ ਸਿੰਘ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ’ਚੋਂ 7 ਕਿਲੋ 30 ਗ੍ਰਾਮ ਹੈਰੋਇਨ ਬਰਾਮਦ ਕੀਤੀ। ਜਦਕਿ ਉਸਦਾ ਸਾਥੀ ਰਜਿੰਦਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਬੁਰਜ ਰਾਏ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਿਕਰਯੋਗ ਹੈ ਕਿ ਪੁਲਸ ਵੱਲੋਂ ਨਸ਼ਾ ਤਸਕਰਾਂ ਕੋਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ ਵਿਚ ਕੀਮਤ 35 ਕਰੋੜ ਰੁਪਏ ਦੇ ਕਰੀਬ ਹੈ। ਮਾਮਲੇ ਦੀ ਜਾਂਚ ਕਰ ਰਹੇ ਜਜਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਉਕਤ ਮਾਮਲੇ ’ਚ ਕਥਿਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਫਰਾਰ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


Gurminder Singh

Content Editor

Related News