ਸਮੱਗਲਰ ਪਹਿਲਵਾਨ ਦੇ 2 ਹੋਰ ਸਾਥੀ ਗ੍ਰਿਫਤਾਰ, 7 ਲੱਖ ਦੀ ਡਰੱਗ ਮਨੀ ਬਰਾਮਦ

01/03/2020 3:26:27 PM

ਅੰਮ੍ਰਿਤਸਰ (ਸੰਜੀਵ) : ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਖੁਫੀਆ ਵਿਭਾਗ ਕਾਊਂਟਰ ਇੰਟੈਲੀਜੈਂਸ ਨੇ ਅੰਮ੍ਰਿਤਸਰ-ਜਲੰਧਰ ਹਾਈਵੇ 'ਤੇ ਇਕ ਪ੍ਰਾਈਵੇਟ ਸਕੂਲ ਦੇ ਬਾਹਰੋਂ 25 ਕਰੋੜ ਦੀ ਹੈਰੋਇਨ ਸਮੇਤ ਗ੍ਰਿਫਤਾਰ ਪਹਿਲਵਾਨ ਦੇ 2 ਹੋਰ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨ੍ਹਾਂ 'ਚ ਸੁਖਦੇਵ ਸਿੰਘ ਸੁੱਖਾ ਵਾਸੀ ਘੁਮਾਲੇ ਵਾਲਾ ਫਿਰੋਜ਼ਪੁਰ ਅਤੇ ਮੇਜਰ ਸਿੰਘ ਵਾਸੀ ਮਮਦੋਟ ਸ਼ਾਮਿਲ ਹੈ। ਪੁਲਸ ਨੇ ਇਨ੍ਹਾਂ ਦੇ ਕਬਜ਼ੇ 'ਚੋਂ 7 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਦੋਵਾਂ ਮੁਲਜ਼ਮਾਂ ਨੂੰ ਪਿਛਲੇ ਦਿਨੀਂ ਦਰਜ ਕੀਤੇ ਗਏ ਐੱਨ. ਡੀ. ਪੀ. ਐੱਸ. ਦੇ ਮਾਮਲੇ 'ਚ ਸ਼ਾਮਿਲ ਕਰ ਲਿਆ ਗਿਆ ਹੈ। ਦੋਵਾਂ ਨੂੰ ਅਦਾਲਤ ਦੇ ਨਿਰਦੇਸ਼ਾਂ 'ਤੇ 4 ਦਿਨ ਦੇ ਪੁਲਸ ਰਿਮਾਂਡ 'ਤੇ ਲਿਆ ਗਿਆ ਹੈ।

ਇਹ ਖੁਲਾਸਾ ਕਰਦਿਆਂ ਕਾਊਂਟਰ ਇੰਟੈਲੀਜੈਂਸ ਏ. ਆਈ. ਜੀ. ਕੇਤਨ ਬਾਲੀਰਾਮ ਪਾਟਿਲ ਨੇ ਦੱਸਿਆ ਕਿ ਪਿਛਲੇ ਦਿਨੀਂ ਗ੍ਰਿਫਤਾਰ ਕੀਤੇ ਸਮੱਗਲਰ ਪਹਿਲਵਾਨ ਸਿੰਘ ਕੋਲੋਂ 5 ਕਿਲੋ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਉਸ ਨਾਲ ਜੁੜੇ ਉਕਤ ਮੁਲਜ਼ਮ ਡਰੱਗ ਮਨੀ ਲੈ ਕੇ ਅੰਮ੍ਰਿਤਸਰ ਪਹੁੰਚ ਰਹੇ ਸਨ, ਜਿਸ 'ਤੇ ਡੀ. ਐੱਸ. ਪੀ. ਬਲਬੀਰ ਸਿੰਘ ਦੀ ਪ੍ਰਧਾਨਗੀ 'ਚ ਇਕ ਸਪੈਸ਼ਲ ਪਾਰਟੀ ਨੇ ਜਲੰਧਰ ਹਾਈਵੇ 'ਤੇ ਨਾਕਾਬੰਦੀ ਕੀਤੀ ਅਤੇ ਦੋਵਾਂ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਸੀ ਮਾਮਲਾ
ਕਾਊਂਟਰ ਇੰਟੈਲੀਜੈਂਸ ਵੱਲੋਂ ਜੀ. ਟੀ. ਰੋਡ 'ਤੇ ਕੀਤੇ ਇਕ ਆਪ੍ਰੇਸ਼ਨ ਦੌਰਾਨ ਪਾਕਿਸਤਾਨ ਤੋਂ ਆਈ 5 ਕਿਲੋ ਹੈਰੋਇਨ ਸਮੇਤ ਸਮੱਗਲਰ ਪਹਿਲਵਾਨ ਸਿੰਘ ਵਾਸੀ ਅਲੀਕੇ ਅਲੀਵਾਲ ਨੂੰ ਪਿਛਲੇ ਦਿਨੀਂ ਗ੍ਰਿਫਤਾਰ ਕਰ ਕੇ 6 ਜਨਵਰੀ ਤੱਕ ਪੁਲਸ ਰਿਮਾਂਡ 'ਤੇ ਲਿਆ ਗਿਆ ਸੀ, ਜਿਸ ਦੀ ਤਲਾਸ਼ੀ ਦੌਰਾਨ ਉਸ ਦੇ ਕਬਜ਼ੇ 'ਚੋਂ 2 ਪਿਸਤੌਲ, 2 ਮੈਗਜ਼ੀਨ, 5 ਰੌਂਦ ਅਤੇ ਇਕ ਮੋਟਰਸਾਈਕਲ ਬਰਾਮਦ ਹੋਇਆ ਸੀ। ਪੁਲਸ ਮੁਲਜ਼ਮ ਤੋਂ ਗੰਭੀਰਤਾ ਨਾਲ ਜਾਂਚ ਕਰ ਰਹੀ ਸੀ।

ਡਲਿਵਰੀ ਦੇਣ ਵਾਲੇ ਦੀ ਹੋ ਸਕਦੀ ਹੈ ਗ੍ਰਿਫਤਾਰੀ
ਕਾਊਂਟਰ ਇੰਟੈਲੀਜੈਂਸ ਹੁਣ ਉਸ ਸਮੱਗਲਰ ਦੀ ਤਲਾਸ਼ ਵਿਚ ਹੈ, ਜਿਸ ਨੇ ਪਹਿਲਵਾਨ ਸਿੰਘ ਨੂੰ ਹੈਰੋਇਨ ਦੀ ਡਲਿਵਰੀ ਦਿੱਤੀ ਸੀ। ਇਸ ਸਬੰਧੀ ਗ੍ਰਿਫਤਾਰ ਕੀਤੇ ਗਏ ਪਹਿਲਵਾਨ ਸਿੰਘ ਅਤੇ ਉਸ ਦੇ ਦੋਵੇਂ ਸਾਥੀਆਂ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ। ਛੇਤੀ ਹੀ ਇਨ੍ਹਾਂ ਨਾਲ ਜੁੜੇ ਕੁਝ ਹੋਰ ਨਾਂ ਸਾਹਮਣੇ ਆਉਣ ਦੀ ਵੀ ਸੰਭਾਵਨਾ ਹੈ।

ਰਾਸ਼ਿਦ ਅਲੀ ਨੇ ਪਾਕਿਸਤਾਨ ਤੋਂ ਭੇਜੀ ਸੀ ਖੇਪ
ਕਾਊਂਟਰ ਇੰਟੈਲੀਜੈਂਸ ਵੱਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਇਸ ਖੇਪ ਨੂੰ ਸੀਮਾ ਪਾਰ ਪਾਕਿਸਤਾਨ 'ਚ ਬੈਠੇ ਸਮੱਗਲਰ ਰਾਸ਼ਿਦ ਅਲੀ ਨੇ ਭੇਜਿਆ ਸੀ। ਹੁਣ ਕਾਊਂਟਰ ਇੰਟੈਲੀਜੈਂਸ ਉਨ੍ਹਾਂ ਰਸਤਿਆਂ ਦੀ ਵੀ ਨਿਸ਼ਾਨਦੇਹੀ ਕਰੇਗੀ, ਜਿਸ ਰਸਤੇ ਇਹ ਹੈਰੋਇਨ ਪੰਜਾਬ 'ਚ ਦਾਖਲ ਹੋਈ ਸੀ।


Anuradha

Content Editor

Related News