ਸਿਟੀ ਬਿਊਟੀਫੁੱਲ ਚੰਡੀਗੜ੍ਹ ''ਚ ਹਿੱਟ ਹੋਈ ''ਸਾਈਕਲ'' ਦੀ ਸਵਾਰੀ, ਲੋਕਾਂ ਦਾ ਮਿਲ ਰਿਹੈ ਜ਼ਬਰਦਸਤ ਹੁੰਗਾਰਾ
Monday, Sep 13, 2021 - 09:27 AM (IST)
ਚੰਡੀਗੜ੍ਹ (ਅਸ਼ਵਨੀ) : ਸਾਈਕਲਿੰਗ ਨੂੰ ਪ੍ਰਮੋਟ ਕਰਨ ਅਤੇ ਪ੍ਰਾਜੈਕਟ ਦੀਆਂ ਕਮੀਆਂ ਨੂੰ ਸੁਧਾਰਨ ਲਈ ਕੰਪਨੀ ਨੇ 3 ਮਹੀਨਿਆਂ ਤੱਕ ਸਾਈਕਲ ਰਾਈਡ ਮੁਫ਼ਤ ਕੀਤੀ ਸੀ ਅਤੇ ਲੋਕਾਂ ਨੇ ਵੀ ਇਸ ਦਾ ਜੰਮ ਕੇ ਮਜ਼ਾ ਲਿਆ। ਕਿਰਾਏ ’ਤੇ ਮਿਲਣ ਵਾਲੇ ਇਨ੍ਹਾਂ ਸਾਈਕਲਾਂ ਦੀ ਰਾਈਡ ਮੁਫ਼ਤ ਹੁੰਦਿਆਂ ਹੀ ਇਨ੍ਹਾਂ ਦੀ ਰਾਈਡ ਵੀ 6 ਗੁਣਾ ਤੱਕ ਵੱਧ ਗਈ। ਸ਼ੁਰੂਆਤ ਵਿਚ ਜਿੱਥੇ ਅੱਧੇ ਘੰਟੇ ਲਈ ਰੋਜ਼ਾਨਾ 10 ਰੁਪਏ ਦੀਆਂ 600 ਰਾਈਡ ਹੁੰਦੀਆਂ ਸਨ, ਉੱਥੇ ਹੀ ਅਗਸਤ ਵਿਚ ਇਹ ਗਿਣਤੀ ਰੋਜ਼ਾਨਾ 3600 ਰਾਈਡ ਤੱਕ ਜਾ ਪਹੁੰਚੀ। ਅਜੇ ਵੀ ਲੋਕਾਂ ਦਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਕੰਪਨੀ ਨੂੰ ਵੀ ਇੰਨੀ ਉਮੀਦ ਨਹੀਂ ਸੀ। ਕਈ ਵਾਰ ਤਾਂ ਡਾਕਿੰਗ ਸਟੇਸ਼ਨ ’ਤੇ ਦੁਪਹਿਰ ਸਮੇਂ ਵੀ ਸਾਈਕਲ ਨਹੀਂ ਮਿਲ ਰਹੇ। ਇਕ ਮਹੀਨੇ ਵਿਚ ਹੀ 76 ਹਜ਼ਾਰ ਲੋਕਾਂ ਨੇ ਰਾਈਡ ਲਈ। ਸਵੇਰੇ ਅਤੇ ਸ਼ਾਮ ਨੂੰ ਸਭ ਤੋਂ ਜ਼ਿਆਦਾ ਲੋਕਾਂ ਨੇ ਸਾਈਕਲ ਦੀ ਵਰਤੋਂ ਕੀਤੀ। ਮੁਫ਼ਤ ਦੀ ਰਾਈਡ ਨੇ ਇਕ ਪਾਸੇ ਜਿੱਥੇ ਲੋਕਾਂ ਵਿਚ ਸਾਈਕਲਿੰਗ ਦਾ ਕ੍ਰੇਜ਼ ਵਧਾ ਦਿੱਤਾ, ਉੱਥੇ ਹੀ ਕੋਰੋਨਾ ਕਾਲ ਵਿਚ ਲੋਕ ਸਿਹਤ ਪ੍ਰਤੀ ਜ਼ਿਆਦਾ ਜਾਗਰੂਕ ਹੋ ਗਏ ਹਨ। ਸਿਹਤਮੰਦ ਰਹਿਣ ਲਈ ਲੋਕ ਸਾਈਕਲਿੰਗ ਕਰਨਾ ਪਸੰਦ ਕਰ ਰਹੇ ਹਨ। ਦਸੰਬਰ ਵਿਚ ਪ੍ਰਾਜੈਕਟ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 148000 ਲੋਕ ਸਾਈਕਲ ਰਾਈਡ ਲੈ ਚੁੱਕੇ ਹਨ।
ਇਹ ਵੀ ਪੜ੍ਹੋ : ਪਟਿਆਲਾ 'ਚ ਖ਼ੌਫ਼ਨਾਕ ਵਾਰਦਾਤ, ਕੁੜੀਆਂ ਵਾਲੀ ITI 'ਚ ਤੇਜ਼ਧਾਰ ਹਥਿਆਰਾਂ ਨਾਲ ਪਰਵਾਸੀ ਦਾ ਕਤਲ
ਨੁਕਸਾਨ ਪਹੁੰਚਾਇਆ ਤਾਂ ਪੈਨਲਟੀ ਲੱਗੇਗੀ, ਪੁਲਸ ਕੰਪਲੇਂਟ ਵੀ ਹੋਵੇਗੀ
ਸਮਾਰਟ ਸਿਟੀ ਦੇ ਪਬਲਿਕ ਬਾਈਕ ਸ਼ੇਅਰਿੰਗ ਪ੍ਰਾਜੈਕਟ ਪ੍ਰਤੀ ਕੁੱਝ ਲੋਕਾਂ ਦਾ ਗੈਰ-ਜ਼ਿੰਮੇਵਾਰਾਨਾ ਰਵੱਈਆ ਵੀ ਦਿਸਿਆ ਹੈ। ਕਈ ਲੋਕਾਂ ਨੇ ਸਾਈਕਲਾਂ ਦੀ ਰਾਈਡ ਲੈ ਕੇ ਉਨ੍ਹਾਂ ਨੂੰ ਕਿਤੇ ਵੀ ਪਾਰਕ ਕਰ ਦਿੱਤਾ। ਕਈ ਸਾਈਕਲ ਘਰ ਲੈ ਗਏ ਤਾਂ ਕਈ ਸਾਈਕਲਾਂ ਤੋਂ ਲਾਈਟ, ਬਾਸਕਟ ਅਤੇ ਹੋਰ ਸਮਾਨ ਚੋਰੀ ਹੋ ਗਿਆ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ। ਇਸ ਤੋਂ ਬਾਅਦ ਕੰਪਨੀ ਨੇ ਜਿੱਥੇ ਆਪਣੇ ਪੱਧਰ ’ਤੇ ਸਾਈਟ ’ਤੇ ਪੈਟਰੋਲਿੰਗ ਲਈ ਟੀਮਾਂ ਬਣਾਈਆਂ ਹਨ, ਉੱਥੇ ਹੀ ਪੁਲਸ ਤੋਂ ਵੀ ਮਦਦ ਮੰਗੀ ਹੈ। ਕੰਪਨੀ ਦੇ ਵੀ. ਪੀ. ਅਭਿਨੰਦਨ ਅਨੁਸਾਰ ਸਾਈਕਲਾਂ ਨੂੰ ਨੁਕਸਾਨ ਪਹੁੰਚਾਣ ਵਾਲਿਆਂ ਖ਼ਿਲਾਫ਼ ਪੁਲਸ ਨੂੰ ਸ਼ਿਕਾਇਤ ਦਿੱਤੀ ਜਾਵੇਗੀ ਅਤੇ ਉਨ੍ਹਾਂ ’ਤੇ ਪੈਨਲਟੀ ਵੀ ਲਾਈ ਜਾਵੇਗੀ।
ਇਹ ਵੀ ਪੜ੍ਹੋ : ਜਵਾਨ ਪੁੱਤ ਨੂੰ ਸੰਗਲ ਪਾਉਣ ਵਾਲੀ ਵਿਧਵਾ ਮਾਂ ਲਈ ਇਸ ਤੋਂ ਦਰਦਨਾਕ ਪਲ ਹੋਰ ਕੀ ਹੋਵੇਗਾ (ਤਸਵੀਰਾਂ)
ਕਮੀਆਂ ਦੂਰ, ਚਾਰਜ ਅਜੇ ਨਹੀਂ
ਪਬਲਿਕ ਬਾਈਕ ਸ਼ੇਅਰਿੰਗ ਪ੍ਰਾਜੈਕਟ ਤਹਿਤ ਸ਼ਹਿਰ ਵਿਚ 150 ਸਾਈਟਾਂ ’ਤੇ 1250 ਸਾਈਕਲ ਉਪਲੱਬਧ ਹਨ ਅਤੇ ਇਨ੍ਹਾਂ ਵਿਚ ਮਿਲੀਆਂ ਉਨ੍ਹਾਂ ਕਮੀਆਂ ਨੂੰ ਕੰਪਨੀ ਨੇ ਦੂਰ ਕਰ ਦਿੱਤਾ ਹੈ, ਜਿਸ ਕਾਰਨ ਇਨ੍ਹਾਂ ਦੀ ਰਾਈਡ ਅਗਸਤ ਤੋਂ ਮੁਫ਼ਤ ਕੀਤੀ ਗਈ ਸੀ। ਦੁਬਾਰਾ ਚਾਰਜ ਲਾਗੂ ਕਰਨ ਤੱਕ ਫਿਲਹਾਲ ਰਾਈਡ ਮੁਫ਼ਤ ਰਹੇਗੀ। ਦੂਜੇ ਫੇਜ਼ ਦਾ ਕੰਮ ਵੀ ਜ਼ੋਰਾਂ ਨਾਲ ਚੱਲ ਰਿਹਾ ਹੈ। ਫੇਜ਼-2 ਤਹਿਤ ਵੀ 150 ਸਾਈਟਾਂ ’ਤੇ 1250 ਸਾਈਕਲ ਦਿੱਤੇ ਜਾਣਗੇ।
ਇੰਨਾ ਕਿਰਾਇਆ ਦੇਣਾ ਪਵੇਗਾ
ਹਰ ਅੱਧਾ ਘੰਟਾ ਸਾਈਕਲ ਚਲਾਉਣ ਲਈ 10 ਰੁਪਏ ਕਿਰਾਇਆ ਲਿਆ ਜਾਵੇਗਾ। ਜੇਕਰ ਤੁਸੀਂ 500 ਰੁਪਏ ਦੀ ਸਲਾਨਾ ਫ਼ੀਸ ਦੇ ਕੇ ਮੈਂਬਰ ਬਣਨ ਦਾ ਬਦਲ ਚੁਣਦੇ ਹੋ ਤਾਂ ਤੁਹਾਡੇ ਤੋਂ ਕਿਰਾਏ ਦੀ ਅੱਧੀ ਰਾਸ਼ੀ ਹੀ ਲਈ ਜਾਵੇਗੀ। ਅਜੇ ਫਿਲਹਾਲ ਕਿਰਾਇਆ ਨਹੀਂ ਲੱਗ ਰਿਹਾ। ਹਰ ਸਟੇਸ਼ਨ ’ਤੇ ਘੱਟੋ-ਘੱਟ 9 ਸਾਈਕਲ ਮਿਲਣਗੇ। ਕੋਈ ਵੀ ਵਿਅਕਤੀ ਇਕ ਸਟੇਸ਼ਨ ਤੋਂ ਸਾਈਕਲ ਲੈ ਸਕਦਾ ਹੈ ਅਤੇ ਉਸ ਨੂੰ ਚਲਾਉਣ ਤੋਂ ਬਾਅਦ ਕਿਸੇ ਦੂਜੇ ਸਟੇਸ਼ਨ ’ਤੇ ਛੱਡ ਸਕਦਾ ਹੈ।
ਇਨ੍ਹਾਂ ਥਾਵਾਂ ’ਤੇ ਮਿਲੇਗਾ ਸਾਈਕਲ
ਸ਼ਹਿਰ ਦੀਆਂ ਮਹੱਤਵਪੂਰਨ ਥਾਵਾਂ ਜਿਵੇਂ ਰਾਕ ਗਾਰਡਨ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਸੁਖਨਾ ਝੀਲ, ਪੀ. ਜੀ. ਆਈ., ਸੈਕਟਰ-17, 22, 34, 35 ਅਤੇ 43 ਵਿਚ ਪ੍ਰਾਜੈਕਟ ਤਹਿਤ ਡਾਕਿੰਗ ਸਟੇਸ਼ਨ ਬਣਾਏ ਗਏ ਹਨ। ਸਾਈਕਲ ਬੁੱਕ ਕਰਨ ਅਤੇ ਉਸ ਦਾ ਭੁਗਤਾਨ ਮੋਬਾਇਲ ਐਪਲੀਕੇਸ਼ਨ ‘ਸਮਾਰਟ ਬਾਈਕ’ ਰਾਹੀਂ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ