PSPCL ਦਾ ਵੱਡਾ ਫ਼ੈਸਲਾ : ਪੂਰੇ ਪੰਜਾਬ 'ਚ 1 ਮਾਰਚ ਤੋਂ ਲੱਗਣਗੇ ਸਮਾਰਟ ਪ੍ਰੀ-ਪੇਡ ਮੀਟਰ
Wednesday, Feb 08, 2023 - 11:43 AM (IST)
ਚੰਡੀਗੜ੍ਹ/ਪਟਿਆਲਾ : ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ. ਐੱਸ. ਪੀ. ਸੀ. ਐੱਲ.) ਨੇ ਵੱਡਾ ਫ਼ੈਸਲਾ ਲੈਂਦੇ ਹੋਏ ਪੂਰੇ ਪੰਜਾਬ 'ਚ ਇਕ ਮਾਰਚ ਤੋਂ ਸਰਕਾਰੀ ਦਫ਼ਤਰਾਂ 'ਚ ਸਮਾਰਟ ਪ੍ਰੀ-ਪੇਡ ਮੀਟਰ ਲਾਉਣ ਸਬੰਧੀ ਸਰਕੂਲਰ ਜਾਰੀ ਕੀਤਾ ਹੈ। ਪੀ. ਐੱਸ. ਪੀ. ਸੀ. ਐੱਲ. ਵੱਲੋਂ ਆਪਣੇ ਸਰਕੂਲਰ 'ਚ ਕਿਹਾ ਗਿਆ ਹੈ ਕਿ ਇਹ ਫ਼ੈਸਲਾ 1 ਮਾਰਚ ਤੋਂ ਪ੍ਰਭਾਵੀ ਹੋਵੇਗਾ। ਇਸ ਤਰ੍ਹਾਂ ਸਰਕਾਰ ਨੂੰ ਹੁਣ ਬਿਜਲੀ ਬਿੱਲਾਂ ਦਾ ਭੁਗਤਾਨ ਅਗਾਊਂ ਕਰਨਾ ਪਵੇਗਾ।
ਪਹਿਲੀ ਮਾਰਚ ਤੋਂ ਸਰਕਾਰੀ ਦਫ਼ਤਰਾਂ 'ਚ ਪ੍ਰੀ-ਪੇਡ ਮੀਟਰ ਲਾਉਣ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ 31 ਮਾਰਚ, 2024 ਤੱਕ ਪੰਜਾਬ ਭਰ ਦੇ ਸਾਰੇ ਸਰਕਾਰੀ ਕੁਨੈਕਸ਼ਨ ਕਵਰ ਕੀਤੇ ਜਾਣਗੇ। ਪ੍ਰੀ-ਪੇਡ ਮੀਟਰ ਲਾਉਣ ਮਗਰੋਂ ਘੱਟੋ-ਘੱਟ ਰਿਚਾਰਜ ਦੀ ਰਾਸ਼ੀ ਇਕ ਹਜ਼ਾਰ ਰੁਪਏ ਰੱਖਣੀ ਪਵੇਗੀ ਅਤੇ ਜਿਉਂ ਹੀ ਰਿਚਾਰਜ ਦੀ ਰਾਸ਼ੀ ਜ਼ੀਰੋ ਹੋਵੇਗੀ ਤਾਂ ਬਿਜਲੀ ਸਪਲਾਈ ਆਪਣੇ-ਆਪ ਬੰਦ ਹੋ ਜਾਵੇਗੀ।
ਇਹ ਵੀ ਪੜ੍ਹੋ : ਹੋਲੀ ਦੇ ਤਿਉਹਾਰ 'ਤੇ ਟਰੇਨਾਂ 'ਚ ਸਫ਼ਰ ਕਰਨ ਵਾਲੇ ਜ਼ਰਾ ਧਿਆਨ ਦੇਣ, ਕਰਨਾ ਪੈ ਸਕਦੈ ਸੜਕ ਰਾਹੀਂ ਸਫ਼ਰ
ਇਹ ਵੀ ਕਿਹਾ ਜਾ ਰਿਹਾ ਹੈ ਕਿ ਨਵੇਂ ਲੱਗਣ ਵਾਲੇ ਸਰਕਾਰੀ ਪ੍ਰੀ-ਪੇਡ ਮੀਟਰਾਂ ਦੀ ਕੋਈ ਸਕਿਓਰਿਟੀ ਨਹੀਂ ਲਈ ਜਾਵੇਗੀ। ਸਰਕਾਰੀ ਵਿਭਾਗਾਂ ਵੱਲ ਪਾਵਰਕਾਮ ਦੇ ਇਸ ਵੇਲੇ 2600 ਕਰੋੜ ਰੁਪਏ ਦੇ ਬਕਾਏ ਖੜ੍ਹੇ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ 'ਚ ਸਭ ਤੋਂ ਵੱਧ ਰਾਸ਼ੀ ਦਿਹਾਤੀ ਖੇਤਰ ਦੇ ਜਲਘਰਾਂ ਵੱਲ 1200 ਕਰੋੜ ਰੁਪਏ ਦੀ ਹੈ। ਇਸ ਤੋਂ ਇਲਾਵਾ ਸਿੰਚਾਈ ਮਹਿਕਮੇ ਵੱਲ 20 ਕਰੋੜ ਅਤੇ ਸਰਕਾਰੀ ਸਕੂਲਾਂ ਵੱਲ 10 ਕਰੋੜ ਦੇ ਬਿਜਲੀ ਬਕਾਏ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ