ਸਮਾਰਟ ਸਿਟੀ : ਘੰਟਾਘਰ ਤੋਂ ਹੋਵੇਗੀ ਵਿਰਾਸਤ ਸੰਭਾਲਣ ਦੀ ਸ਼ੁਰੂਆਤ
Saturday, Dec 16, 2017 - 11:46 AM (IST)

ਲੁਧਿਆਣਾ (ਹਿਤੇਸ਼)-ਸਮਾਰਟ ਸਿਟੀ ਮਿਸ਼ਨ ਤਹਿਤ ਵਿਰਾਸਤ ਸੰਭਾਲਣ ਬਾਰੇ ਬਣਾਈ ਗਈ ਯੋਜਨਾ ਦੀ ਸ਼ੁਰੂਆਤ ਘੰਟਾਘਰ ਤੋਂ ਕੀਤੀ ਜਾਵੇਗੀ, ਜਿਸ ਸਬੰਧੀ ਰਿਪੋਰਟ ਤਿਆਰ ਕਰਨ ਦੀ ਹਰੀ ਝੰਡੀ ਸਲਾਹਕਾਰ ਕੰਪਨੀ ਨੂੰ ਦੇ ਦਿੱਤੀ ਗਈ ਹੈ।
ਇਸ ਸਬੰਧੀ 'ਜਗ ਬਾਣੀ' ਨੇ ਪਹਿਲਾਂ ਹੀ ਆਪਣੇ ਪਾਠਕਾਂ ਨੂੰ ਜਾਣੂ ਕਰਵਾ ਦਿੱਤਾ ਸੀ ਕਿ ਲਖਨਊ ਤੇ ਆਗਰਾ ਵਿਚ ਵਿਰਾਸਤ ਸੰਭਾਲਣ ਦਾ ਕੰਮ ਕਰ ਰਹੀ ਕੰਪਨੀ ਆਈਕਾਮਸ ਨੇ ਸਮਾਰਟ ਸਿਟੀ ਮਿਸ਼ਨ ਤਹਿਤ ਲੁਧਿਆਣਾ ਨੂੰ ਅਡਾਪਟ ਕਰਨ ਦੀ ਪੇਸ਼ਕਸ਼ ਕੀਤੀ ਹੈ, ਜਿਸ ਕੰਪਨੀ ਦੇ ਨੁਮਾਇੰਦਿਆਂ ਨੇ ਹੁਣ ਤੱਕ ਕੀਤੇ ਹੋਏ ਆਪਣੇ ਕੰਮਾਂ ਨੂੰ ਲੈ ਕੇ ਵੀਰਵਾਰ ਨੂੰ ਨਗਰ ਨਿਗਮ ਅਫਸਰਾਂ ਦੇ ਸਾਹਮਣੇ ਪ੍ਰੈਜ਼ੈਂਟੇਸ਼ਨ ਦਿੱਤੀ, ਜਿਸ ਵਿਚ ਦੱਸਿਆ ਗਿਆ ਕਿ ਕਿਵੇਂ ਪੁਰਾਣੇ ਢਾਂਚੇ ਨੂੰ ਤੋੜੇ ਬਿਨਾਂ ਕਿਸੇ ਇਤਿਹਾਸਕ ਇਮਾਰਤਾਂ ਨੂੰ ਚਾਰ ਚੰਦ ਲਾਏ ਜਾ ਸਕਦੇ ਹਨ। ਕੰਪਨੀ ਵੱਲੋਂ ਘੰਟਾਘਰ ਤੋਂ ਸ਼ੁਰੂਆਤ ਕਰਨ ਦੀ ਸਹਿਮਤੀ ਬਣੀ, ਜਿਸ ਨੂੰ ਲਾਈਟਿੰਗ ਰਾਹੀਂ ਮਨਮੋਹਕ ਬਣਾਉਣ ਦੇ ਪ੍ਰਸਤਾਵ 'ਤੇ ਮੁੱਖ ਰੂਪ ਨਾਲ ਚਰਚਾ ਹੋਈ ਹੈ।
ਲੋਧੀ ਕਿਲੇ ਤੋਂ ਇਲਾਵਾ ਮੁਗਲ ਸਰਾਵਾਂ ਵੀ ਪ੍ਰਸਤਾਵ 'ਚ ਸ਼ਾਮਲ
ਕੰਪਨੀ ਨੇ ਸਭ ਤੋਂ ਪਹਿਲਾਂ ਲੋਧੀ ਦੇ ਪੁਰਾਣੇ ਕਿਲੇ ਨੂੰ ਹੱਥ ਵਿਚ ਲੈਣ ਦੀ ਪੇਸ਼ਕਸ਼ ਕੀਤੀ ਸੀ ਕਿਉਂਕਿ 14ਵੀਂ ਸਦੀ 'ਚ ਬਣੇ ਇਸ ਕਿਲੇ ਦੀ ਪਛਾਣ ਲੁਧਿਆਣਾ ਦੇ ਨਾਂ ਨਾਲ ਜੁੜੀ ਹੋਈ ਹੈ ਪਰ ਉਹ ਜਗ੍ਹਾ ਹੁਣ ਕਬਜ਼ਿਆਂ ਦੀ ਲਪੇਟ ਵਿਚ ਆਉਣ ਸਮੇਤ ਖੰਡਰ ਦਾ ਰੂਪ ਧਾਰਨ ਕਰਨ ਲੱਗੀ ਹੈ, ਜਿਥੇ ਲਾਈਟ ਅਤੇ ਸਾਊਂਡ ਸ਼ੋਅ ਕਰ ਕੇ ਉਸ ਨੂੰ ਪਿਕਨਿਕ ਸਪਾਟ ਵਜੋਂ ਵਿਕਸਿਤ ਕਰਨ ਦਾ ਪ੍ਰਸਤਾਵ ਹੈ। ਇਹੀ ਯੋਜਨਾ ਦੋਰਾਹਾ ਨੇੜੇ ਸਥਿਤ ਮੁਗਲ ਸਰਾਵਾਂ ਨੂੰ ਲੈ ਕੇ ਬਣਾਉਣ ਦਾ ਸੁਝਾਅ ਕੰਪਨੀ ਨੇ ਨਿਗਮ ਨੂੰ ਦਿੱਤਾ ਹੈ।
ਟੂਰਿਸਟ ਪਲੇਸ ਵਜੋਂ ਵਿਕਸਿਤ ਹੋਣਗੇ ਟਾਈਗਰ ਸਫਾਰੀ ਤੇ ਡਿਅਰ ਪਾਰਕ
ਕੰਪਨੀ ਨੇ ਜਲੰਧਰ ਬਾਈਪਾਸ ਸਥਿਤ ਟਾਈਗਰ ਸਫਾਰੀ ਅਤੇ ਨੀਲੋਂ ਨਹਿਰ ਦੇ ਨਾਲ ਬਣੇ ਡਿਅਰ ਪਾਰਕ ਨੂੰ ਸਮਾਰਟ ਸਿਟੀ ਦਾ ਹਿੱਸਾ ਬਣਾਉਣ ਦਾ ਸੁਝਾਅ ਦਿੱਤਾ ਹੈ, ਜਿਸ ਨੂੰ ਟੂਰਿਸਟ ਪਲੇਸ ਵਜੋਂ ਡਿਵੈੱਲਪ ਕੀਤਾ ਜਾ ਸਕਦਾ ਹੈ।
ਇਹ ਵੀ ਹੋਣਗੇ ਕੰਮ
ਸਿਟੀ ਇਨਫਾਰਮੇਸ਼ਨ ਸੈਂਟਰ ਦੀ ਸਥਾਪਨਾ
ਪ੍ਰਮੁੱਖ ਪੁਆਇੰਟਾਂ 'ਤੇ ਲਾਈਟਿੰਗ
ਇਤਿਹਾਸਕ ਮੂਰਤੀਆਂ ਦੀ ਸਥਾਪਨਾ
ਵੱਡੇ ਪਾਰਕਾਂ ਦੀ ਕਾਇਆਕਲਪ