ਦਾਣਾ ਮੰਡੀ ਸਨੌਰ ''ਚ ਮਜ਼ਦੂਰਾਂ ਤੇ ਠੇਕੇਦਾਰਾਂ ਹੜਤਾਲ ਕਰ ਕੇ ਕੀਤੀ ਨਾਅਰੇਬਾਜ਼ੀ
Friday, Oct 06, 2017 - 06:50 AM (IST)

ਪਟਿਆਲਾ/ਸਨੌਰ, (ਜੋਸਨ)- ਦਾਣਾ ਮੰਡੀ ਸਨੌਰ ਵਿਚ ਮਜ਼ਦੂਰਾਂ ਤੇ ਠੇਕੇਦਾਰਾਂ ਨੇ ਝਾਰ ਲਾਉਣ ਦਾ ਰੇਟ ਪੂਰਾ ਨਾ ਮਿਲਣ ਨੂੰ ਲੈ ਕੇ ਆੜ੍ਹਤੀਆਂ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਹੜਤਾਲ ਕਰ ਦਿੱਤੀ। ਇਸ ਨਾਲ ਦਾਣਾ ਮੰਡੀ ਦਾ ਕੰਮ ਵੱਡੀ ਪੱਧਰ 'ਤੇ ਪ੍ਰਭਾਵਿਤ ਹੋਇਆ। ਇਸ ਮੌਕੇ ਨੇਤਾਵਾਂ ਨੇ ਕਿਹਾ ਕਿ ਦਿਨ-ਰਾਤ ਕੰਮ ਕਰ ਕੇ ਵੀ ਸਾਨੂੰ ਮਿਹਨਤਾਨਾ ਪੂਰਾ ਨਹੀਂ ਮਿਲਦਾ। ਸਰਕਾਰ ਵੱਲੋਂ ਜੋ ਝਾਰ ਲਾਉਣ ਦਾ ਰੇਟ ਨਿਰਧਾਰਿਤ ਕੀਤਾ ਗਿਆ, ਉਹ 3 ਰੁਪਏ 75 ਪੈਸੇ ਹੈ। ਇਹ ਰੇਟ ਇੱਥੇ ਆੜ੍ਹਤੀਆਂ ਦੁਆਰਾ ਨਹੀਂ ਦਿੱਤਾ ਜਾ ਰਿਹਾ ਹੈ। ਸਾਨੂੰ ਸਿਰਫ਼ 2 ਰੁਪਏ 50 ਪੈਸੇ ਦੇ ਹਿਸਾਬ ਨਾਲ ਪ੍ਰਤੀ ਬੋਰੀ ਰੇਟ ਦਿੱਤਾ ਜਾਂਦਾ ਹੈ। ਇਸ ਕਾਰਨ ਲੇਬਰ ਠੇਕੇਦਾਰਾਂ 'ਤੇ ਤਰ੍ਹਾਂ-ਤਰ੍ਹਾਂ ਦੇ ਇਲਜ਼ਾਮ ਲਗਦੇ ਹਨ ਅਤੇ ਕੰਮ ਨਾ ਕਰਨ ਦੀ ਗੱਲ ਕਰਦੇ ਹਨ। ਜਦੋਂ ਅਸੀਂ ਲੋਕਾਂ ਨੇ ਆੜ੍ਹਤੀਆਂ ਨਾਲ ਰੇਟ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਰੇਟ ਨਹੀਂ ਵਧਾਵਾਂਗੇ। ਕੰਮ ਕਰਨਾ ਹੈ ਤਾਂ ਕਰੋ, ਨਹੀਂ ਤਾਂ ਭੱਜ ਜਾਓ। ਠੇਕੇਦਾਰਾਂ ਨੇ ਆੜ੍ਹਤੀਆਂ 'ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਜਦੋਂ ਸਰਕਾਰ ਵੱਲੋਂ ਝਾਰ ਲਾਉਣ ਦਾ ਰੇਟ ਪੂਰਾ ਦਿੱਤਾ ਜਾਂਦਾ ਹੈ ਤਾਂ ਉਹੀ ਆੜ੍ਹਤੀਏ ਸਾਨੂੰ ਘੱਟ ਪੈਸੇ ਕਿਉਂ ਦਿੰਦੇ ਹਨ?
ਠੇਕੇਦਾਰਾਂ ਤੇ ਮਜ਼ਦੂਰਾਂ ਦਾ ਕਹਿਣਾ ਹੈ ਕਿ ਮਹਿੰਗਾਈ ਪਹਿਲਾਂ ਹੀ ਗਰੀਬਾਂ ਦੀ ਕਮਰ ਤੋੜ ਰਹੀ ਹੈ। ਉਸ ਦੇ ਬਾਵਜੂਦ ਆੜ੍ਹਤੀਆਂ ਦਾ ਸਾਡੇ ਗਰੀਬਾਂ 'ਤੇ ਅੱਤਿਆਚਾਰ ਕਰਨਾ ਹੁਣ ਸਹਿਣ ਨਹੀਂ ਕਰਾਂਗੇ। ਅਸੀਂ ਆਪਣਾ ਹੱਕ ਲੈ ਕੇ ਰਹਾਂਗੇ। ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਹਾਂ ਜੋ ਰੇਟ ਸਰਕਾਰ ਨੇ ਸਾਡੇ ਲਈ ਨਿਰਧਾਰਿਤ ਕੀਤਾ ਹੈ, ਉਹ ਮਜ਼ਦੂਰਾਂ ਨੂੰ ਮਿਲਣਾ ਚਾਹੀਦਾ ਹੈ। ਇਸ ਮੌਕੇ ਸੁਨੀਲ ਕੁਮਾਰ, ਫੂਲ ਚੰਦ, ਰਾਜਕੁਮਾਰ, ਪਵਨ, ਮੋਨੋਂ ਸਿੰਘ, ਹੇਰੀ ਤੇ ਸੰਜੂ ਕੁਮਾਰ ਦੇ ਇਲਾਵਾ ਵੱਡੀ ਗਿਣਤੀ ਵਿਚ ਮਜ਼ਦੂਰ ਮੌਜੂਦ ਸਨ। ਠੇਕੇਦਾਰ ਸੱਤਪਾਲ ਨੇ ਦੱਸਿਆ ਕਿ ਆੜ੍ਹਤੀਏ ਰਾਜ ਬਾਬੂ, ਧਰਮਪਾਲ ਅਤੇ ਨਰੇਸ਼ ਗੋਇਲ ਪ੍ਰਧਾਨ ਦੇ ਭਰੋਸਾ ਦਿਵਾਉਣ 'ਤੇ ਅਸੀਂ ਕੰਮ ਸ਼ੁਰੂ ਕਰ ਦਿੱਤਾ ਹੈ। ਜੇਕਰ ਸਾਨੂੰ ਸਰਕਾਰੀ ਰੇਟ ਮੁਤਾਬਿਕ ਰੇਟ ਨਾ ਮਿਲਿਆ ਤਾਂ ਅਸੀਂ ਕੱਲ ਫਿਰ ਤੋਂ ਹੜਤਾਲ ਕਰਾਂਗੇ। ਦਾਣਾ ਮੰਡੀ ਦੇ ਪ੍ਰਧਾਨ ਨਰੇਸ਼ ਗੋਇਲ ਨਾਲ ਜਦੋਂ ਇਸ ਬਾਰੇ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਕਾਰੀ ਰੇਟ ਜੋ ਵੀ ਹੋਵੇਗਾ, ਉਹੀ ਦਿੱਤਾ ਜਾਵੇਗਾ।