ਮਜ਼ਦੂਰੀ ਨਾ ਮਿਲਣ ਕਾਰਨ ਭੜਕੇ ਮਗਨਰੇਗਾ ਮਜ਼ਦੂਰਾਂ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ
Wednesday, Dec 06, 2017 - 10:22 AM (IST)
ਦੋਦਾ (ਨੇਕੀ) - ਪਿੰਡ ਗੁਰੂਸਰ ਵਿਖੇ ਮਗਨਰੇਗਾ ਯੂਨੀਅਨ ਦੇ ਪ੍ਰਧਾਨ ਮਿੱਠੂ ਸਿੰਘ ਦੀ ਅਗਵਾਈ ਹੇਠ ਇਕੱਠੇ ਹੋਏ ਮਜ਼ਦੂਰਾਂ ਨੇ ਮਜ਼ਦੂਰੀ ਨਾ ਮਿਲਣ ਕਾਰਨ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿੰਡ 'ਚ ਪਿਛਲੇ 5 ਮਹੀਨਿਆਂ ਤੋਂ ਸਾਨੂੰ ਕੀਤੇ ਗਏ ਕੰਮ ਦੀ ਕੌਡੀ ਨਹੀਂ ਨਸੀਬ ਹੋਈ । ਕੁਝ ਮਜ਼ਦੂਰਾਂ ਨੂੰ ਦੋ ਸਾਲਾਂ ਤੋਂ ਉਜਰਤ ਨਹੀਂ ਮਿਲੀ ਕਿਉਂਕਿ ਹਰ ਵਾਰ ਇਹ ਕਹਿ ਕੇ ਮੋੜ ਦਿੱਤਾ ਜਾਂਦਾ ਹੈ ਕਿ ਤੁਹਾਡੇ ਅੰਗੂਠੇ ਸਹੀ ਨਹੀਂ ਹਨ, ਜਿਸ ਕਾਰਨ ਸਾਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਨਾ ਹੀ ਹੁਣ ਸਾਨੂੰ ਕੰਮ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਅਸੀਂ ਫਾਕੇ ਕੱਟਣ ਲਈ ਮਜਬੂਰ ਹੋਏ ਬੈਠੇ ਹਾਂ। ਉਨ੍ਹਾਂ ਗਿਲਾ ਜ਼ਾਹਿਰ ਕੀਤਾ ਕਿ ਕੰਮ ਸ਼ੁਰੂ ਕਰਵਾਉਣ ਲਈ ਸਾਡੇ ਕੋਲੋਂ ਅਰਜ਼ੀਆਂ ਪੰਚਾਇਤ ਸਕੱਤਰ ਨਹੀਂ ਲੈ ਰਿਹਾ। ਮਜ਼ਦੂਰਾਂ ਨੇ ਮੰਗ ਕੀਤੀ ਹੈ ਕਿ ਸਾਨੂੰ ਸਾਡਾ ਮਿਹਨਤਾਨਾ ਦਿੱਤਾ ਜਾਵੇ ਅਤੇ ਨਾਲ ਹੀ ਸਾਨੂੰ ਕੰਮ ਦਿੱਤਾ ਜਾਵੇ ਤਾਂ ਜੋ ਸਾਨੂੰ ਪ੍ਰੇਸ਼ਾਨ ਨਾ ਹੋਣਾ ਪਵੇ। ਇਸ ਮੌਕੇ ਸੁਖਦੇਵ ਸਿੰਘ ਮੀਤ ਪ੍ਰਧਾਨ, ਮੇਜਰ ਸਿੰਘ, ਰਾਣੀ ਕੌਰ, ਜਸਵੀਰ ਕੌਰ, ਮੋਹਰ ਸਿੰਘ, ਛਿੰਦਰ ਕੌਰ, ਗੁਰਸੇਵਕ ਸਿੰਘ, ਦਰਸ਼ਨ ਸਿੰਘ, ਨਛੱਤਰ ਸਿੰਘ ਆਦਿ ਸਮੇਤ ਵੱਡੀ ਗਿਣਤੀ 'ਚ ਮਜ਼ਦੂਰ ਹਾਜ਼ਰ ਸਨ। ਇਸ ਸਬੰਧੀ ਜਦ ਬੀ. ਡੀ. ਪੀ. ਓ. ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਅੱਗੋਂ ਫੋਨ ਹੀ ਕੱਟ ਦਿੱਤਾ। ਉਧਰ, ਪਿੰਡ ਦੇ ਸਰਪੰਚ ਨਾਇਬ ਸਿੰਘ ਕਾਲਾ ਨੇ ਕਿਹਾ ਕਿ ਪੰਚਾਇਤ ਸਕੱਤਰ ਸਾਡੇ ਪਿੰਡ ਬਹੁਤ ਦਿਨਾਂ ਤੋਂ ਨਹੀਂ ਆ ਰਿਹਾ, ਜਿਸ ਕਾਰਨ ਸਮੱਸਿਆ ਆ ਰਹੀ ਹੈ ।
