ਨਿਗਮ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ
Sunday, Jun 11, 2017 - 07:20 AM (IST)
ਅੰਮ੍ਰਿਤਸਰ, (ਵੜੈਚ)- ਵਾਰਡ ਨੰ. 6 ਦੇ ਇਲਾਕੇ ਗਲੀ ਮੰਦਰ ਵਾਲੀ ਨਜ਼ਦੀਕ ਗੁਰਦੁਆਰਾ ਸਾਹਿਬ ਨਵੀਂ ਆਬਾਦੀ ਚੌਕ ਵਿਖੇ ਕਈ ਦਿਨਾਂ ਤੋਂ ਦੂਸ਼ਿਤ ਪਾਣੀ ਦੀ ਸਪਲਾਈ ਤੋਂ ਦੁਖੀ ਇਲਾਕਾ ਨਿਵਾਸੀਆਂ ਨੇ ਨਿਗਮ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ।
ਇਲਾਕਾ ਨਿਵਾਸੀਆਂ ਬਾਬਾ ਮੇਹਰ ਸਿੰਘ, ਸੁਰਿੰਦਰ ਸਿੰਘ, ਬੂਟਾ ਸਿੰਘ, ਸਤਪਾਲ ਸਿੰਘ, ਰਵੀ ਕੁਮਾਰ, ਜਰਮਨਜੀਤ ਸਿੰਘ ਤੇ ਬਲਦੇਵ ਸਿੰਘ ਨੇ ਕਿਹਾ ਕਿ ਇਲਾਕੇ ਵਿਚ ਸੀਵਰੇਜ ਅਕਸਰ ਬੰਦ ਰਹਿੰਦੇ ਹਨ, ਜਿਸ ਕਰ ਕੇ ਸੀਵਰੇਜ ਦਾ ਗੰਦਾ ਤੇ ਬਦਬੂਦਾਰ ਪਾਣੀ ਵਾਟਰ ਸਪਲਾਈ ਦੀਆਂ ਪਾਈਪਾਂ ਵਿਚ ਮਿਲ ਕੇ ਘਰਾਂ ਦੀਆਂ ਟੂਟੀਆਂ ਤੱਕ ਆ ਜਾਂਦਾ ਹੈ। ਦੂਸ਼ਿਤ ਪਾਣੀ ਦੇ ਸੇਵਨ ਨਾਲ ਲੋਕ ਉਲਟੀਆਂ ਤੇ ਦਸਤ ਦੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਗਏ ਹਨ। ਇਸ ਇਲਾਕੇ ਵਿਚ ਕੌਂਸਲਰ ਦੇ ਰਹਿਣ ਦੇ ਬਾਵਜੂਦ ਮੁਸ਼ਕਿਲ ਦਾ ਹੱਲ ਨਹੀਂ ਕੱਢਿਆ ਗਿਆ ਅਤੇ ਨਿਗਮ ਅਧਿਕਾਰੀਆਂ ਨੂੰ ਸੂਚਿਤ ਕਰਨ ਉਪਰੰਤ ਕਰਮਚਾਰੀ ਆਏ ਪਰ ਮੁਸ਼ਕਿਲ ਦਾ ਹੱਲ ਨਹੀਂ ਕੀਤਾ ਗਿਆ। ਕਈ ਪਰਿਵਾਰ ਮੁੱਲ ਦਾ ਪਾਣੀ ਲਿਆ ਕੇ ਖਾਣ-ਪੀਣ ਦਾ ਸਾਮਾਨ ਤਿਆਰ ਕਰਨ ਲਈ ਮਜਬੂਰ ਹਨ। ਲੋਕ ਦੂਸਰੇ ਇਲਾਕੇ ਤੋਂ ਬਰਤਨਾਂ ਵਿਚ ਪਾਣੀ ਲਿਆ ਰਹੇ ਹਨ।
ਉਨ੍ਹਾਂ ਕਿਹਾ ਕਿ ਐੱਮ. ਐੱਲ. ਏ. ਸੁਨੀਲ ਦੱਤੀ ਨੇ ਇਲਾਕੇ ਦਾ ਦੌਰਾ ਕਰਦਿਆਂ ਹਫਤੇ ਵਿਚ ਮੁਸ਼ਕਿਲਾਂ ਹੱਲ ਕਰਨ ਦੇ ਹੁਕਮ ਦਿੱਤੇ ਸਨ ਪਰ ਮੁਸ਼ਕਿਲ ਠੀਕ ਹੋਣਾ ਤਾਂ ਦੂਰ ਦੀ ਗੱਲ, ਲੋਕ ਹੋਰ ਵੱਧ ਮੁਸ਼ਕਿਲਾਂ ਦਾ ਸ਼ਿਕਾਰ ਹੋ ਗਏ ਹਨ। ਇਲਾਕਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਇਲਾਕੇ ਵਿਚ ਸਾਫ ਪਾਣੀ ਛੇਤੀ ਮੁਹੱਈਆ ਨਾ ਕਰਵਾਇਆ ਗਿਆ ਤਾਂ ਉਹ ਸੜਕ ਜਾਮ ਕਰਨ ਲਈ ਮਜਬੂਰ ਹੋਣਗੇ।
