ਨਸ਼ਾ-ਛੁਡਾਊ ਕੇਂਦਰ ਦੇ ਮੁਖੀ ਵਿਰੁੱਧ ਨਾਅਰੇਬਾਜ਼ੀ

07/25/2017 4:07:01 AM

ਅੰਮ੍ਰਿਤਸਰ,   (ਦਲਜੀਤ)-  ਸਰਕਾਰੀ ਸਵਾਮੀ ਵਿਵੇਕਾਨੰਦ ਨਸ਼ਾ-ਛੁਡਾਊ ਕੇਂਦਰ ਦੇ ਮੁਖੀ ਡਾ. ਪੀ. ਡੀ. ਗਰਗ ਮੁਰਦਾਬਾਦ ਦੇ ਨਾਅਰਿਆਂ ਨਾਲ ਅੱਜ ਗੁਰੂ ਨਾਨਕ ਦੇਵ ਹਸਪਤਾਲ ਅਤੇ ਮੈਡੀਕਲ ਕਾਲਜ ਕੰਪਲੈਕਸ ਗੂੰਜ ਉੱਠਿਆ। ਨੌਕਰੀ ਤੋਂ ਕੱਢੇ ਗਏ 16 ਕਰਮਚਾਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਦੀ ਅਗਵਾਈ ਵਿਚ ਡਾ. ਪੀ. ਡੀ. ਗਰਗ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਯੂਨੀਅਨ ਨੇ ਕਾਲਜ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਦੀਆਂ ਸੇਵਾਵਾਂ ਤੁਰੰਤ ਬਹਾਲ ਨਾ ਕੀਤੀਆਂ ਗਈਆਂ ਤਾਂ ਜ਼ਿਲੇ ਭਰ ਵਿਚ ਸਿਹਤ ਸੇਵਾਵਾਂ ਠੱਪ ਕਰ ਦਿੱਤੀਆਂ ਜਾਣਗੀਆਂ।
ਨਹੀਂ ਵੜਨ ਦਿੱਤਾ ਕਰਮਚਾਰੀਆਂ ਨੂੰ ਕੇਂਦਰ 'ਚ
ਜਾਣਕਾਰੀ ਅਨੁਸਾਰ ਕੇਂਦਰ ਦੇ ਮੁਖੀ ਡਾ. ਪੀ. ਡੀ. ਗਰਗ ਵੱਲੋਂ ਪਿਛਲੇ ਕਈ ਸਾਲਾਂ ਤੋਂ ਕੇਂਦਰ ਵਿਚ ਕੰਮ ਕਰ ਰਹੇ 16 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਸੀ। ਕਰਮਚਾਰੀਆਂ ਨੂੰ ਨਾ ਤਾਂ ਨੋਟਿਸ ਜਾਰੀ ਕੀਤੇ ਗਏ ਅਤੇ ਨਾ ਹੀ ਨੌਕਰੀ ਤੋਂ ਕੱਢੇ ਜਾਣ ਦਾ ਠੋਸ ਕਾਰਨ ਦੱਸਿਆ ਗਿਆ।  ਕੇਂਦਰ ਵਿਚ ਵਿੱਤੀ ਸੰਕਟ ਹੋਣ ਦੇ ਨਾਂ 'ਤੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ।  ਨੌਕਰੀ ਤੋਂ ਕੱਢੇ ਗਏ ਕਰਮਚਾਰੀਆਂ ਨੂੰ ਰੋਜ਼ੀ-ਰੋਟੀ ਦੇ ਲਾਲੇ ਪਏ ਹੋਏ ਹਨ। ਕਰਮਚਾਰੀ ਅੱਜ ਆਪਣੇ ਪਰਿਵਾਰਕ ਮਂੈਬਰਾਂ  ਦੇ ਨਾਲ ਉਕਤ ਯੂਨੀਅਨ ਦੀ ਅਗਵਾਈ ਵਿਚ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਪੁੱਜੇ ਤਾਂ ਉਥੇ ਕਰਮਚਾਰੀਆਂ ਨੂੰ ਅੰਦਰ ਦਾਖਲ ਨਹੀਂ ਹੋਣ ਦਿੱਤਾ ਅਤੇ ਗੇਟ ਬੰਦ ਕਰ ਦਿੱਤਾ ਗਿਆ। ਕਰਮਚਾਰੀਆਂ ਨੇ ਇਸ ਦਾ ਵਿਰੋਧ ਕਰਦੇ ਹੋਏ ਮੈਡੀਕਲ ਕਾਲਜ ਹਸਪਤਾਲ ਵਿਚ ਰੱਜ ਕੇ ਰੋਸ ਪ੍ਰਦਰਸ਼ਨ ਕੀਤਾ।
ਕਰਮਚਾਰੀਆਂ ਨੂੰ ਕੀਤਾ ਜਾ ਰਿਹੈ ਮਾਨਸਿਕ ਤੌਰ 'ਤੇ ਪ੍ਰੇਸ਼ਾਨ
ਤਾਲਮੇਲ ਕਮੇਟੀ ਪੈਰਾਮੈਡੀਕਲ ਅਤੇ ਸਿਹਤ ਕਰਮਚਾਰੀ ਪੰਜਾਬ ਯੂਨੀਅਨ ਦੇ ਨੇਤਾ ਨਰਿੰਦਰ ਸਿੰਘ, ਰਾਜ ਬੇਦੀ ਆਨੰਦ,  ਪ੍ਰੇਮਚੰਦ ਅਤੇ ਗੁਰਦੀਪ ਸਿੰਘ ਨੇ ਕਿਹਾ ਕਿ ਕੇਂਦਰ ਦੇ ਮੁਖੀ ਡਾ. ਗਰਗ ਤਾਨਾਸ਼ਾਹੀ ਹਕੂਮਤ ਚਲਾ ਰਹੇ ਹਨ। ਬਿਨਾਂ ਗੱਲ ਦੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਰਹੇ ਹਨ। ਕਰਮਚਾਰੀਆਂ ਉੱਪਰ ਗਲਤ ਦੋਸ਼ ਲਗਾ ਕੇ ਉਨ੍ਹਾਂ ਨੂੰ ਮਾਨਸਿਕ ਪ੍ਰੇਸ਼ਾਨ ਕਰ ਰਹੇ ਹਨ। ਮਜੀਠਾ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਨਸ਼ਾ ਛੁਡਾਊ ਕੇਂਦਰ ਨੂੰ ਲਾਭ ਦੇਣ ਲਈ ਕੰਮ ਕੀਤਾ ਜਾ ਰਿਹਾ ਹੈ। ਸਿਆਸੀ ਆਗੂਆਂ ਦੇ ਚਹੇਤਿਆਂ ਨੂੰ ਕੇਂਦਰ ਵਿਚ ਨੌਕਰੀ 'ਤੇ ਰੱਖਿਆ ਗਿਆ ਹੈ ਜਦੋਂ ਕਿ ਜਿਨ੍ਹਾਂ ਦੀ ਕੋਈ ਰਾਜਨੀਤਕ ਸਿਫਾਰਿਸ਼ ਨਹੀਂ ਹੈ ਉਨ੍ਹਾਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ। ਕੇਂਦਰ ਵਿਚ ਵੱਡੇ ਪੱਧਰ 'ਤੇ ਲੰਬੇ ਸਮੇਂ ਤੋਂ ਲੱਗੇ ਡਾ. ਗਰਗ ਵੱਲੋਂ ਦਵਾਈਆਂ ਦੀ ਖਰੀਦੋ-ਫਰੋਖਤ ਵਿਚ ਗੜਬੜੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਛੇਤੀ ਕਰਮਚਾਰੀਆਂ ਦੀਆਂ ਸੇਵਾਵਾਂ ਬਹਾਲ ਨਾ ਕੀਤੀਆਂ ਗਈਆਂ ਤਾਂ ਜ਼ਿਲੇ ਭਰ ਵਿਚ ਸਿਹਤ ਸੇਵਾਵਾਂ ਠੱਪ ਕਰ ਦਿੱਤੀਆਂ ਜਾਣਗੀਆਂ।
ਮਾਮਲੇ ਦੀ ਡੂੰਘਾਈ ਨਾਲ ਕਰਾਂਗੇ ਜਾਂਚ : ਡਾ. ਤੇਜਬੀਰ
ਮੈਡੀਕਲ ਕਾਲਜ ਦੇ ਪ੍ਰਿੰਸੀਪਲ ਡਾ. ਤੇਜਬੀਰ ਨਾਲ ਇਸ ਸਬੰਧੀ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਯੂਨੀਅਨ ਵੱਲੋਂ ਉਨ੍ਹਾਂ ਨੂੰ ਅੱਜ ਮੰਗ-ਪੱਤਰ ਦਿੱਤਾ ਗਿਆ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਯੂਨੀਅਨ ਨੂੰ ਭਰੋਸਾ ਦਿਵਾਇਆ ਗਿਆ ਹੈ ਕਿ ਨਸ਼ਾ ਛੁਡਾਊ ਕੇਂਦਰ ਦੀ ਕੌਂਸਲ ਨਿਯਮਾਂ ਅਨੁਸਾਰ ਅਤੇ ਪਾਰਦਰਸ਼ਿਤਾ ਦੇ ਤਹਿਤ ਕੰਮ ਕਰੇਗੀ।  ਮਾਮਲੇ ਦੀ ਜਾਂਚ ਤੱਕ ਕੇਂਦਰ ਵਲੋਂ ਕੋਈ ਵੀ ਕਰਮਚਾਰੀ ਨੌਕਰੀ ਤੋਂ ਨਹੀਂ ਕੱਢਿਆ ਜਾਵੇਗਾ । 
ਸਾਰੇ ਦੋਸ਼ ਝੂਠ ਦਾ ਪੁਲੰਦਾ : ਡਾ. ਗਰਗ
ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ. ਪੀ. ਡੀ. ਗਰਗ ਨੇ ਕਿਹਾ ਕਿ ਉਨ੍ਹਾਂ 'ਤੇ ਜੋ ਦੋਸ਼ ਲਗਾਏ ਗਏ ਹਨ ਉਹ ਝੂਠੇ ਅਤੇ ਬੇਬੁਨਿਆਦ ਹਨ। ਕੇਂਦਰ ਦੇ ਕਰਮਚਾਰੀ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵਾਂਗ ਹਨ। ਉਨ੍ਹਾਂ ਨੇ ਕਦੇ ਕਿਸੇ ਨੂੰ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਨਹੀਂ ਕੀਤਾ। ਸਰਕਾਰ ਦੇ ਨਿਯਮਾਂ ਅਤੇ ਨਿਰਦੇਸ਼ਾਂ ਦੇ ਤਹਿਤ ਹੀ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਇਸ ਸਬੰਧੀ ਪਹਿਲਾਂ ਤੋਂ ਹੀ ਨੋਟਿਸ ਜਾਰੀ ਕੀਤੇ ਗਏ ਸਨ। 


Related News