ਹੁਣ 'ਆਕਾਸ਼ ਦੀ ਗੰਗਾ' ਅਤੇ 'ਧਰਤੀ ਦੀ ਗੰਗਾ' ਦੋਵੇਂ ਨਜ਼ਰ ਆਉਂਦੀਆਂ ਹਨ !

Thursday, Apr 23, 2020 - 05:17 PM (IST)

ਹਰਪ੍ਰੀਤ ਸਿੰਘ ਕਾਹਲੋਂ 

ਹੁਣ ਤਾਜ ਮਹਿਲ ਦਾ ਮਨਮੋਹਕ ਨਜ਼ਾਰਾ ਯਮੁਨਾ ਦੇ ਪਾਣੀ ਵਿਚ ਵਿਖਦਾ ਹੈ। ਪੰਛੀ ਆਪਣੇ ਅਨੰਦ ਨੂੰ ਮਾਣਦੇ ਹੋਏ ਚਹਿਲ ਪਹਿਲ ਕਰ ਰਹੇ ਹਨ। ਪੰਜਾਬ ਦੇ ਆਪਣੇ ਖੇਤਰੀ ਦਰਿਆ ਘੱਗਰ ਅਤੇ ਬੁੱਢਾ ਨਾਲ਼ੇ ਦੀ ਨੁਹਾਰ ਵੀ ਬਦਲ ਗਈ ਹੈ। ਜਿਹੜੇ ਸਰਕਾਰੀ ਦਾਅਵੇ ਕਹਿੰਦੇ ਸਨ ਕਿ ਗੰਗਾ 800 ਕਰੋੜ ਦੇ ਵੱਡੇ ਖਰਚ ਪ੍ਰਾਜੈਕਟਾਂ ਨਾਲ ਸਾਫ ਹੋਵੇਗੀ ਉਹ ਹੁਣ ਗੰਗਾ ਦਾ ਪਾਣੀ ਵੀ ਪੀ ਸਕਦੇ ਹਨ। ਕੋਰੋਨਾ ਮਹਾਮਾਰੀ ਦੇ ਇਸ ਸੰਕਟ ਵਿਚ ਕੁਦਰਤ ਨੇ ਸਾਨੂੰ ਸਾਡੀ ਬੌਧਿਕ ਬੇਈਮਾਨੀ ਦੇ ਦਰਸ਼ਨ ਕਰਵਾਏ ਹਨ। 

ਕੁਦਰਤ ਅੰਦਰ ਸਾਫ ਸ਼ੁੱਧ ਆਬੋ ਹਵਾ ਪਾਣੀ ਅਤੇ ਪ੍ਰਦੂਸ਼ਣ ਰਹਿਤ ਹਵਾ ਲਈ ਵੱਡੇ-ਵੱਡੇ ਪ੍ਰੋਜੈਕਟਾਂ ਦੀ ਨਹੀਂ ਸਮੂਹਿਕ ਜ਼ਿੰਮੇਵਾਰੀ ਦੀ ਲੋੜ ਹੈ। ਇਨ੍ਹਾਂ ਦਿਨਾਂ ਅੰਦਰ ਬਹੁਤ ਸਾਰੇ ਬੰਦੇ ਇਹ ਵੀ ਗੱਲ ਕਰਦੇ ਮਿਲਣਗੇ ਕਿ ਮਹੀਨੇ ਵਿਚ ਇਕ-ਦੋ ਦਿਨ ਦੀ ਇੰਜ ਦੀ ਤਾਲਾਬੰਦੀ ਪੂਰੀ ਦੁਨੀਆਂ ਵਿਚ ਇਕੋ ਵੇਲੇ ਇਕੋ ਸਮੇਂ ਹੋਣੀ ਚਾਹੀਦੀ ਹੈ।

ਹੁਣ ਅੰਬਰ ਗੰਧਲੇ ਨਹੀਂ ਹਨ ਅਤੇ ਸਾਨੂੰ ਸਾਫ਼ ਸਪੱਸ਼ਟ ਅੰਬਰਾਂ ’ਚ ਸੁਸ਼ੋਬਿਤ ਤਾਰੇ ਨਜ਼ਰ ਆਉਂਦੇ ਹਨ। ਨਹੀਂ ਤਾਂ ਇਕ ਵੇਲਾ ਸੀ ਨਾ ਤਾਂ ਅੰਬਰ ਦੀ ਆਕਾਸ਼ ਗੰਗਾ ਵਿਖਦੀ ਸੀ ਅਤੇ ਨਾ ਹੀ ਧਰਤੀ ਦੀ ਗੰਗਾ ਸਾਫ ਨਜ਼ਰ ਆਉਂਦੀ ਸੀ। ਹੁਣ ਅੰਬਰ ਅਤੇ ਧਰਤੀ ਦੀ ਗੰਗਾ ਸਾਨੂੰ ਸਾਫ਼ ਮਹਿਸੂਸ ਹੁੰਦੀ ਹੈ।

ਅਸੀਂ ਹੋਮੋਸੇਪੀਅਨਜ਼ ਨੇ ਵਾਧੂ ਜੀ ਦਾ ਜੰਜਾਲ ਕਰ ਛੱਡਿਆ ਹੈ। ਜ਼ਿੰਦਗੀ ਦਾ ਹੋਣਾ ਅਤੇ ਜ਼ਿੰਦਗੀ ਦਾ ਜਿਉਣਾ ਇਹਦੇ ਪਹਿਲੂ ਤਾਂ ਕੁਝ ਹੋਰ ਹਨ, ਬਾਕੀ ਤਾਂ ਮਨ ਦੇ ਗੁਲਾਮ ਸੰਵਾਦ ਹਨ, ਜਿਨ੍ਹਾਂ ਕਰਕੇ ਅਸੀਂ ਆਪਣੀ ਧਰਤੀ ਨੂੰ ਇੰਝ ਗਰਕ ਕਰ ਲਿਆ ਹੈ।

ਅਕਸਰ ਆਲੇ ਦੁਆਲੇ ਅਸਾਂ ਉਨ੍ਹਾਂ ਬੁਜ਼ਰਗਾਂ ਦੇ ਬੋਲ ਸੁਣੇ ਹੋਣੇ ਕਿ ਜ਼ਮਾਨਾ ਬਹੁਤ ਬਦਲ ਗਿਆ ਹੈ। ਸਾਡੀ ਕਲਾ,ਲੇਖਣੀ,ਸੰਗੀਤ ‘ਚ ਇਨ੍ਹਾਂ ਸਾਰੇ ਸੰਦਰਭਾਂ ਦੀ ਚਿੰਤਾ ਹੈ। ਇਮਤਿਆਜ਼ ਅਲੀ ਦੀ ਬਹੁਚਰਚਿਤ ਫ਼ਿਲਮ ਰਾਕਸਟਾਰ ਦਾ ਮੁੱਖ ਕਿਰਦਾਰ ਜਨਾਰਦਨ ਜਾਖੜ ਗਾਉਂਦਾ-ਗਾਉਂਦਾ ਪੁੱਛਦਾ ਹੈ ਕਿ ਪਤਾ ਹੈ ਇੱਥੇ ਇਕ ਜੰਗਲ ਹੁੰਦਾ ਸੀ। ਇਹ ਕਿਰਦਾਰ ਜਿਸ ਥਾਂ ਦਾ ਜ਼ਿਕਰ ਕਰਦਾ ਹੈ, ਉਹ ਕਨਾਟ ਪਲੇਸ ਦਿੱਲੀ ਹੈ। ਇਹਨੂੰ 1829 ‘ਚ ਰਾਬਰਟ ਰੱਸਲ ਨੇ ਡਿਜ਼ਾਇਨ ਕੀਤਾ ਸੀ।

ਪੜ੍ਹੋ ਇਹ ਵੀ ਖਬਰ - ਕੋਰੋਨਾ ਕਹਿਰ ਦੌਰਾਨ ਔਰਤ ਆਗੂਆਂ ਦੀ ਭੂਮਿਕਾ ਰਹੀ ਸ਼ਾਨਦਾਰ (ਵੀਡੀਓ)

ਪੜ੍ਹੋ ਇਹ ਵੀ ਖਬਰ - ਅਸਗ਼ਰ ਵਜਾਹਤ ਦੀ ਤਨਜ਼ ਸੁਣੋ, ਜ਼ਿੰਦਗੀ ਵਿਚ ਕੰਮ ਆਵੇਗੀ

ਕਹਿੰਦੇ ਹਨ ਕਿ ਇਸ ਥਾਂ ‘ਤੇ ਇਸ ਵੱਡੀ ਗੋਲ ਮਾਰਕਿਟ ਬਣਾਉਂਦਿਆਂ ਵੱਡਾ ਜੰਗਲ ਵੱਢ ਦਿੱਤਾ ਗਿਆ। ਰਾਕਸਟਾਰ ਇਸੇ ਦਾ ਜ਼ਿਕਰ ਕਰਦਾ ਹੈ।ਜੰਗਲ ਵੱਢਣ ਨਾਲ ਹਜ਼ਾਰਾਂ ਪੰਛੀ ਉੱਥੋਂ ਭੱਜ ਗਏ। ਕੰਕਰੀਟ ਦੇ ਇਨ੍ਹਾਂ ਜੰਗਲਾਂ ਨੇ ਬੰਦੇ ਨੂੰ ਕੁਦਰਤ ਤੋਂ ਦੂਰ ਵੀ ਕੀਤਾ ਹੈ ਅਤੇ ਬੰਦੇ ‘ਚੋਂ ਇਹ ਅਹਿਸਾਸ ਵੀ ਖਤਮ ਕਰ ਦਿੱਤਾ ਹੈ ਕਿ ਉਹ ਖੁਦ ਕੁਦਰਤ ਹੈ। ਬੰਦਾ ਪਦਾਰਥਾਂ ਦੁਆਲੇ ਘੁੰਮ ਰਿਹਾ ਹੈ। ਉਹ ਐਪ, ਗੈਜ਼ੇਟਸ, ਤਕਨੀਕ ਨਾਲ ਘਿਰਿਆ ਹੋਇਆ ਹੈ। ਉਹ ਨੂੰ ਜਾਪਦਾ ਹੈ ਕਿ ਉਹ ਸੱਭਿਅਕ ਹੈ। ਮਿੱਟੀ ਦੀ ਖੁਸ਼ਬੋ ਉਹ ਨੂੰ ਧੂੜ ਘੱਟਾ ਮਹਿਸੂਸ ਹੁੰਦਾ ਹੈ। ਹਰ ਪ੍ਰੋਡਕਟ ਹਰ ਇਸ਼ਤਿਹਾਰ ਬੰਦੇ ਦੇ ਈਕੋ ਫ੍ਰੈਂਡਲੀ ਸੁਭਾਅ, ਉਸ ਦੀ ਸਹਿਜਤਾ ‘ਤੇ ਹਮਲਾ ਹੈ। ਰਾਕਸਟਾਰ ਦਾ ਹੀ ਗੀਤ ਹੈ-

ਓ ਈਕੋ ਫ੍ਰੈਂਡਲੀ
ਨੇਚਰ ਕਾ ਰਕਸ਼ਕ,ਮੈਂ ਭੀ ਹੂੰ ਨੇਚਰ
ਰਿਵਾਜ਼ੋਂ ਸੇ,ਸਮਾਜੋਂ ਸੇ
ਕਿਉਂ ਤੂੰ ਕਾਟੇ ਮੁਝੇ
ਕਿਉਂ ਬਾਂਟੇ ਮੁਝੇ ਇਸ ਤਰ੍ਹਾਂ
ਕਿਉਂ ਸੱਚ ਕਾ ਸਬਕ ਸਿਖਾਏ
ਜਬ ਸੱਚ ਸੁਣ ਭੀ ਨਾ ਪਾਏ
ਸੱਚ ਕੋਈ ਬੋਲੇ ਤੋ ਤੂੰ ਨਿਯਮ ਕਾਨੂੰਨ ਬਤਾਏ
ਤੇਰਾ ਡਰ,ਤੇਰਾ ਪਿਆਰ,ਤੇਰੀ ਵਾਹ ਤੂੰ ਹੀ ਰੱਖ

ਦਸਤਾਵੇਜ਼ੀ ਫ਼ਿਲਮਸਾਜ਼ ਅਨਵਰ ਜਮਾਲ ਨੇ ਕਿਸਾਨ ਖੁਦਕੁਸ਼ੀਆਂ ‘ਤੇ ਹਾਰਵੈਸਟ ਆਫ ਗ੍ਰੀਫ (ਦੁੱਖਾਂ ਦੀ ਫਸਲ) ਫਿਲਮ ਬਣਾਈ ਹੈ। ਉਸ ਦੇ ਮੁਤਾਬਕ ‘ਵਿਕਾਸ’ ਨਾਮ ਦੇ ਸ਼ਬਦ ਨੇ ਬੰਦੇ ਨੂੰ ਹੋਰ ਪਾਸੇ ਮੋੜ ਦਿੱਤਾ ਹੈ। ਇਸ ‘ਚ ਬੰਦਾ ਛੇਤੀ ਤੋਂ ਛੇਤੀ ਨਿਚੋੜ ਲੈਣਾ ਚਾਹੁੰਦਾ ਹੈ। ਇਹ ਦੌੜ ਬੰਦੇ ਅੰਦਰੋਂ ਰੁੱਖ ਮਿੱਸੀ ਖਾਕੇ ਠੰਡਾ ਪਾਣੀ ਪੀਣ ਦੀ ਸਹਿਜਤਾ ਖਤਮ ਕਰ ਰਹੀ ਹੈ। ਅਸੀਂ ਮਿੱਟੀ ‘ਚੋਂ 30 ਕੁਇੰਟਲ, ਫਿਰ 35 ਕੁਇੰਟਲ, ਫਿਰ 40 ਕੁਇੰਟਲ ਝਾੜ ਲੈਂਦੇ ਲੈਂਦੇ ਨਹੀਂ ਸਮਝ ਰਹੇ ਕਿ ਇਹ ਦੋੜ ਕਿੱਥੇ ਮੁੱਕੇਗੀ ? ਹਰੀ ਕ੍ਰਾਂਤੀ, ਚਿੱਟੀ ਕ੍ਰਾਂਤੀ ਨੇ ਸਾਡੀ ਮਿੱਟੀ ਸਾਡੇ ਪਸ਼ੂਆਂ ਨੂੰ ਨਸ਼ੇੜੀ ਬਣਾਇਆ ਹੈ। ਇਸੇ ਨੁਕਤੇ ਨੂੰ ਵਾਤਾਵਰਨ ਮਾਹਰ ਡਾ. ਅਮਰ ਅਜ਼ਾਦ ਇੰਝ ਕਹਿੰਦੇ ਹਨ ਕਿ ਜਦੋਂ ਅਸੀਂ ਕਹਿੰਦੇ ਹਾਂ ਕਿ ਪੰਜਾਬ ਨਸ਼ੇੜੀ ਹੈ ਤਾਂ ਇਹ ਸਮਝ ਲਈਏ ਕਿ ਸਾਰਾ ਪੰਜਾਬ ਹੀ ਨਸ਼ੇੜੀ ਹੈ। ਉਹ ਜੋ ਨਸ਼ੇ ਦੇ ਆਦੀ ਹਨ ਅਤੇ ਉਹ ਜੋ ਇਸ ਦੇ ਆਦੀ ਨਹੀਂ ਹਨ, ਕਿਉਂਕਿ ਜ਼ਹਿਰ ਭਰਿਆ ਦੁੱਧ, ਜ਼ਹਿਰੀ ਖੁਰਾਕ ਹੀ ਅਸੀਂ ਖਾ ਰਹੇ ਹਾਂ। ਕੁਝ ਵੀ ਆਰਗੈਨਿਕ ਨਹੀਂ ਰਹਿ ਰਿਹਾ।
ਸੋ ਸਮਝ ਲਈਏ ਕਿ ਸਾਡੀਆਂ ਕਹਾਵਤਾਂ ਹੁਣ ਮਰਨ ਕੰਢੇ ਖੜ੍ਹੀਆਂ ਹਨ। ਜੇਹਾ ਪਾਣੀ ਤੇਹਾ ਪ੍ਰਾਣੀ,ਜੇਹਾ ਦੁੱਧ ਤੇਹੀ ਬੁੱਧ ਜੇ ਇਹ ਇੰਝ ਹੈ ਤਾਂ ਅਸੀਂ ਮਹਿਸੂਸ ਕਰੀਏ ਕਿ ਅਸੀਂ ਕੀ ਗਵਾਇਆ ਅਤੇ ਕੀ ਲੱਭਿਆ ਹੈ? ਅਸੀਂ ਬੰਦੇ ਅਤੇ ਜਾਨਵਰ ਦੇ ਰਿਸ਼ਤੇ ਨੂੰ ਖਤਮ ਕੀਤਾ ਹੈ। ਜਾਨਵਰ ਸਾਡੇ ਲਈ ਸਿਰਫ ਦੁੱਧ ਪੈਦਾ ਕਰਨ ਵਾਲਾ ਪ੍ਰੋਡਕਟ ਹੈ। ਹੁਣ ਕਿਹੜੀ ਮੱਝ ਸਾਡੀ ਲੰਮੋ ਤੇ ਕੋਈ ਕੱਟਾ ਸਾਡਾ ਗੱਗੂ ਹੈ ? ਅਸੀਂ ਪਾਣੀਆਂ ਨੂੰ ਪੀਰ ਮੰਨਦੇ ਸਾਂ। ਜਦੋਂ ਤੱਕ ਉਹ ਖ਼ਵਾਜ਼ਾ ਸੀ ਅਸੀਂ ਉਸ ਦੀ ਇੱਜ਼ਤ ਕਰਦੇ ਸਾਂ। ਸਾਡੀਆਂ ਕਹਾਣੀਆਂ ‘ਚ ਇਸ ਸਾਂਝ ਦਾ ਜ਼ਿਕਰ ਹੈ। ਕਿਸਾਨ ਨੇ ਹੱਲ ਵਾਹੁਣਾ ‘ਤੇ ਰੱਬ ਅੱਗੇ ਅਰਦਾਸ ਕਰਨੀ। ਇਹ ਅਰਦਾਸ ਸਿਰਫ ਸ਼ੁਕਰਾਣੇ ਦੀ ਸੀ। ਕਿਸਾਨ ਨੇ ਆਪਣੀ ਮਿਹਨਤ ਕਰਨੀ ਅਤੇ ਫਲ ਰੱਬ ‘ਤੇ ਛੱਡ ਦੇਣਾ। ਉਹਨੇ ਮਿੱਟੀ ‘ਤੇ ਹੱਕ ਨਹੀਂ ਜਤਾਇਆ। ਉਹਨੇ ਫਸਲ ਬੀਜਣੀ ਅਤੇ ਕੀੜਿਆਂ,ਪਤੰਗਿਆਂ,ਚਿੜੀਆਂ ਜਨੌਰਾਂ ਨੂੰ ਖਾਣ ਤੋਂ ਰੋਕਣਾ ਨਹੀਂ, ਕਿਉਂਕਿ ਉਹ ਜਾਣਦਾ ਸੀ ਕਿ ਇਹ ਧਰਤੀ ‘ਤੇ ਰਹਿਣ ਵਾਲੇ ਹਰ ਜਾਨਵਰ, ਜਨੌਰ ਅਤੇ ਬੰਦੇ ਦਾ ਬਰਾਬਰ ਹੱਕ ਹੈ। ਅਸੀਂ ਸਭ ਦੀ ਕੁਦਰਤ ਦੇ ਸਾਂਝੀਵਾਲਤਾ ਦੇ ਇਸ ਸਰਬ ਵਿਆਪੀ ਦਾਅਵੇ ਨੂੰ ਖਾਰਜ ਕੀਤਾ ਹੈ। ਸਾਨੂੰ ਵਹਿਮ ਹੈ ਕਿ ਇਹ ਧਰਤੀ ਸਿਰਫ ਬੰਦਿਆ ਲਈ ਹੈ। ਸਾਡੀਆਂ ਕੌਸ਼ਿਸ਼ਾਂ ਵੀ ਖੁਦ ਨੂੰ ਬਚਾਉਣ ਲਈ ਹਨ ਪਰ ਸੱਚ ਇਹ ਹੈ ਕਿ ਹੋ ਸਕਦਾ ਹੈ ਕਿ ਜਦੋਂ ਇਹ ਦੁਨੀਆਂ ਖਤਮ ਹੋਵੇ ਤਾਂ ਉਸ ‘ਚ ਬੰਦੇ ਦੀ ਨਸਲ ਖਤਮ ਹੋਵੇ ਪਰ ਕੋਈ ਹੋਰ ਜੀਵ ਜੰਤੂ ਬਚਿਆ ਰਹਿ ਜਾਵੇ।ਯਾਨਿ ਕਿ ਕੁਦਰਤ ਕਿਸੇ ਨਵੀਂ ਹੋਂਦ ਨੂੰ ਪੈਦਾ ਕਰੇਗੀ ਪਰ ਅਸੀਂ ਸਿਰਫ ਪਦਾਰਥਵਾਦੀ ਸੋਚਦੇ ਹਾਂ। ਇਹਨੇ ਆਰਗੈਨਿਕ ਖਾਕੇ ‘ਚ ਰਹਿਣ ਦੀ ਜ਼ੁਰੱਅਤ ਸਾਡੇ ‘ਚ ਨਹੀਂ ਹੈ।

ਜਾਨੇ ਤੇਰੇ ਸ਼ਹਿਰ ਕਾ ਕਿਆ ਇਰਾਦਾ ਹੈ
ਆਸਮਾਨ ਕਮ ਪਰਿੰਦੇ ਜ਼ਿਆਦਾ ਹੈ

ਅਫਰੀਕਨ ਫ਼ਿਲਮ ‘ਦੀ ਗੋਡ ਮਸਟ ਬੀ ਕ੍ਰੇਜ਼ੀ’ ਬਹੁਤ ਕਮਾਲ ਦੀ ਫ਼ਿਲਮ ਹੈ। ਉਹ ਅਫਰੀਕਾ ਦੇ ਆਦੀਵਾਸੀ ਕਬੀਲੇ ਦੀ ਜ਼ਿੰਦਗੀ ਵਿਖਾਉਂਦੀ ਹੈ ਅਤੇ ਦੂਜੇ ਪਾਸੇ ਸ਼ਹਿਰ ਦੀ ਕਹਿੰਦੀ ਕਹਾਉਂਦੀ ਸੱਭਿਅਕ ਜ਼ਿੰਦਗੀ ਵਿਖਾਉਂਦੀ ਹੈ। ਫਿਲਮ ਦਾ ਸ਼ੁਰੂਆਤੀ ਬਿਆਨ ਬਹੁਤ ਸੰਜੀਦਾ ਹੈ। ਫਿਲਮ ਕਹਿੰਦੀ ਹੈ ਕਿ ਸੱਭਿਅਕ ਲੋਕ ਕੁਦਰਤ ਦੇ ਹਿਸਾਬ ਨਾਲ ਨਹੀਂ ਜਿਉਂਦੇ ਸਗੋਂ ਕੁਦਰਤ ਨੂੰ ਆਪਣੇ ਹਿਸਾਬ ਨਾਲ ਢਾਲਦੇ ਹਨ। ਦੂਜੇ ਪਾਸੇ ਉਹ ਕਬੀਲੇ ਦੇ ਬੰਦਿਆਂ ਬਾਰੇ ਦੱਸਦੀ ਹੈ ਕਿ ਕਿਵੇਂ ਇਹ ਬੰਦੇ ਬਿਨਾਂ ਲਾਲਚ, ਦਾਅਵਿਆਂ ਅਤੇ ਝਗੜਿਆਂ ਤੋਂ ਦੂਰ ਸਹਿਜ ਜ਼ਿੰਦਗੀ ਨੂੰ ਜਿਉਂਦੇ ਹਨ। ਫਿਲਮ ਜਦੋਂ ਕਹਿੰਦੀ ਹੈ ਕਿ ਸੱਭਿਅਕ ਲੋਕ ਕੁਦਰਤ ਨੂੰ ਆਪਣੇ ਹਿਸਾਬ ਨਾਲ ਢਾਲਦੇ ਹਨ ਤਾਂ ਬਿਆਨ ਹੈ ਕਿ ਇੰਝ ਸ਼ਹਿਰ ਬਣਿਆ। ਬਿਜਲੀ ਆਈ,ਮਸ਼ੀਨਾਂ,ਸੜਕਾਂ ਅਤੇ ਗੱਡੀਆਂ ਆਈਆਂ। ਆਪਣੀਆਂ ਸੁੱਖ ਸਹੂਲਤਾਂ ਲਈ ਤਕਨੀਕ ਦੇ ਰਾਹ ਪੈਂਦੇ ਵਿਕਾਸ ਕਰਦੇ ਕਰਦੇ ਸੱਭਿਅਕ ਬੰਦਿਆਂ ਨੂੰ ਸਮਝ ਨਹੀਂ ਆਇਆ ਕਿ ਇਹਨੇ ਰੁੱਕਣਾ ਕਿੱਥੇ ਹੈ। ਇਸ ਲਈ ਬੱਚਿਆਂ ਨੂੰ 15 ਸਾਲ ਤੱਕ ਸਕੂਲ ਜਾਣਾ ਪੈਂਦਾ ਹੈ ਅਤੇ ਸਿੱਖਣਾ ਪੈਂਦਾ ਹੈ ਕਿ ਇਸ ਗੁੰਝਲਦਾਰ ਸਮਾਜ ਦੇ ਤੌਰ ਤਰੀਕਿਆਂ ਨੂੰ ਵਰਤਕੇ ਉਹਨੇ ਕਿਵੇਂ ਇਸ ਜ਼ਿੰਦਗੀ ‘ਚ ਵਿਚਰਣਾ ਹੈ। ਦਿਨ ਨਿੱਕੇ ਨਿੱਕੇ ਟੁਕੜਿਆਂ ‘ਚ ਵੰਡਿਆ ਹੋਇਆ ਹੈ ਅਤੇ ਸਮੇਂ ਦੀ ਇਸ ਚਾਲ ‘ਚ ਬੰਦੇ ਨੂੰ ਆਪਣਾ ਆਪ ਢਾਲਣਾ ਪੈਂਦਾ ਹੈ। ਸੱਭਿਅਤਾ ਦੇ ਇਸ ਵਿਕਾਸੀ ਰੂਪ ‘ਤੇ ਟਿੱਪਣੀ ਕਰਦੀ ਇਹ ਸਭ ਤੋਂ ਸ਼ਾਨਦਾਰ ਫ਼ਿਲਮ ਹੈ।

ਪੜ੍ਹੋ ਇਹ ਵੀ ਖਬਰ - ਨਰਮੇ ਦੇ ਚੰਗੇ ਝਾੜ ਲਈ ਕੀ ਕਰੀਏ ਤੇ ਕੀ ਨਾ ਕਰੀਏ : ਖੇਤੀਬਾੜੀ ਵਿਗਿਆਨੀ 

ਇਸ ਕਹਾਣੀ ਦਾ ਸਭ ਤੋਂ ਸ਼ਾਨਦਾਰ ਹਿੱਸਾ ਇਹ ਹੈ ਕਿ ਇਸ ਕਬੀਲੇ ਦੇ ਉੱਤੋਂ ਦੀ ਲੰਗਦੇ ਜਹਾਜ਼ ‘ਚੋਂ ਪਾਈਲਟ ਨੇ ਕੋਕਾ ਕੋਲਾ ਦੀ ਬੋਤਲ ਪੀਕੇ ਸੁੱਟ ਦਿੱਤੀ। ਇਹ ਬੋਤਲ ਜਦੋਂ ਕਬੀਲੇ ਦੇ ਬੰਦੇ ਨੂੰ ਮਿਲੀ ਤਾਂ ਉਹ ਇਹਨੂੰ ਆਪਣੇ ਪਰਿਵਾਰ ‘ਚ ਲੈ ਆਇਆ। ਇਸ ਬੋਤਲ ਨਾਲ ਮਸਾਲੇ ਕੁੱਟੇ ਜਾਣ ਲੱਗੇ।ਇਸ ਬੋਤਲ ਨਾਲ ਸੱਪ ਦੀ ਚਮੜੀ ਨੂੰ ਰਗੜਣ ਦਾ ਕੰਮ ਲਿਆ। ਇਸ ਬੋਤਲ ਨਾਲ ਸੀਟੀ ਵਜਾ ਸੰਗੀਤ ਪੈਦਾ ਕੀਤਾ ਗਿਆ। ਕਬੀਲੇ ਨੇ ਸਮਝਿਆ ਕਿ ਇਹ ਰੱਬ ਦਾ ਦਿੱਤਾ ਕੋਈ ਵਰਦਾਨ ਉੱਤੋਂ ਡਿੱਗਿਆ ਹੈ। ਇਹਦੀ ਮਦਦ ਨਾਲ ਨਵੇਂ ਨਵੇਂ ਢੰਗ ਇਜਾਦ ਹੋਣ ਲੱਗੇ। ਬੋਤਲ ਦੀ ਮੰਗ ਵਧਦੀ ਗਈ ਅਤੇ ਕਬੀਲੇ ‘ਚ ਇਹਦੀ ਵਰਤੋਂ ਨੂੰ ਲੈਕੇ ਲੜਾਈ ਸ਼ੁਰੂ ਹੋ ਗਈ। ਫਿਰ ਇਸ ਬੋਤਲ ਨੂੰ ਵਰਤਣ ਲਈ ਹਰ ਪਰਿਵਾਰ ਦੀ ਵਾਰੀ ਦਾ ਸਮਾਂ ਮਿੱਥਿਆ ਗਿਆ।ਇੰਝ ਹੌਲੀ ਹੌਲੀ ਕੁਦਰਤ ਦੇ ਹਿਸਾਬ ਨਾਲ ਜਿਉਂਦਾ ਕਬੀਲਾ ਬੋਤਲ ਕਰਕੇ ਆਪਸ ‘ਚ ਲੜਣ ਲੱਗਾ। ਕਬੀਲੇ ਦੇ ਬੁਜ਼ਰਗਾਂ ਸੋਚਿਆ ਕਿ ਇਹ ਬੋਤਲ ਰੱਬ ਦਾ ਵਰ ਨਹੀਂ ਸਰਾਪ ਹੈ ਕਿਉਂਕਿ ਸ਼ਾਇਦ ਸਾਡੇ ਕੋਲੋਂ ਜਾਣੇ ਅਣਜਾਣੇ ‘ਚ ਕੋਈ ਭੁੱਲ ਹੋ ਗਈ ਹੈ। ਅਖੀਰ ਫੈਸਲਾ ਹੋਇਆ ਕਿ ਇਸ ਬੋਤਲ ਨੂੰ ਦੂਰ ਕਿਤੇ ਸੁੱਟਕੇ ਆਈਏ।ਇੰਝ ਕਹਾਣੀ ਆਪਣੇ ਹਾਸੋ ਹੀਣੇ ਹਲਾਤ ‘ਚ ਅੱਗੇ ਵੱਧਦੀ ਹੈ।

ਪਰ ਇਸ ਕਹਾਣੀ ਦੇ ਹਾਸੇ ਓਹਲੇ ਜਿਹੜੀ ਗੰਭੀਰਤਾ ਭਰੀ ਚੇਤਾਵਨੀ ਹੈ ਇਹ ਸਾਨੂੰ ਇਸ਼ਾਰਾ ਹੈ। ਅੰਕੜੇ ਚੁੱਕ ਕੇ ਵੇਖੋ। ਧੜਾਧੜ ਸੜਕਾਂ ਦਾ ਫੈਲਦਾ ਜਾਲ,ਵੱਧ ਰਹੀ ਆਵਜਾਈ,ਕਰੋੜਾਂ ਟਨ ਦੀ ਪੈਦਾਵਾਰ ਅਤੇ ਬੰਦੇ ਫਿਰ ਵੀ ਕਰਜ਼ੇ ਦੀ ਮਾਰ ਥੱਲੇ, ਬੀਮਾਰੀਆਂ ਨਾਲ ਭਰੇ ਸ਼ਰੀਰ,ਗੰਧਲੇ ਪਾਣੀ,ਪ੍ਰਦੂਸ਼ਿਤ ਵਾਤਾਵਰਨ ਅਤੇ ਹੋਰ ਕੀ ਕੀ ? ਕੁਦਰਤ ਦਾ ਪਹਿਲਾਂ ਅਸੂਲ ਹੈ ਕਿ ਵੰਨ ਸੁਵੰਨਤਾ ਨੂੰ ਪਸੰਦ ਕਰੋ। ਦਾਅਵਿਆਂ ਦੀ ਲੜਾਈ ਛੱਡੋ।ਪਿਆਰ, ਈਮਾਨਦਾਰੀ ਅਤੇ ਸਹਿਜ ਗੁਣਾਂ ਦਾ ਵਿਸਥਾਰ ਕਰੋ। ਜੇ ਇੰਝ ਹੋਵੇਗਾ ਨਾ ਅੱਤਵਾਦ ਹੋਵੇਗਾ, ਨਾ ਬਾਰਡਰ, ਨਾ ਪਲੀਤ ਵਾਤਾਵਰਨ, ਨਾ ਧਰਮ ਦੀਆਂ ਲੜਾਈਆਂ ਅਤੇ ਨਾਂ ਮੁਨਾਫਿਆਂ ਦੇ ਲਾਲਚ ਹੋਣਗੇ।


rajwinder kaur

Content Editor

Related News