SKM ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਕੀਤਾ ਵੱਡਾ ਫ਼ੈਸਲਾ

Saturday, Jan 15, 2022 - 09:24 PM (IST)

SKM ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਕੀਤਾ ਵੱਡਾ ਫ਼ੈਸਲਾ

ਨਵੀਂ ਦਿੱਲੀ (ਭਾਸ਼ਾ)-ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ’ਚ ਵਿਧਾਨ ਸਭਾ ਚੋਣਾਂ ਲੜਨ ਜਾ ਰਹੀਆਂ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਵੱਡਾ ਫ਼ੈਸਲਾ ਕੀਤਾ ਹੈ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ ਲੜਨ ਜਾ ਰਹੀਆਂ ਕਿਸਾਨ ਜਥੇਬੰਦੀਆਂ ਹੁਣ ਮੋਰਚੇ ਦਾ ਹਿੱਸਾ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਚਾਰ ਮਹੀਨਿਆਂ ਬਾਅਦ ਮੋਰਚਾ ਇਕ ਵਾਰ ਫਿਰ ਸਮੀਖਿਆ ਕਰੇਗਾ ਕਿ ਚੋਣਾਂ ਲੜਨ ਵਾਲੀਆਂ ਜਥੇਬੰਦੀਆਂ ਨਾਲ ਰਿਸ਼ਤਾ ਕਿਹੋ ਜਿਹਾ ਹੋਵੇਗਾ। ਜ਼ਿਕਰਯੋਗ ਹੈ ਕਿ ਐੱਸ. ਕੇ. ਐੱਮ. ਆਗੂਆਂ ਦੀ ਬੈਠਕ ਮਗਰੋਂ ਪ੍ਰੈੱਸ ਕਾਨਫਰੰਸ ’ਚ ਯੁੱਧਵੀਰ ਸਿੰਘ ਨੇ ਕਿਹਾ ਕਿ ਐੱਸ. ਕੇ. ਐੱਮ. ਪੰਜਾਬ ’ਚ ਚੋਣਾਂ ’ਚ ਹਿੱਸਾ ਲੈਣ ਵਾਲੀਆਂ ਜਥੇਬੰਦੀਆਂ ਨਾਲ ਸਹਿਮਤ ਨਹੀਂ ਹੈ ਤੇ ਉਹ ਹੁਣ ਐੱਸ. ਕੇ. ਐੱਮ. ਦਾ ਹਿੱਸਾ ਨਹੀਂ ਹੋਣਗੀਆਂ। ਉਨ੍ਹਾਂ ਕਿਹਾ ਕਿ ਚੋਣਾਂ ’ਚ ਹਿੱਸਾ ਲੈਣ ਵਾਲੀਆਂ ਜਥੇਬੰਦੀਆਂ ਐੱਸ. ਕੇ. ਐੱਮ. ਦਾ ਹਿੱਸਾ ਨਹੀਂ ਹਨ। ਅਸੀਂ ਆਉਣ ਵਾਲੇ ਦਿਨਾਂ ’ਚ ਐੱਸ. ਕੇ. ਐੱਮ. ਦੀ ਮੀਟਿੰਗ ’ਚ ਉਨ੍ਹਾਂ ਨਾਲ ਆਪਣੇ ਸਬੰਧਾਂ ਬਾਰੇ ਫ਼ੈਸਲਾ ਲਵਾਂਗੇ।”

ਇਹ ਵੀ ਪੜ੍ਹੋ : ਨਹੀਂ ਮਿਲੀ ਰਾਣਾ ਗੁਰਜੀਤ ਦੇ ਪੁੱਤਰ ਨੂੰ ਟਿਕਟ, ਸੁਲਤਾਨਪੁਰ ਲੋਧੀ ਤੋਂ ਨਵਤੇਜ ਚੀਮਾ ਲੜਨਗੇ ਚੋਣ

ਐੱਸ. ਕੇ. ਐੱਮ. ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ, “ਐੱਸ. ਕੇ. ਐੱਮ. ਦਾ ਉਨ੍ਹਾਂ ਨਾਲ (ਚੋਣਾਂ ’ਚ ਹਿੱਸਾ ਲੈਣ ਵਾਲੀਆਂ ਕਿਸਾਨ ਜਥੇਬੰਦੀਆਂ) ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਦਿੱਲੀ ਦੀਆਂ ਸਰਹੱਦਾਂ ’ਤੇ ਪਿਛਲੇ ਇਕ ਸਾਲ ਤੋਂ ਵੱਧ ਸਮੇਂ ਤੋਂ ਖੇਤੀਬਾੜੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨਾਂ ਦਾ ਹਿੱਸਾ ਰਹੇ ਐੱਸ. ਕੇ. ਐੱਮ. ਦੇ ਦੋ ਮੁੱਖ ਆਗੂ ਗੁਰਨਾਮ ਸਿੰਘ ਚਢੂਨੀ ਅਤੇ ਬਲਬੀਰ ਸਿੰਘ ਰਾਜੇਵਾਲ ਨੇ ਪੰਜਾਬ ’ਚ ਚੋਣ ਮੈਦਾਨ ’ਚ ਉਤਰਨ ਦਾ ਐਲਾਨ ਕੀਤਾ ਹੈ ਤੇ 10 ਉਮੀਦਵਾਰਾਂ ਦਾ ਐਲਾਨ ਵੀ ਕਰ ਦਿੱਤਾ ਹੈ। ਐੱਸ. ਕੇ. ਐੱਮ. ’ਚ ਸ਼ਾਮਲ ਰਹੀਆਂ ਪੰਜਾਬ ਦੀ 22 ਕਿਸਾਨ ਜਥੇਬੰਦੀਆਂ ਨੇ ਸੰਯੁਕਤ ਸਮਾਜ ਮੋਰਚੇ ਦਾ ਗਠਨ ਕੀਤਾ ਹੈ। ਇਸ ਮੋਰਚੇ ਨੇ ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ’ਚ ਚੋਣਾਂ ਲੜਨ ਦਾ ਐਲਾਨ ਕੀਤਾ ਹੈ। ਐੱਸ. ਕੇ. ਐੱਮ. ਆਗੂਆਂ ਨੇ ਪ੍ਰੈੱਸ ਕਾਨਫਰੰਸ ’ਚ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ (ਬੀ. ਕੇ. ਯੂ.) ਦੇ ਆਗੂ ਰਾਕੇਸ਼ ਟਿਕੈਤ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੀ ਬਰਖ਼ਾਸਤਗੀ ਲਈ ਦਬਾਅ ਪਾਉਣ ਲਈ ਜਨਵਰੀ ’ਚ ਤਿੰਨ ਦਿਨਾਂ ਲਈ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਾਣਗੇ। ਅਜੈ ਮਿਸ਼ਰਾ ਦੇ ਪੁੱਤਰ ’ਤੇ ਪਿਛਲੇ ਸਾਲ ਪ੍ਰਦਰਸ਼ਨਕਾਰੀ ਕਿਸਾਨਾਂ ਦਾ ਗੱਡੀ ਨਾਲ ਕੁਚਲ ਕੇ ਕਤਲ ਕਰਨ ਦਾ ਦੋਸ਼ ਹੈ। ਐੱਸ. ਕੇ. ਐੱਮ. ਆਗੂ ਯੁੱਧਵੀਰ ਸਿੰਘ ਨੇ ਕਿਹਾ, “ਟਿਕੈਤ ਪੀੜਤਾਂ, ਜੇਲ੍ਹ ’ਚ ਬੰਦ ਕਿਸਾਨਾਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕਰੇਗਾ। ਜੇਕਰ ਕੋਈ ਤਰੱਕੀ ਨਾ ਹੋਈ ਤਾਂ ਕਿਸਾਨ ਜਥੇਬੰਦੀਆਂ ਲਖੀਮਪੁਰ ’ਚ ਧਰਨਾ ਦੇ ਸਕਦੀਆਂ ਹਨ।

ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਨੇ ਪਰਮਿੰਦਰ ਸਿੰਘ ਸੋਹਾਣਾ ਨੂੰ ਮੋਹਾਲੀ ਤੋਂ ਐਲਾਨਿਆ ਉਮੀਦਵਾਰ 


author

Manoj

Content Editor

Related News