ਡੇਰਾ ਮੁਖੀ ਤੋਂ ਬਾਅਦ ਸਿਟ ਡੇਰਾ ਸਿਰਸਾ ਦੀ ਚੇਅਰਪਰਸਨ ਤੇ ਵਾਈਸ ਚੇਅਰਪਰਸਨ ਤੋਂ ਵੀ ਕਰੇਗੀ ਪੁੱਛਗਿੱਛ
Wednesday, Nov 24, 2021 - 02:53 PM (IST)
ਫ਼ਰੀਦਕੋਟ (ਰਾਜਨ) : ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ਸਿੱਟ ਵੱਲੋਂ ਡੇਰਾ ਸਿਰਸਾ ਮੁਖੀ ਰਾਮ ਰਹੀਮ ਕੋਲੋਂ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਜਾਕੇ ਪੁੱਛਗਿੱਛ ਕਰਨ ਤੋਂ ਬਾਅਦ ਹੁਣ ਡੇਰਾ ਸਿਰਸਾ ਦੀ ਚੇਅਰਪਰਸਨ ਉਪਾਸਨਾ ਇੰਸਾ ਅਤੇ ਵਾਈਸ ਚੇਅਰਪਰਸਨ ਪੀ. ਆਰ. ਨੈਨ ਨੂੰ ਵੀ ਜਾਂਚ ’ਚ ਸ਼ਾਮਿਲ ਕਰ ਲਿਆ ਗਿਆ ਹੈ। ਇਨ੍ਹਾਂ ਦੋਹਾਂ ਪਾਸੋਂ ਪੁੱਛਗਿੱਛ ਕਰਨ ਲਈ ਸਿਟ ਆਪਣੀ ਕਾਰਵਾਈ ਕਿਸੇ ਵੇਲੇ ਵੀ ਅਮਲ ’ਚ ਲਿਆ ਸਕਦੀ ਹੈ। ਇੱਥੇ ਇਹ ਦੱਸਣਯੋਗ ਹੈ ਕਿ ਜੂਨ 2015 ’ਚ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਕੇ ਗੁਰਦੁਆਰਾ ਬਰਗਾੜੀ ਅਤੇ ਆਸਪਾਸ ਦੀਆਂ ਗਲੀਆਂ ’ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗਾਂ ਨੂੰ ਖ਼ਿਲਾਰ ਕੇ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਮਾਮਲੇ ’ਚ 6 ਡੇਰਾ ਪ੍ਰੇਮੀਆਂ ਨੂੰ 15 ਮਈ 2021 ਨੂੰ ਗ੍ਰਿਫ਼ਤਾਰ ਕਰਕੇ ਇਨ੍ਹਾਂ ਦਾ ਚਾਰ ਦਿਨ ਦਾ ਪੁਲਸ ਰਿਮਾਂਡ ਹਾਸਿਲ ਕਰਕੇ ਕੀਤੀ ਗਈ ਪੁੱਛਗਿੱਛ ਦੇ ਆਧਾਰ ’ਤੇ ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਮੁੱਖ ਸਾਜਿਸ਼ ਘੜਤਾ ਵਜੋਂ ਨਾਮਜ਼ਦ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਕਿਸਾਨਾਂ ਦਾ ਸੰਘਰਸ਼ ਮੁਲਕ ਵਿਚ ਜਮਹੂਰੀਅਤ ਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਨਿਰਣਾਇਕ ਮੋੜ : ਮੁੱਖ ਮੰਤਰੀ ਚੰਨੀ
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਮਾਮਲੇ ਵਿੱਚ ਸਿਟ ਵੱਲੋਂ ਕੀਤੀ ਗਈ ਲੰਮੀ ਕਾਨੂੰਨੀ ਕਾਰਵਾਈ ਉਪਰੰਤ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ਅਨੁਸਾਰ ਬੀਤੀ 8 ਨਵੰਬਰ ਨੂੰ ਆਈ. ਜੀ. ਪੰਜਾਬ ਪੁਲਸ ਐੱਸ. ਪੀ. ਐੱਸ. ਪਰਮਾਰ ਦੀ ਅਗਵਾਈ ਹੇਠਲੀ ਟੀਮ, ਜਿਸ ’ਚ ਐੱਸ. ਐੱਸ. ਪੀ. ਮੁੱਖਵਿੰਦਰ ਸਿੰਘ ਭੁੱਲਰ, ਇੰਸਪੈਕਟਰ ਦਲਬੀਰ ਸਿੰਘ ਸੀ. ਆਈ. ਏ. ਸਟਾਫ਼ ਮਾਲੇਰਕੋਟਲਾ, ਇੰਸਪੈਕਟਰ ਇਕਬਾਲ ਹੂਸੈਨ ਐੱਸ. ਐੱਚ. ਓ. ਬਾਜਾਖਾਨਾ ਅਤੇ ਐੱਸ. ਆਈ. ਹਰਪ੍ਰੀਤ ਸਿੰਘ ਐੱਸ. ਐੱਚ. ਓ. ਮਾਲੇਰਕੋਟਲਾ ਤੋਂ ਇਲਾਵਾ ਹੋਰ ਵੀ ਪੁਲਸ ਅਧਿਕਾਰੀ ਸ਼ਾਮਲ ਸਨ। ਇਨ੍ਹਾਂ ਵੱਲੋਂ ਸੁਨਾਰੀਆ ਜੇਲ੍ਹ ’ਚ ਜਾ ਕੇ ਡੇਰਾ ਮੁਖੀ ਰਾਮ ਰਹੀਮ ਤੋਂ ਬੇਅਦਬੀ ਮਾਮਲਿਆਂ ਨਾਲ ਜੁੜੇ ਕਈ ਸਵਾਲਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਜਾਣਕਾਰੀ ਅਨੁਸਾਰ ਡੇਰਾ ਸਿਰਸਾ ਮੁਖੀ ਤੋਂ ਬਾਅਦ ਇਸ ਮਾਮਲੇ ਵਿੱਚ ਪੁੱਛਗਿੱਛ ਕਰਨ ਲਈ ਡੇਰਾ ਸਿਰਸਾ ਦੀ ਚੇਅਰਪਰਸਨ ਅਤੇ ਵਾਈਸ ਚੇਅਰਪਰਸਨ ਨੂੰ ਸਿਟ ਵੱਲੋਂ ਆਪਣੀ ਕਾਨੂੰਨੀ ਕਾਰਵਾਈ ਅਨੁਸਾਰ ਨੋਟਿਸ ਵੀ ਭੇਜ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਸਿੱਧੂ ਨੇ ਚੰਨੀ ਦੇ ਸਾਹਮਣੇ ਦਿਖਾਏ ਤੇਵਰ, ਕਿਹਾ ਖਾਲੀ ਖਜ਼ਾਨੇ ਦੇ ਦੌਰ ’ਚ ਜਨਤਾ ਨੂੰ ਨਹੀਂ ਵੰਡਣ ਦੇਣਗੇ ਲਾਲੀਪਾਪ
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ