ਜਬਰ ਉੱਤੇ ਸਬਰ ਦੀ ਜਿੱਤ ਦੀ ਗਵਾਹੀ ਹੈ ‘ਸਰਹਿੰਦ ਫ਼ਤਿਹ ਦਿਵਸ’
Tuesday, May 12, 2020 - 02:29 PM (IST)
ਸ਼ਮਸ਼ੇਰ ਸਿੰਘ ਜੇਠੂਵਾਲ
ਕੁਦਰਤ ਦਾ ਇਕ ਅਸੂਲ ਹੈ ਕਿ ਜ਼ਿਆਦਤੀ ਜ਼ਿਆਦਾ ਚਿਰ ਤਕ ਸਹਿਣ ਨਹੀਂ ਕੀਤੀ ਜਾਂਦੀ। ਕਿਵੇਂ ਨਾ ਕਿਵੇਂ ਧਰਤੀ ’ਤੇ ਕਿਸੇ ਨਾ ਕਿਸੇ ਰੂਪ ’ਚ ਜ਼ੁਲਮ ਦਾ ਸਾਹਮਣਾ ਕਰਨ ਲਈ ਕੋਈ ਰੱਬੀ ਰੂਹ ਪੈਦਾ ਹੁੰਦੀ ਹੀ ਰਹੀ ਹੈ। ਜਿਵੇਂ ਸਿੱਧੇ ਸ਼ਬਦਾਂ ’ਚ ਕਹਿ ਲਓ ਕਿ ਪਾਪ ਦਾ ਭਾਂਡਾ ਜਲਦੀ ਭਰ ਜਾਂਦਾ ਹੈ। ਇਸੇ ਕੜੀ ਦਾ ਹੀ ਇਕ ਹਿੱਸਾ ਹੈ ‘ਸਰਹਿੰਦ ਫ਼ਤਿਹ’, ਜਿਸ ਨੂੰ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਸਿੰਘਾਂ ਨਾਲ ਜਾਲਮਾਂ ਨੂੰ ਸੋਧਾ ਲਗਾ ਕੇ ਸਰਹਿੰਦ ਫ਼ਤਿਹ ਕੀਤੀ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਦੋਂ ਥਾਪੜਾ ਦੇ ਕੇ ਆਪਣੇ ਸਿੱਖਾਂ ਨਾਲ ਤੋਰਿਆ ਤਾਂ ਇਕ ਗੱਲ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਹੀ ਕਿ ਬੰਦਾ ਸਿੰਘ ਜਾਲਮਾਂ ਨੂੰ ਸੋਧਣ ਦੇ ਨਾਲ-ਨਾਲ ਅਕਾਲ ਪੁਰਖ ਨੂੰ ਵਿਸਾਰ ਦੇਣਾ। ਬਾਬਾ ਬੰਦਾ ਸਿੰਘ ਬਹਾਦਰ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲੋ ਅਸ਼ੀਰਵਾਦ ਲੈ ਕੇ ਜਦੋਂ ਪੰਜਾਬ ਵੱਲ ਰਵਾਨਗੀ ਪਾਈ ਤਾਂ ਸਿੰਘਾਂ ਦਾ ਜੋਸ਼ ਵੇਖਣ ਵਾਲਾ ਸੀ।
ਸਭ ਤੋਂ ਪਹਿਲੋਂ ਬੰਦਾ ਬਹਾਦਰ ਨੇ ਸਿਹਰੀ, ਸੋਨੀਪਤ, ਕੈਥਲ ’ਤੇ ਕਬਜ਼ਾ ਕੀਤਾ। ਕੈਥਲ ਦੇ ਆਮਿਲ ਨੂੰ ਈਨ ਮਨਵਾਕੇ ਉਸ ਪਾਸੋਂ ਅਸਲਾ ਘੋੜੇ ਅਤੇ ਬਹੁਤ ਮਾਲ ਹਥਿਆ ਲਿਆ। ਕੈਥਲ ਵਿਖੇ ਸ਼ਾਹੀ ਖਜ਼ਾਨਾ, ਜੋ ਦਿੱਲੀ ਲਿਜਾਇਆ ਜਾ ਰਿਹਾ ਸੀ, ਲੁਟਕੇ ਗਰੀਬਾਂ ਤੇ ਲੋੜਵੰਦਾਂ ਵਿਚ ਵੰਡ ਦਿੱਤਾ। ਇਥੋ ਦੇ ਆਮਿਲ ਨੂੰ ਦੀਨ ਮਨਾ ਕੇ ਬਹੁਤ ਸਾਰਾ ਅਸਲਾ ਘੋੜੇ ’ਤੇ ਮਾਲ ਉਸ ਤੋਂ ਲੈ ਲਏ। ਇਥੇ ਖਬਰ ਮਿਲੀ ਕਿ ਮੁਗਲਾਂ ਵਲੋਂ ਭੇਜੇ ਦੋ ਪਠਾਣਾਂ ਨੇ ਗੁਰੂ ਸਾਹਿਬ ’ਤੇ ਵਾਰ ਕਰ ਦਿੱਤਾ। ਇਹ ਖਬਰ ਸੁਣਦੇ ਸਾਰ ਬੰਦਾ ਬਹਾਦਰ ’ਚ ਗੁੱਸੇ ਦੀ ਅੱਗ ਹੋਰ ਤੇਜ਼ ਹੋ ਕੇ ਭੜਕੀ। ਇਥੇ ਇਹ ਦੱਸਣਾ ਜਰੂਰੀ ਹੈ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਿਚ ਨਾ ਕਦੇ ਬਦਲੇ ਦੀ ਭਾਵਨਾ ਸੀ ਤੇ ਨਾ ਹੀ ਉਨ੍ਹਾਂ ਦੇ ਜੀਵਨ ਦਾ ਕੋਈ ਇਸ ਤਰ੍ਹਾਂ ਦਾ ਮਕਸਦ ਸੀ। ਬੰਦਾ ਬਹਾਦਰ ਨੂੰ ਉਨ੍ਹਾਂ ਨੇ ਥਾਪੜਾ ਦੇ ਕੇ ਜਾਲਮ ਹਕੂਮਤ ਨਾਲ ਟੱਕਰ ਕਰਨ ਅਤੇ ਮਜ਼ਲੂਮਾਂ ਦੀ ਰਖਿਆ ਕਰਨ ਲਈ ਭੇਜਿਆ ਸੀ, ਨਾ ਕਿ ਕਿਸੇ ਬਦਲੇ ਵਾਸਤੇ ਪਰ ਕਿਸੇ ਇਨਸਾਨ ਦਾ ਦਿਲ ਇੰਨਾ ਵੱਡਾ ਨਹੀਂ ਹੋ ਸਕਦਾ, ਜਿਸਦੀ ਸੋਚ ਰਬੀ ਨੂਰ ਦੀ ਸੋਚ ਦਾ ਮੁਕਾਬਲਾ ਕਰੇ। ਜੁਲਮਾਂ ਦੇ ਬਦਲੇ ਦੀ ਭਾਵਨਾ ਬੰਦਾ ਬਹਾਦਰ ਵਿਚ ਸੀ, ਜਿਸ ਲਈ ਉਸਨੇ ਆਪਣੇ ਆਪ ਨੂੰ ਕਸੂਰ ਵਾਰ ਵੀ ਠਹਿਰਾਇਆ ਅਤੇ ਅਰਦਾਸ ਕਰਕੇ ਗੁਰੂ ਸਾਹਿਬ ਤੋਂ ਭੁਲ ਬਖਸ਼ਵਾਈ।
ਬੰਦਾ ਸਿੰਘ ਦਾ ਮੁਖ ਮਕਸਦ ਸਰਹੰਦ ਦੇ ਵਜੀਰ ਮਾਰਨਾ ਸੀ, ਕਿਉਂਕਿ ਸਰਹੰਦ ਇਕ ਤਾਕਤਵਰ ਸੂਬਾ ਸੀ ਅਤੇ ਉਸਦੀ ਆਪਣੀ ਫੌਜ ਵੀ ਕਾਫੀ ਸੀ। ਲੋੜ ਪੈਣ ’ਤੇ ਉਹ ਆਲੇ-ਦੁਆਲੇ ਤੋਂ ਮਦਦ ਵੀ ਲੈ ਸਕਦਾ ਸੀ। ਸੋ ਬੰਦਾ ਬਹਾਦਰ ਨੇ ਸੋਚਿਆ ਕੀ ਸਭ ਤੋਂ ਪਹਿਲਾ ਆਲੇ-ਦੁਆਲੇ ਦੀਆਂ ਬਾਹਾਂ ਕੱਟ ਦਿੱਤੀਆਂ ਜਾਣ। ਇਸ ਲਈ ਸਭ ਤੋਂ ਪਹਿਲਾਂ ਉਹ ਸਮਾਣੇ ਪਹੁੰਚਿਆ, ਜਿਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਕਤਲ ਕਰਨ ਵਾਲਾ ਸਯਦ ਜਲਾਲ-ਉ-ਦਿਨ ਤੇ ਛੋਟੇ ਸਾਹਿਬਜਾਦਿਆਂ ਦੇ ਕਾਤਲ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਰਹਿੰਦੇ ਸੀ। ਇਹ ਮੁਗਲ ਰਾਜ ਦੇ ਧਾਰਮਿਕ ਅਤੇ ਰਾਜਨੀਤਕ ਸ਼ਕਤੀ ਦਾ ਕੇਂਦਰ, ਜੋ ਸਯੀਦਾਂ ਦਾ ਤਕੜਾ ਗੜ੍ਹ ਅਤੇ ਮਹੱਤਵਪੂਰਨ ਅਸਥਾਨ ਸੀ। ਇਥੇ 22 ਸ਼ਹੀਦ ਪਰਿਵਾਰ ਰਹਿੰਦੇ ਸੀ। ਹਰ ਇਕ ਕੋਲ ਆਪਣੀ ਆਪਣੀ ਫੌਜ ਸੀ, ਜਿਸ ਨੂੰ ਜਿਤਣਾ ਆਸਾਨ ਨਹੀਂ ਸੀ। ਇਥੇ ਘਮਸਾਨ ਦਾ ਯੁੱਧ ਹੋਇਆ, ਹਜ਼ਾਰਾਂ ਮੁਗਲ ਫੌਜੀ ਸਿੰਘਾਂ ਦੀਆਂ ਤਲਵਾਰਾਂ ਦੇ ਭੇਟ ਚੜ੍ਹੇ 24 ਘੰਟੇ ਦੇ ਅੰਦਰ-ਅੰਦਰ ਸਮਾਣੇ ’ਤੇ ਕਬਜ਼ਾ ਕਰ ਲਿਆ। ਤਿਨਾਂ ਜਲਾਦਾਂ ਨੂੰ ਆਪਣੀ ਕਰਨੀ ਦੀ ਸਜਾ ਦੇਕੇ ਕਤਲ ਕਰ ਦਿੱਤਾ। ਭਾਈ ਫਤਿਹ ਸਿੰਘ ਨੂੰ ਸਮਾਣੇ ਦਾ ਗਵਰਨਰ ਥਾਪ ਦਿੱਤਾ।
ਇਨ੍ਹਾਂ ਸਾਰੀਆਂ ਜਿਤਾਂ ਦੇ ਕਾਰਨ ਬਾਬਾ ਬੰਦਾ ਬਹਾਦਰ ਦੀ ਪ੍ਰਸਿੱਧੀ ਦੂਰ-ਦੂਰ ਤਕ ਫੈਲ ਗਈ। ਬਹੁਤ ਲੋਕ ਜੋ ਮੁਗਲ ਹਕੂਮਤ ਤੋਂ ਦੁੱਖੀ ਸਨ, ਬੰਦਾ ਬਹਾਦਰ ਨਾਲ ਆ ਮਿਲੇ। ਬੰਦਾ ਬਹਾਦਰ ਦੇ ਆਉਣ ਨਾਲ ਪਹਿਲੀ ਵਾਰੀ ਪੰਜਾਬ ਦੀ ਸਿਆਸਤ ਵਿਚ ਜ਼ਬਰਦਸਤ ਧਮਾਕਾ ਹੋਇਆ,ਜਿਸ ਧਮਾਕੇ ਨੂੰ ਮੁਸਲਮਾਨ ਲਿਖਾਰੀ ‘ਅਜਲ ਬਲਾ’ ਕਹਿੰਦੇ ਹਨ। ਪੰਜਾਬ ਦੀ ਸਿਆਸਤ ਵਿਚ ਉਹ ਹਲਚਲ ਮਚਾਈ ਕੀ ਇਕ ਵਾਰੀ ਤਾਂ ਧਰਤੀ ਨੂੰ ਵੀ ਕਾਂਬਾ ਛਿੜ ਗਿਆ। ਉਥੋਂ ਸਢੋਰੇ ਵਲ ਨੂੰ ਤੁਰ ਪਏ। ਇਥੋਂ ਦਾ ਹਾਕਮ ਓਸਮਾਨ ਖਾਨ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਿਆਰੇ ਮਿਤਰ ਪੀਰ ਬੁਧੂ ਸ਼ਾਹ ਨੂੰ ਬੜੇ ਤਸੀਹੇ ਦੇ ਕੇ ਕਤਲ ਕੀਤਾ ਸੀ, ਕਹਿੰਦੇ ਹਨ ਕਿ ਓਸਮਾਨ ਖਾਨ ਨੂੰ ਉਸਦੀ ਕਰਨੀ ਦੀ ਬੜੀ ਭਿਆਨਕ ਸਜ਼ਾ ਦਿੱਤੀ। ਮੁਖਲਿਸਗੜ੍ਹ ਦਾ ਕਿਲਾ ਫ਼ਤਿਹ ਕਰ ਲਿਆ, ਜਿਸਦਾ ਨਾਂ ਲੋਹਗੜ੍ਹ ਰਖਿਆ।
ਉਸ ਤੋਂ ਉਪਰੰਤ ਅੰਬਾਲਾ-ਛਤ-ਬਨੂੜ ਜੋ ਜ਼ੁਲਮ ਤੇ ਜਬਰ ਦੇ ਗੜ੍ਹ ਸੀ ’ਤੇ ਕਬਜ਼ਾ ਕੀਤਾ। ਇਸ ਤੋਂ ਬਾਅਦ ਓਹ ਖਰੜ ਵੱਲ ਨੂੰ ਹੋ ਤੁਰੇ। ਬੰਦਾ ਸਿੰਘ ਦੇ ਆਉਣ ਦਾ ਸੁਣ ਕੇ ਸਿਖਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਸਨ, ਮਾਝੇ ਅਤੇ ਦੁਆਬੇ ਦੇ ਸਿਖਾਂ ਨੇ ਮੁਗਲ ਹਕੂਮਤ ਵਿਰੁੱਧ ਬਗਾਵਤ ਕਰ ਦਿੱਤੀ। ਬੰਦਾ ਸਿੰਘ ਬਹਾਦਰ ਦਾ ਸਾਥ ਦੇਣ ਲਈ ਸਰਹੰਦ ਵੱਲ ਕੂਚ ਕਰ ਦਿੱਤਾ। ਰੋਪੜ ਦੇ ਸਥਾਨ ’ਤੇ ਇਨਾ ਸਿੰਘਾਂ ਨਾਲ ਸ਼ਾਹੀ ਫੌਜ ਦੀ ਪਹਿਲੀ ਲੜਾਈ ਹੋਈ। ਵਜ਼ੀਰ ਖਾਨ ਦੇ ਹੁਕਮ ਉਤੇ ਮਲੇਰਕੋਟਲਾ ਦੇ ਨਵਾਬ ਸ਼ੇਰ ਖਾਨ ਨੇ ਆਪਣੇ ਭਰਾ (ਖਿਜਰ ਖਾਨ) ਅਤੇ ਭਤੀਜਿਆਂ (ਨੁਸਰਤ ਖਾਨ ਤੇ ਵਲੀ ਮੁਹੰਮਦ ਖਾਨ) ਸਮੇਤ ਸਿਖਾਂ ਉੜੇ ਜ਼ੋਰਦਾਰ ਹਮਲਾ ਕਰ ਦਿੱਤਾ। ਸਿਖਾਂ ਦੀ ਮਲੇਰਕੋਟਲਾ ਦੇ ਪਠਾਣਾ ਨਾਲ ਤਕੜੀ ਝੜਪ ਹੋਈ। ਦੋ ਦਿਨ ਖੂਨ ਡੋਲਵੀ ਲੜਾਈ ਵਿਚ ਖਿਜਰ ਖਾਨ, ਨੁਸਰਤ ਖਾਨ ਤੇ ਵਲੀ ਮੁਹੰਮਦ ਖਾਨ ਮਾਰੇ ਗਏ ਤੇ ਸ਼ੇਰ ਮੁਹੰਮਦ ਸਖਤ ਜ਼ਖਮੀ ਹੋ ਗਿਆ। ਸਿੰਘ ਇਹ ਲੜਾਈ ਜਿਤ ਕੇ ਬੰਦਾ ਬਹਾਦਰ ਨਾਲ ਆਣ ਮਿਲੇ।
ਇਹ ਸਾਰੀਆਂ ਜਿਤਾਂ ਆਉਣ ਵਾਲੀ ਸਰਹੰਦ ਦੀ ਵੱਡੀ ਮੁਹਿਮ ਦਾ ਅਧਾਰ ਬਣੀਆਂ। ਜਿੱਤਾਂ ਦੇ ਇਸ ਲੰਬੇ ਸਿਲਸਿਲੇ ਨੂੰ ਸੁਣ ਕੇ ਸਰਹੰਦ ਦਾ ਸੂਬੇਦਾਰ ਵਜੀਰ ਖਾਨ ਨੂੰ ਵੀ ਇਕ ਵਾਰ ਕਾਂਬਾ ਛਿੜ ਗਿਆ ਹਾਲਾਂਕਿ ਉਹ ਖੁਦ ਇਕ ਜੰਗਜੂ, ਜੰਗੀ ਚਾਲਾਂ ਨੂੰ ਸਮਝਣ ਵਾਲਾ, ਕੁਸ਼ਲ ਪ੍ਰਬੰਧਕ ਸੀ। ਉਸ ਕੋਲ 48 ਤੋਪਾਂ 200 ਹਾਥੀ ਅਤੇ 10000 ਘੋੜ ਸਵਾਰ, 5000 ਪਿਆਦਾ ਫੌਜ, ਅਨਗਿਣਤ ਬੰਦੂਕਾਂ, ਦਾਰੂ ਸਿਕਾ ਅਤੇ ਰਸਦ ਦੇ ਭੰਡਾਰ ਇਕਠੇ ਕੀਤੇ ਹੋਏ ਸੀ। ਰਾਜੇ ਰਜਵਾੜਿਆਂ ਨੂੰ ਵੀ ਬੁਲਾ ਲਿਆ, ਜੇਹਾਦ ਦਾ ਨਾਅਰਾ ਲਗਾਕੇ ਨਵਾਬਾਂ ਅਤੇ ਜਗੀਰਦਾਰਾਂ ਦੀਆਂ ਫੌਜਾ ਵੀ ਇੱਕਠੀਆਂ ਕਰ ਲਈਆਂ। ਸਰਹੰਦ ਨੂੰ ਬਚਾਣ ਲਈ ਹਿਸਾਰ ਤੋਂ ਲੈ ਕੇ ਗੁਜਰਾਤ ਤੱਕ ਦੇ 5000 ਗਾਜ਼ੀ ਵੀ ਪਹੁੰਚੇ ਹੋਏ ਸਨ। 20000 ਉਸਦੀ ਆਪਣੀ ਫੌਜ ਸੀ। ਵੱਡੀ ਗਿਣਤੀ ਵਿਚ ਹਾਥੀ, ਘੋੜ-ਚੜੇ ਬੰਦੂਕਚੀ, ਨੇਜਾ ਬਰਦਾਰ ਤੇ ਤਲਵਾਰ-ਬਾਜ਼ ਸ਼ਾਮਲ ਸਨ।
ਵਜ਼ੀਰ ਖਾਨ ਨੇ ਖਾਲਸਿਆਈ ਨਿਸ਼ਾਨ ਨੂੰ ਮੇਟਣ ਲਈ ਪੂਰੀ ਵਾਹ ਲਗਾ ਦਿੱਤੀ। ਜੰਗ ਦੀ ਤਿਆਰੀ ਲਈ ਸਾਰੇ ਸਾਧਨ ਜੁਟਾ ਲਏ ਗੋਲੀ ਸਿਕਾ ਬਾਰੂਦ ਨਾਲ ਕੋਠੇ ਭਰ ਲਏ। ਵਜੀਰ ਖਾਨ ਨੇ ਸਰਹੰਦ ਤੋਂ ਬੰਦਾ ਬਹਾਦਰ ਨੂੰ ਇਕ ਚਿੱਠੀ ਭੇਜੀ, ਲਿਖਿਆ, ”ਤੈਨੂੰ ਸਿਖਾਂ ਦੇ ਉਸ ਗੁਰੂ ਨੇ ਭੇਜਿਆ ਹੈ, ਜਿਸਦੇ ਪੁਤਰਾਂ ਨੂੰ ਮੈਂ ਕੋਹ-ਕੋਹ ਕੇ ਮਾਰਿਆ ਹੈ, ਗੁਰੂ ਨੂੰ ਚਮਕੋਰ ਦੀ ਗੜੀ ਵਿਚੋਂ ਭਜਾ ਦਿੱਤਾ। ਮੇਰੀ ਫੌਜ਼ ਦੇ ਫੋਲਾਦੀ ਦੰਦ ਹਨ ਤੈਨੂੰ ਤਾਂ ਕਚਾ-ਚਬਾ ਜਾਣਗੇ। “ਬੰਦਾ ਬਹਾਦੁਰ ਨੇ ਚਿੱਠੀ ਦਾ ਜਵਾਬ ਦਿੱਤਾ ਕੀ ਫੌਲਾਦ ਦੇ ਦੰਦਾਂ ਨਾਲ ਲੋਹੇ ਦੇ ਚਨੇ ਨਹੀ ਚਬਾਏ ਜਾਂਦੇ।
ਕਿੰਨੀ ਹੈਰਾਨੀ ਦੀ ਗਲ ਹੈ ਕੀ ਸਰਹੰਦ ਦਾ ਸੂਬਾ ਫਕਰ ਨਾਲ ਕਹਿ ਰਿਹਾ ਹੈ ਕਿ ਉਸਨੇ 5-7 ਸਾਲ ਦੇ ਬਚਿਆਂ ਨੂੰ ਕੋਹ-ਕੋਹ ਕੇ ਮਾਰਿਆ ਹੈ। ਉਸ ਨੂੰ ਆਪਣੇ ਕੀਤੇ ਗੁਨਾਹ ਦਾ ਕੋਈ ਅਫਸੋਸ ਜਾਂ ਪਛਤਾਵਾ ਨਹੀਂ ਸੀ। ਉਸਦੀ ਜ਼ਮੀਰ ਨੇ ਕਦੀ ਉਸ ਨੂੰ ਝਂਝੋਰਿਆ ਨਹੀ। ਇਸਤੋਂ ਪਤਾ ਚਲਦਾ ਹੈ ਮੁਗਲ ਹਕੂਮਤ ਵਹਿਸ਼ੀਆਨਾ ’ਤੇ ਦਰਿੰਦਗੀ ਨਾਲ ਜੁਲਮ ਕਰਦੇ ਕਰਦੇ ਹੁਣ ਤਕ ਇਤਨੀ ਆਦੀ ਤੇ ਪਰਪਕ ਹੋ ਚੁਕੀ ਸੀ ਕਿ ਜ਼ੁਲਮ ਕਰਨਾ ਉਨ੍ਹਾਂ ਦਾ ਪੈਸਾ, ਸਿਆਸੀ ਨੀਤੀ ’ਤੇ ਨਿਸ਼ਾਨਾ ਬਣ ਚੁੱਕਾ ਸੀ। ਸਰਹੰਦ ਕੂਚ ਕਰਨ ਤੋਂ ਪਹਿਲਾਂ ਬੰਦਾ ਬਹਾਦਰ ਦੀ ਖਾਲਸਾਈ ਫੌਜਾਂ ਨਾਲ ਇਕ ਹੋਰ ਸ਼ਕਤੀਸ਼ਾਲੀ ਸਿੰਘਾਂ ਦਾ ਜਥਾ ਬਨੂੜ ਦੇ ਨੇੜੇ ਆ ਰਲਿਆ, ਜਿਸ ਨਾਲ ਖਾਲਸਾਈ ਫੌਜ ਦੀ ਤਾਕਤ ਵਿਚ ਵਾਧਾ ਹੋਇਆ। ਬੰਦਾ ਬਹਾਦਰ ਕੋਲ ਸਿਰਫ 6 ਤੋਪਾਂ, 5000 ਧਾੜਵੀ 1000 ਘੋੜ ਸਵਾਰ ਅਤੇ ਕੁਝ ਮਰਜੀਵੜੇ ਸਿੱਖ, ਜੋ ਜਾਨ ਤਲੀ ’ਤੇ ਰਖ ਕੇ ਲੜਨਾ ਮਰਨਾ ਜਾਣਦੇ ਸਨ। ਪਰ ਚੜ੍ਹਦੀ ਕਲਾ ਅਤੇ ਗੁਰੂ ਸਾਹਿਬ ਜੀ ਦਾ ਥਾਪੜਾ ਅਤੇ ਆਸ਼ੀਰਵਾਦ ਉਸ ਨਾਲ ਸੀ। ਚਪੜ-ਚਿੜੀ ਦੇ ਮੈਦਾਨ ਵਿਚ ਦੋਨਾਂ ਦੀਆਂ ਫੌਜਾਂ ਆ ਡਟੀਆਂ। ਬੰਦਾ ਬਹਾਦਰ ਨੇ ਆਪਣੀ ਫੌਜ ਨੂੰ ਦੋ ਹਿਸਿਆਂ ਵਿਚ ਵੰਡ ਦਿੱਤਾ, ਇਕ ਜਥਾ, ਫਤਹਿ ਸਿੰਘ, ਕਰਮ ਸਿੰਘ, ਧਰਮ ਸਿੰਘ, ਆਲੀ ਸਿੰਘ ਤੇ ਦੂਸਰੇ ਜਥੇ ਦਾ ਆਗੂ ਬਾਬਾ ਵਿਨੋਦ ਸਿੰਘ, ਬਾਜ ਸਿੰਘ, ਰਾਮ ਸਿੰਘ ਤੇ ਸ਼ਾਮ ਸਿੰਘ ਸਨ।
12 ਮਈ 1710 ਵਿਚ ਚਪੜ-ਚਿੜੀ ਦੇ ਮੈਦਾਨ ਵਿਚ ਜੋ ਪਹਿਲਾਂ ਛਪੜ ਚਿੜੀ ਦੇ ਨਾਂ ਨਾਲ ਮਸ਼ਹੂਰ ਸੀ, ਸਰਹੰਦ ਤੋਂ ਕੋਈ 10 ਕੋਹ ਦੀ ਦੂਰੀ ’ਤੇ ਭਾਰੀ ਯੁਧ ਹੋਇਆ। ਲੜਾਈ ਸ਼ੁਰੂ ਹੋਣ ਤੋਂ ਪਹਿਲੋ ਵਜ਼ੀਰ ਖਾਨ ਨੇ ਇਕ ਚਾਲ ਚਲੀ। ਬੰਦਾ ਸਿੰਘ ਬਹਾਦਰ ਦੀ ਫੌਜ ਵਿਚ ਭਗਦੜ ਮਚਾਨ ਵਾਸਤੇ। ਸੁਚਾ ਨੰਦ ਦੇ ਭਤੀਜੇ ਗੰਡਾ ਮਲ ਨੂੰ 1000 ਫੌਜ ਦੇਕੇ ਬੰਦਾ ਸਿੰਘ ਬਹਾਦੁਰ ਕੋਲ ਭੇਜਿਆ, ਜਿਸਨੇ ਆਕੇ ਕਿਹਾ ਕਿ ਮੈਂ ਆਪਣੇ ਚਾਚਾ ਦੀ ਕਰਨੀ ’ਤੇ ਬੇਹਦ ਸ਼ਰਮਿੰਦਾ ਹਾਂ, ਮੈ ਤੁਹਾਡੀ ਫੌਜ ਵਿਚ ਭਰਤੀ ਹੋ ਕੇ ਉਨ੍ਹਾਂ ਦੀ ਇਸ ਭੁਲ ਦਾ ਪ੍ਰਾਸ਼ਚਿਤ ਕਰਨਾ ਚਾਹੁੰਦਾ ਹਾਂ। ਬੰਦਾ ਬਹਾਦੁਰ ਨੇ ਉਸ ਨੂੰ ਫੌਜ ਵਿਚ ਭਰਤੀ ਤਾਂ ਕਰ ਲਿਆ ਪਰ ਬਾਜ ਸਿੰਘ ਨੂੰ ਕਹਿ ਦਿੱਤਾ ਇਸ ’ਤੇ ਨਜ਼ਰ ਰਖੀ ਜਾਏ। ਲੜਾਈ ਸ਼ੁਰੂ ਹੋਣ ’ਤੇ ਉਸਨੇ ਬੰਦਾ ਸਿੰਘ ਦੇ ਫੌਜੀ ਮਰਵਾਣੇ ਸ਼ੁਰੂ ਕਰ ਦਿੱਤੇ। ਬਾਜ ਸਿੰਘ ਨੇ ਇਕੋ ਝਟਕੇ ਨਾਲ ਉਸਦੀ ਗਰਦਨ ਉਤਾਰ ਦਿੱਤੀ ਤੇ ਬਾਕੀ ਧਾੜਵੀ ਉਸਦੇ ਸਾਥੀ ਸਭ ਖਿਸਕ ਗਏ।
ਲੜਾਈ ਸ਼ੁਰੂ ਹੋਈ। ਸਿਖਾਂ ਕੋਲ ਤੋਪਾਂ ਸੀ ਨਹੀਂ। ਤੋਪਾਂ ਨਾਲ ਮੁਕਾਬਲਾ ਕਰਨਾ ਔਖਾ ਸੀ। ਸੋ ਸਭ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਦੀ ਹਦਾਇਤ ਅਨੁਸਾਰ ਸਿੱਖ ਦੁਸ਼ਮਨ ਦੀਆਂ ਤੋਪਾਂ ’ਤੇ ਟੁਟ ਪਏ ਅਤੇ ਸਾਰੀਆਂ ਤੋਪਾਂ ਖੋਹ ਲਈਆਂ। ਹੱਥੋ-ਹੱਥ ਲੜਾਈ ਹੋਈ ਬੜਾ ਭਿਆਨਕ ਨਜ਼ਾਰਾ ਸੀ। ਖੰਡੇ ਨਾਲ ਖੰਡਾ ਖੜਕਿਆ। ਲੋਥਾਂ ਦੇ ਢੇਰ ਲਗ ਗਏ ਖੂਨ ਦੀਆਂ ਨਦੀਆਂ ਬਹਿ ਨਿਕਲੀਆਂ। ਵਜੀਰ ਖਾਨ ਨੇ ਸਿਖਾਂ ’ਤੇ ਕਾਬੂ ਪਾਣ ਲਈ ਆਪਣਾ ਹਾਥੀ ਅਗਲੀ ਪਾਲ ਵਿਚ ਲਿਆ ਕੇ ਗਾਜ਼ੀਆਂ ਨੂੰ ਹਲਾ ਸ਼ੇਰੀ ਦੇਣ ਲਗਾ। ਬਾਬਾ ਬੰਦਾ ਇਕ ਉਚੀ ਟਿੱਬੀ ’ਤੇ ਬੈਠ ਕੇ ਦੋਨੋ ਫੌਜਾਂ ਦਾ ਜਾਇਜ਼ਾ ਲੈ ਰਿਹਾ ਸੀ। ਇਕ ਦਮ ਉਠਿਆ ਅਤੇ ਮੁਹਰਲੀ ਕਟਾਰ ਵਿਚ ਆ ਕੇ ਵੇਰੀਆਂ ’ਤੇ ਬਿਜਲੀ ਵਾਂਗ ਟੁੱਟ ਪਿਆ। ਸਿਖਾਂ ਦੇ ਹੌਸਲੇ ਵਧ ਗਏ ਅਤੇ ਜੋਸ਼ ਚਰਮ ਸੀਮਾਂ ਤੱਕ ਪਹੁੰਚ ਗਿਆ। ਵਜ਼ੀਰ ਖਾਨ ਬਾਜ ਸਿੰਘ ਤੇ ਫਤਿਹ ਸਿੰਘ ਵਿਚ ਘਿਰ ਗਏ। ਫਤਿਹ ਸਿੰਘ ਨੇ ਫੁਰਤੀ ਨਾਲ ਤਲਵਾਰ ਚਲਾਈ ਅਤੇ ਉਸਦੀ ਬਾਂਹ ਕੱਟ ਦਿੱਤੀ। ਉਹ ਧਰਤੀ ’ਤੇ ਡਿੱਗ ਪਿਆ। ਵਜ਼ੀਰ ਖਾਨ ਨੂੰ ਜਿੰਦਾ ਹੀ ਦਬੋਚ ਲਿਆ ਗਿਆ। ਸ਼ਾਹੀ ਫੌਜ ਵਿਚ ਹਫੜਾ-ਦਫੜੀ ਮਚ ਗਈ, ਜਿਧਰ ਮੂੰਹ ਆਇਆ ਸਭ ਨਸ ਗਏ ਸਭ ਕੁਝ ਧਨ, ਮਾਲ, ਤੋਪਾਂ ਘੋੜੇ, ਰਸਦ ਸਿੱਘਾਂ ਦੇ ਹੱਥ ਆ ਗਏ। ਸਰਹੰਦ ਫਤਹਿ ਹੋਣ ਦੇ ਜੈਕਾਰੇ ਛਡੇ ਗਏ। ਨਗਾਰਾ ਵਜਿਆ। ਅਗਲੇ ਦਿਨ ਸਿੰਘਾਂ ਦੀ ਮਰਹਮ ਪਟੀ ਕੀਤੀ ਗਈ, ਸ਼ਹੀਦਾਂ ਦੇ ਸਸਕਾਰ ਕਰਕੇ ਸਰਹੰਦ ਸ਼ਹਿਰ ਨੂੰ ਘੇਰ ਲਿਆ।
ਸਿਖਾਂ ਨੇ ਸਰਹੰਦ ਵਿਚ ਪ੍ਰਵੇਸ਼ ਕੀਤਾ। ਵਜ਼ੀਰ ਖਾਨ ਦੀਆਂ ਲਤਾਂ ਨੂੰ ਰਸੇ ਨਾਲ ਬੰਨ ਦਿੱਤਾ ਮੂੰਹ ਕਲਾ ਕਰਕੇ, ਘੋੜੇ ਪਿਛੇ ਬੰਨ ਕੇ ਸਾਰੇ ਸ਼ਹਿਰ ਵਿਚ ਘਸੀਟਿਆ ਗਿਆ। ਉਸਦੀ ਲਾਸ਼ ਚੀਲਾਂ ਅਤੇ ਕਾਵਾਂ ਵਾਸਤੇ ਦਰਖਤਾਂ ’ਤੇ ਲਟਕਾ ਦਿੱਤੀ। ਸੁਚਾ ਨੰਦ ਦੀ ਹਵੇਲੀ ਮਲਬੇ ਦਾ ਢੇਰ ਕਰ ਦਿੱਤੀ। ਸੁਚਾ ਨੰਦ ਦੇ ਨਕ ਵਿਚ ਨਕੇਲ ਪਾਕੇ ਦਰ-ਦਰ ਤੋਂ ਭੀਖ ਮੰਗਵਾਈ। ਉਹ ਲੋਕਾਂ ਤੋਂ ਸਿਰ ਵਿਚ ਜੁਤੀਆਂ ਖਾਂਦਾ ਖਾਂਦਾ ਮਰ ਗਿਆ। ਵਜ਼ੀਰ ਖਾਨ ਦਾ ਵੱਡਾ ਪੁੱਤਰ ਡਰ ਕੇ ਦਿੱਲੀ ਭਜ ਗਿਆ। ਸਿੱਖਾਂ ਅਤੇ ਗਰੀਬ ਜਨਤਾ ’ਤੇ ਜੁਲਮ ਢਾਹੁਣ ਅਤੇ ਲੁੱਟ ਘਸੁੱਟ ਕਰਨ ਵਾਲੇ ਅਹਿਲਕਾਰਾਂ ’ਤੇ ਲਹੁ ਪੀਣ ਵਾਲੇ ਹਾਕਮਾਂ ਦਾ ਕਤਲੇਆਮ ਕਰ ਦਿੱਤਾ ਗਿਆ। ਇਹ ਗੋਰਵਸ਼ਾਲੀ ਜਿੱਤ ’ਤੇ ਸੁਨਹਰੀ ਯਾਦਗਾਰ, ਜਿਸਨੇ ਖਾਲਸੇ ਪੰਥ ਦੇ ਮਨ-ਮਸਤਕ ਕਈ ਖਾਬ ਸਿਰਜੇ ਜੋ ਹਕੀਕਤ ਵਿਚ ਤਬਦੀਲ ਹੋਏ।
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਵਾਲੇ ਦਿਨ ਖਾਲਸਾ ਫੌਜ ਅਤੇ ਇਲਾਕੇ ਦੀਆਂ ਸੰਗਤਾ ਨੇ ਇਕ ਵੱਡੇ ਇਕੱਠ ਵਿਚ ਸਰਹੰਦ ਫਤਹਿ ਲਈ ਅਕਾਲ ਪੁਰਖ ਦਾ ਧੰਨਵਾਦ ਕੀਤਾ ਅਤੇ ਸਰਬ ਸਾਂਝੇ ਸਿੱਖ ਰਾਜ ਦਾ ਐਲਾਨ ਕੀਤਾ। ਸਿੱਖ ਰਾਜ ਦਾ ਝੰਡਾ ਉਥੇ ਲਹਿਰਾਇਆ, ਜਿਥੇ ਗੁਰੂ ਸਾਹਿਬ ਜੀ ਦੇ ਦੋਨੋ ਬਚੇ ਸ਼ਹੀਦ ਕੀਤੇ ਗਏ ਸੀ। ਬੰਦਾ ਬਹਾਦਰ ਨੇ ਕੌਮੀ ਨੇਤਾ ਦੀ ਜ਼ਿੰਮੇਵਾਰੀ ਸੰਭਾਲੀ। ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਅਤੇ ਆਲੀ ਸਿੰਘ ਨੂੰ ਉਸਦਾ ਵਜ਼ੀਰ ਥਾਪਿਆ ਗਿਆ।
ਜਿੱਤਾਂ ਦਾ ਸਿਲਸਲਾ ਚਲਦਾ ਰਿਹਾ। ਜੁਲਾਈ 1710 ਵਿਚ ਬੰਦਾ ਬਹਾਦੁਰ ਨੇ ਗੰਗਾ ਤੇ ਜਮੁਨਾ ਦੇ ਮੈਦਾਨੀ ਇਲਾਕੇ ’ਤੇ ਫ਼ਤਿਹ ਕਰ ਲਈ। ਅਕਤੂਬਰ 1710 ਵਿਚ ਕਿਲਾ ਭਗਵੰਤ ਰਾਇ ਅਤੇ ਭਿਲੋਵਾਲ ’ਤੇ ਸਿੱਖਾਂ ਦਾ ਕਬਜ਼ਾ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨਾਲ-ਨਾਲ ਆਪਣੇ ਜਿਤੇ ਇਲਾਕਿਆਂ ਦੀ ਵਿਵਸਥਾ ਕਰਦੇ ਚਲੇ ਆ ਰਹੇ ਸਨ। ਭਾਈ ਅਲੀ ਸਿੰਘ ਨੂੰ ਸਮਾਣਾ ਦਾ, ਭਾਈ ਰਾਮ ਸਿੰਘ ਨੂੰ ਥਨੇਸਰ ਦਾ ਅਤੇ ਭਾਈ ਬਾਜ ਸਿੰਘ ਨੂੰ ਸਰਹੰਦ ਦਾ ਸੂਬੇਦਾਰ ਥਾਪ ਦਿੱਤਾ ਗਿਆ।