3 ਦਿਨਾਂ ''ਚ ਲਗਭਗ 3 ਦਰਜਨ ਸਕੂਲਾਂ ''ਤੇ ਸਿੰਗਲਾ ਨੇ ਕੱਸਿਆ ਸ਼ਿਕੰਜਾ
Wednesday, Apr 08, 2020 - 09:52 PM (IST)
ਲੁਧਿਆਣਾ, (ਵਿੱਕੀ)– ਪੰਜਾਬ ਸਰਕਾਰ ਦੇ ਹੁਕਮਾਂ ਨੂੰ ਛਿੱਕੇ 'ਤੇ ਟੰਗ ਕੋਰੋਨਾ ਵਾਇਰਸ ਕਾਰਣ ਹੋਈਆਂ ਛੁੱਟੀਆਂ 'ਚ ਮਾਪਿਆਂ ਨੂੰ ਫੀਸ ਜਮ੍ਹਾ ਕਰਵਾਉਣ ਦੇ ਮੈਸੇਜ, ਸਰਕੂਲਰ ਅਤੇ ਨੋਟਿਸ ਭੇਜਣ ਵਾਲੇ ਨਿੱਜੀ ਸਕੂਲਾਂ 'ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਕਾਰਵਾਈ ਰੂਪੀ ਸ਼ਿਕੰਜਾ ਪੂਰੀ ਤਰ੍ਹਾਂ ਨਾਲ ਕੱਸਿਆ ਹੋਇਆ ਹੈ। ਇਹੀ ਵਜ੍ਹਾ ਹੈ ਕਿ ਕਿ ਮਾਪਿਆਂ ਵੱਲੋਂ ਸਿੰਗਲਾ ਦੀ ਈਮੇਲ 'ਤੇ ਕੀਤੀਆਂ ਜਾ ਰਹੀਆਂ ਸ਼ਿਕਾਇਤਾਂ 'ਤੇ ਤੁਰੰਤ ਅਮਲ ਹੋ ਰਿਹਾ ਹੈ ਅਤੇ ਫੀਸ ਮੰਗਣ ਵਾਲੇ ਸਕੂਲਾਂ ਨੂੰ ਸ਼ੋਅਕਾਜ਼ ਨੋਟਿਸ ਧੜਾ ਧੜ ਜਾਰੀ ਹੋ ਰਹੇ ਹਨ। ਜਾਣਕਾਰੀ ਮੁਤਾਬਕ ਮੰਤਰੀ ਵੱਲੋਂ ਕੀਤੀ ਜਾ ਰਹੀ ਕਾਰਵਾਈ ਦੇ ਲਗਾਤਾਰ ਤੀਜੇ ਦਿਨ 13 ਨਿੱਜੀ ਸਕੂਲਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਦੱਸਿਆ ਗਿਆ ਹੈ ਕਿ ਸਿੱਖਿਆ ਮੰਤਰੀ ਨੇ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਜਿਨ੍ਹਾਂ ਸਕੂਲਾਂ ਨੂੰ ਨੋਟਿਸ ਜਾਰੀ ਕੀਤੇ ਗਏ ਹਨ ਉਨ੍ਹਾਂ ਵੱਲੋਂ ਦਿੱਤੇ ਜਾਣ ਵਾਲੇ ਜਵਾਬ ਵੀ ਸਿੱਧੇ ਉਨ੍ਹਾਂ ਨੂੰ ਭੇਜੇ ਜਾਣ।
ਤੀਜੇ ਦਿਨ ਸਿੱਖਿਆ ਵਿਭਾਗ ਦੇ ਅਸਿਸਟੈਂਟ ਡਾਇਰੈਕਟਰ ਵੱਲੋਂ ਜਾਰੀ ਨੋਟਿਸਾਂ 'ਚ ਉਪਰੋਕਤ ਸਕੂਲਾਂ ਨੂੰ ਇਹ ਕਿਹਾ ਗਿਆ ਹੈ ਕਿ ਵਿਭਾਗੀ ਹੁਕਮਾਂ ਦੀ ਉਲੰਘਣਾ ਕਰਨ ਦੇ ਮਾਮਲੇ 'ਚ ਕਿਉਂ ਨਾ ਸਕੂਲ ਦੀ ਐੱਨ. ਓ. ਸੀ. ਰੱਦ ਕਰ ਦਿੱਤੀ ਜਾਵੇ ਭਾਵੇਂ ਕਿ ਵਿਭਾਗ ਹੁਣ ਜਵਾਬ ਦਾ ਇੰਤਜ਼ਾਰ ਕਰੇਗਾ। ਇਸਦੇ ਬਾਅਦ ਹੀ ਕੋਈ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ। ਇਥੇ ਦੱਸ ਦੇਈਏ ਕਿ ਹੁਣ ਤੱਕ ਲਗਭਗ 3 ਦਰਜਨ ਸਕੂਲਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਹੋ ਚੁੱਕੇ ਹਨ। ਬੁੱਧਵਾਰ ਨੂੰ ਜਿਨ੍ਹਾਂ ਸਕੂਲਾਂ ਨੂੰ ਨੋਟਿਸ ਜਾਰੀ ਹੋਏ ਹਨ ਉਨ੍ਹਾਂ 'ਚ 4 ਸਕੂਲ ਲੁਧਿਆਣਾ ਦੇ ਵੀ ਹਨ ਜਦਕਿ ਮੋਹਾਲੀ, ਅੰਮ੍ਰਿਤਸਰ ਦੇ ਸਕੂਲ ਵੀ ਸ਼ਾਮਲ ਹਨ। ਇਥੇ ਦੱਸ ਦੇਈਏ ਕਿ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੇ ਕੱਲ ਨਿੱਜੀ ਸਕੂਲ ਸੰਚਾਲਕਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਜੇਕਰ ਲਾਕਡਾਊਨ ਦੇ ਦਿਨਾਂ 'ਚ ਕਿਸੇ ਸਕੂਲ ਨੇ ਮਾਪਿਆਂ ਨੂੰ ਬੱਚੇ ਦੀ ਫੀਸ ਜਮ੍ਹਾ ਕਰਵਾਉਣ ਦਾ ਮੈਸੇਜ ਜਾਂ ਸਰਕੂਲਰ ਭੇਜਿਆ ਤਾਂ ਸਰਕਾਰ ਇਸ ਤਰ੍ਹਾਂ ਦੇ ਸਕੂਲਾਂ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕਰ ਦੇਵੇਗੀ। ਉਥੇ ਸਿੰਗਲਾ ਨੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਕਿ ਲਾਕਡਾਊਨ ਖਤਮ ਹੋਣ ਤੱਕ ਮਾਪਿਆਂ ਤੋਂ ਬੱਸਾਂ ਦਾ ਕਿਰਾਇਆ ਅਤੇ ਕਿਤਾਬਾਂ ਦਾ ਖਰਚ ਵੀ ਨਾ ਲਿਆ ਜਾਵੇ
ਬਾਕਸ : ਐੱਨ. ਓ. ਸੀ. ਹੋ ਸਕਦੀ ਹੈ ਰੱਦ
ਮੰਤਰੀ ਸਿੰਗਲਾ ਨੇ ਕਿਹਾ ਕਿ ਨਿਯਮਾਂ ਦਾ ਉਲੰਘਣ ਕਰਨ ਵਾਲਾ ਸਕੂਲ ਜੇਕਰ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਐਫੀਲੇਟਿਡ ਹੋਵੇਗਾ ਤਾਂ ਉਸਦੀ ਮਾਨਤਾ ਰੱਦ ਕੀਤੀ ਜਾਵੇਗੀ ਜੇਕਰ ਸੀ. ਬੀ. ਐੱਸ. ਈ. ਜਾਂ ਕਿਸੇ ਹੋਰ ਬੋਰਡ ਤੋਂ ਐਫੀਲੀਏਟਿਡ ਹੋਵੇਗਾ ਤਾਂ ਉਸਦੀ ਐੱਨ. ਓ. ਸੀ. ਰੱਦ ਕਰ ਦਿੱਤੀ ਜਾਵੇਗੀ। ਫਿਲਹਾਲ ਸਕੂਲਾਂ ਨੂੰ ਨੋਟਿਸ ਦੇ ਜਵਾਬ ਦੇਣ ਦੇ ਲਈ ਕਿਹਾ ਗਿਆ ਹੈ ਜੇਕਰ ਜਵਾਬ ਸੰਤੁਸ਼ਟੀਜਨਕ ਨਾ ਹੋਇਆ ਤਾਂ ਇਨ੍ਹਾਂ ਸਕੂਲਾਂ ਨੂੰ ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤੀ ਗਈ ਐੱਨ. ਓ. ਸੀ. ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।
ਬੀਤੇ ਦਿਨੀਂ ਮੈਂ ਮਾਪਿਆਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਕੋਈ ਸਕੂਲ ਕਰਫਿਊ ਦੌਰਾਨ ਫੀਸ ਮੰਗਦਾ ਹੈ ਤਾਂ ਉਸਦੀ ਸ਼ਿਕਾਇਤ ਮੇਰੀ ਨਿੱਜੀ ਈਮੇਲ 'ਤੇ ਭੇਜੀ ਜਾਵੇ। ਹੁਣ ਈਮੇਲ 'ਤੇ ਪ੍ਰਾਪਤ ਸ਼ਿਕਾਇਤਾਂ ਦੇ ਆਧਾਰ 'ਤੇ ਹੀ ਅੱਜ ਤੱਕ ਕੁਲ 35 ਨਿੱਜੀ ਸਕੂਲਾਂ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਕਿਸੇ ਵੀ ਸਕੂਲ ਨੂੰ ਵਿਭਾਗ ਦੇ ਨਿਰਦੇਸ਼ਾਂ ਦਾ ਉਲੰਘਣ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।