ਸ਼੍ਰੀ ਬਰਾੜ ਨੇ ਹਥਿਆਰਾਂ ਵਾਲੇ ਗੀਤਾਂ ਤੋਂ ਕੀਤੀ ਤੌਬਾ, ਪੰਜਾਬ ਪੁਲਸ ਦੇ ਵਤੀਰੇ ਬਾਰੇ ਕੀਤੇ ਅਹਿਮ ਖ਼ੁਲਾਸੇ
Sunday, Jan 17, 2021 - 09:40 AM (IST)
ਚੰਡੀਗੜ੍ਹ (ਬਿਊਰੋ) : ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ ਦੀ ਖ਼ਬਰ ਇਨ੍ਹਾਂ ਦਿਨੀਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਕਾਫ਼ੀ ਸੁਰਖੀਆਂ 'ਚ ਛਾਈ ਰਹੀ। 5 ਜਨਵਰੀ ਨੂੰ ਪਟਿਆਲਾ ਪੁਲਸ ਨੇ ਕਲਾਕਾਰ ਸ਼੍ਰੀ ਬਰਾੜ ਨੂੰ ਗੀਤਾਂ 'ਚ ਹਥਿਆਰਾ ਨੂੰ ਪ੍ਰਮੋਟ ਕਰਨ ਦੇ ਦੋਸ਼ ਲਾ ਕੇ ਗ੍ਰਿਫ਼ਤਾਰ ਕੀਤਾ ਸੀ, ਜਿਸ ਨੂੰ 7 ਦਿਨ ਹਿਰਾਸਤ 'ਚ ਰੱਖਣ ਤੋਂ ਬਾਅਦ ਸ਼੍ਰੀ ਬਰਾੜ ਨੂੰ 13 ਜਨਵਰੀ ਨੂੰ ਜ਼ਮਾਨਤ ਮਿਲੀ। ਇਸ ਦੇ ਨਾਲ ਹੀ ਅਦਾਲਤ ਤੋਂ ਜ਼ਮਾਨਤ ਮਿਲਣ 'ਤੇ ਬਾਹਰ ਆਉਂਦੇ ਹੀ ਸ਼੍ਰੀ ਬਰਾੜ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਕ ਵੀਡੀਓ ਸ਼ੇਅਰ ਕੀਤਾ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕਲਾਕਾਰ ਸ਼੍ਰੀ ਬਰਾੜ ਨੇ ਹੱਥਿਆਰਾਂ ਵਾਲੇ ਗੀਤਾਂ ਤੋਂ ਤੌਬਾ ਕਰ ਲਈ ਹੈ। ਵੀਡੀਓ 'ਚ ਉਨ੍ਹਾਂ ਨੇ ਕਿਹਾ ਕਿ ਮੈਂ ਆਪਣੀ ਗਲਤੀ ਮੰਨਦਾ ਕਿ ਮੈਂ ਅਜਿਹਾ ਗੀਤ ਬਣਾਇਆ ਅਤੇ ਅੱਜ ਤੋਂ ਬਾਅਦ ਅਜਿਹਾ ਕੋਈ ਗੀਤ ਨਹੀਂ ਕਰਾਂਗਾ, ਜਿਸ 'ਚ ਗੰਨ ਕਲਚਰ ਨੂੰ ਪ੍ਰੋਮੋਟ ਕੀਤਾ ਹੋਵੇ।
ਇਸ ਤੋਂ ਇਲਾਵਾ ਸ਼੍ਰੀ ਬਰਾੜ ਨੇ ਕਿਹਾ, ਪੰਜਾਬ ਪੁਲਸ ਨੇ ਮੈਨੂੰ ਬਹੁਤ ਪਿਆਰ ਨਾਲ ਰੱਖਿਆ। ਮੇਰਾ ਸਿਰ ਦੁੱਖਦਾ ਸੀ, ਉਸ ਨੇ ਮੇਰਾ ਸਿਰ ਗੁੱਟਿਆ। ਮੈਨੂੰ ਬਹੁਤ ਚੰਗਾ ਲੱਗਾ। ਪੁਲਸ ਤੇ ਆਰਮੀ ਵਾਲੇ ਵੀ ਕਿਸਾਨਾਂ ਦੇ ਪੁੱਤ ਹੀ ਹਨ। ਕਿਤੇ ਨਾ ਕਿਤੇ ਸਾਡੇ ਲਈ ਉਨ੍ਹਾਂ ਦੇ ਦਿਲਾਂ 'ਚ ਸਾਡੇ ਲਈ ਪਿਆਰ ਹੈ। ਸਰਕਾਰ ਉਨ੍ਹਾਂ 'ਤੇ ਆਰਡਰ ਲਾਉਂਦੀ ਹੈ ਤੇ ਉਨ੍ਹਾਂ ਦੀ ਡਿਊਟੀ-ਫਰਜ਼ ਹੈ ਕਿ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣਾ। ਕਿਸਾਨ ਐਂਥਮ ਗੀਤ ਨੂੰ ਸਾਰਿਆਂ ਨੇ ਸੁਣਿਆ, ਸਭ ਨੇ । ਜ਼ੇਲ੍ਹ ਦਾ ਪ੍ਰਸ਼ਾਸਨ ਬਹੁਤ ਵਧੀਆ ਹੈ।
ਦੱਸ ਦਈਏ ਕਿ ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ ਚਰਚਾ ਦਾ ਕਾਰਨ ਇਸ ਲਈ ਵੀ ਬਣੀ ਰਹੀ ਕਿ ਆਖ਼ਿਰ ਗੰਨ ਕਲਚਰ 'ਤੇ ਗਾਣੇ ਕਰਕੇ ਸਿਰਫ਼ ਸ਼੍ਰੀ ਬਰਾੜ ਦੀ ਹੀ ਗ੍ਰਿਫ਼ਤਾਰੀ ਕਿਉਂ? ਸ਼੍ਰੀ ਬਰਾੜ ਤੋਂ ਪਹਿਲਾਂ ਵੀ ਕਈ ਗੀਤਕਾਰਾਂ ਤੇ ਗਾਇਕਾਂ ਨੇ ਗੰਨ ਕਲਚਰ 'ਤੇ ਗਾਣੇ ਗਾਏ ਹਨ ਪਰ ਉਨ੍ਹਾਂ 'ਤੇ ਕੋਈ ਐਕਸ਼ਨ ਕਿਉਂ ਨਹੀਂ ਲਿਆ ਗਿਆ।
ਦੱਸਣਯੋਗ ਹੈ ਕਿ ਜਦੋਂ ਸ਼੍ਰੀ ਬਰਾੜ ਦੀ ਗ੍ਰਿਫ਼ਤਾਰੀ ਹੋਈ ਤਾਂ ਪੰਜਾਬੀ ਇੰਡਸਟਰੀ 'ਚੋਂ ਰਣਜੀਤ ਬਾਵਾ, ਮਨਕੀਰਤ ਔਲਖ, ਬੱਬੂ ਮਾਨ, ਐਮੀ ਵਿਰਕ ਤੇ ਇੰਦਰਜੀਤ ਨਿੱਕੂ ਵਰਗੇ ਕਲਾਕਾਰ ਸ਼੍ਰੀ ਬਰਾੜ ਦੇ ਹੱਕ 'ਚ ਖੜ੍ਹੇ ਹੋਏ। ਇਸ ਤੋਂ ਬਾਅਦ ਇਸ ਗੀਤ ਨੂੰ ਗਾਉਣ ਵਾਲੀ ਗਾਇਕਾ ਬਾਰਬੀ ਮਾਨ ਨੇ ਵੀ ਆਪਣਾ ਰੀਐਕਸ਼ਨ ਦਿੱਤਾ। ਬਾਰਬੀ ਮਾਨ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ਜੇਕਰ ਸਾਡੇ ਤੋਂ ਗਲਤੀ ਹੋਈ ਹੈ ਤਾਂ ਉਸ ਲਈ ਮਾਫ਼ੀ ਮੰਗਦੇ ਹਾਂ। ਸਾਡਾ ਇਰਾਦਾ ਕਿਸੇ ਵੀ ਡਿਪਾਰਟਮੈਂਟ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ ਅਤੇ ਇਸ ਮੁੱਦੇ ਨੂੰ ਰਾਜਨੀਤੀਕ ਐਂਗਲ ਨਾ ਦਿੱਤਾ ਜਾਵੇ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।