ਥੱਪੜ ਕਾਂਡ ਮਗਰੋਂ ਕੁਲਵਿੰਦਰ ਕੌਰ 'ਤੇ ਤੱਤੇ ਹੋਏ ਗਾਇਕ ਮੀਕਾ ਸਿੰਘ, ਸ਼ਰੇਆਮ ਮਹਿਲਾ ਕਾਂਸਟੇਬਲ ਨੂੰ ਆਖੀ ਇਹ ਗੱਲ

Saturday, Jun 08, 2024 - 12:14 PM (IST)

ਜਲੰਧਰ (ਬਿਊਰੋ) : ਅਦਾਕਾਰਾ ਕੰਗਨਾ ਰਣੌਤ ਦਾ ਵਿਵਾਦਾਂ ਨਾਲ ਪੁਰਾਣਾ ਸਬੰਧ ਰਿਹਾ ਹੈ। ਬਾਲੀਵੁੱਡ ‘ਚ ਜਿੱਥੇ ਉਸ ਨੂੰ ਕਰਨ ਜੌਹਰ ਤੋਂ ਲੈ ਕੇ ਰਿਤਿਕ ਰੋਸ਼ਨ ਅਤੇ ਰਣਬੀਰ ਕਪੂਰ ਸਮੇਤ ਵੱਡੇ ਸਿਤਾਰਿਆਂ ਨਾਲ ਪਰੇਸ਼ਾਨੀ ਸੀ, ਉੱਥੇ ਹੀ ‘ਥੱਪੜ’ ਨੇ ਰਾਜਨੀਤੀ ‘ਚ ਐਂਟਰੀ ਕਰਦੇ ਹੀ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਹੁਣ ਹਾਲ ਹੀ ‘ਚ ਬਾਲੀਵੁੱਡ ਸਿਤਾਰੇ ਵੀ ਇਸ ਪੂਰੀ ਘਟਨਾ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਰਹੇ ਹਨ। ਕੰਗਨਾ ਨਾਲ ਥੱਪੜ ਵਾਲੀ ਘਟਨਾ 'ਤੇ ਪੰਜਾਬੀ ਤੇ ਬਾਲੀਵੁੱਡ ਗਾਇਕ ਮੀਕਾ ਸਿੰਘ ਵੱਲੋਂ ਦਿੱਤੀ ਗਈ ਪ੍ਰਤੀਕਿਰਿਆ ਤੋਂ ਹਰ ਕੋਈ ਹੈਰਾਨ ਰਹਿ ਗਿਆ। ਮੀਕਾ ਸਿੰਘ ਨੇ ਹਾਲ ਹੀ ‘ਚ ਚੰਡੀਗੜ੍ਹ ਏਅਰਪੋਰਟ ‘ਤੇ ਕੰਗਨਾ ਰਣੌਤ ਦੇ ਥੱਪੜ ਮਾਰਨ ਦੇ ਵਿਵਾਦ ‘ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕੀਤੀ ਹੈ। ਉਸ ਨੇ ਇੱਕ ਕੋਲਾਜ ਸਾਂਝਾ ਕੀਤਾ ਹੈ, ਇੱਕ ਪਾਸੇ CISF ਸੁਰੱਖਿਆ ਕਰਮਚਾਰੀ ਕੁਲਵਿੰਦਰ ਕੌਰ ਹੈ ਅਤੇ ਦੂਜੇ ਪਾਸੇ ਕੰਗਨਾ ਰਣੌਤ ਹੈ। 

ਮੀਕਾ ਸਿੰਘ ਨੇ ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ''ਪੰਜਾਬੀ ਅਤੇ ਸਿੱਖ ਭਾਈਚਾਰੇ ਵਜੋਂ, ਅਸੀਂ ਆਪਣੀ ਸੇਵਾ ਅਤੇ ਰੱਖਿਆ ਰਾਹੀਂ ਦੁਨੀਆ ਭਰ 'ਚ ਆਪਣਾ ਨਾਮ ਕਮਾਇਆ ਹੈ। ਏਅਰਪੋਰਟ 'ਤੇ ਕੰਗਨਾ ਰਣੌਤ ਨਾਲ ਜੋ ਹੋਇਆ ਇਹ ਸੁਣ ਕੇ ਬਹੁਤ ਦੁੱਖ ਹੋਇਆ। CISF ਕਾਂਸਟੇਬਲ ਹਵਾਈ ਅੱਡੇ 'ਤੇ ਡਿਊਟੀ 'ਤੇ ਸੀ ਅਤੇ ਉਸ ਦੀ ਡਿਊਟੀ ਸੀ ਕਿ ਉਹ ਆਪਣੇ ਆਲੇ-ਦੁਆਲੇ ਦੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਏ। ਇਹ ਦੁੱਖ ਦੀ ਗੱਲ ਹੈ ਕਿ ਉਸ ਨੇ ਕਿਸੇ ਹੋਰ ਸਥਿਤੀ ਨੂੰ ਲੈ ਕੇ ਆਪਣੇ ਨਿੱਜੀ ਗੁੱਸੇ ਕਾਰਨ ਇੱਕ ਯਾਤਰੀ 'ਤੇ ਹਮਲਾ ਕਰਨਾ ਜਾਇਜ਼ ਸਮਝਿਆ। ਉਸ ਨੂੰ ਸਿਵਲ ਡਰੈੱਸ 'ਚ ਏਅਰਪੋਰਟ ਦੇ ਬਾਹਰ ਆਪਣਾ ਗੁੱਸਾ ਦਿਖਾਉਣਾ ਚਾਹੀਦਾ ਸੀ। ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇਹ ਸਹੀ ਤਰੀਕਾ ਨਹੀਂ ਹੈ। ਉਸ ਦੀ ਇਸ ਕਾਰਵਾਈ ਦਾ ਹੋਰ ਪੰਜਾਬੀ ਔਰਤਾਂ 'ਤੇ ਅਸਰ ਪਵੇਗਾ ਅਤੇ ਉਨ੍ਹਾਂ ਨੂੰ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਜਾਵੇਗਾ ਕਿਉਂਕਿ ਇਕ ਵਿਅਕਤੀ ਨੇ ਗ਼ਲਤੀ ਕੀਤੀ ਹੈ।''

ਦੱਸ ਦਈਏ ਕਿ ਚੰਡੀਗੜ੍ਹ ਏਅਰਪੋਰਟ 'ਤੇ ਹੋਈ ਬਦਸਲੂਕੀ ਮਗਰੋਂ ਕੰਗਨਾ ਰਣੌਤ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਾਈਵ ਹੋ ਕੇ ਪੂਰੀ ਘਟਨਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਮੈਨੂੰ ਮੀਡੀਆ ਅਤੇ ਮੇਰੇ ਪ੍ਰਸ਼ੰਸਕਾਂ ਦੇ ਬਹੁਤ ਸਾਰੇ ਫੋਨ ਕਾਲ ਆ ਰਹੇ ਹਨ, ''ਮੈਂ ਬਿਲਕੁਲ ਠੀਕ ਹਾਂ। ਅੱਜ ਚੰਡੀਗੜ੍ਹ ਏਅਰਪੋਰਟ 'ਤੇ ਜੋ ਘਟਨਾ ਵਾਪਰੀ ਉਹ ਸਕਿਓਰਿਟੀ ਚੈੱਕ ਦੇ ਨਾਲ ਹੋਈ। ਮੈਂ ਸਕਿਓਰਿਟੀ ਚੈੱਕ ਤੋਂ ਬਾਅਦ ਅੱਗੇ ਨਿਕਲੀ ਤਾਂ ਦੂਜੇ ਕੈਬਿਨ 'ਚ ਜੋ CISF ਦੀ ਮਹਿਲਾ ਕਰਮਚਾਰੀ ਸੀ, ਉਸ ਨੇ ਮੇਰੇ ਅੱਗੇ ਆਉਣ ਅਤੇ ਕ੍ਰਾਸ ਕਰਨ ਦਾ ਇੰਤਜ਼ਾਰ ਕੀਤਾ, ਫਿਰ ਸਾਈਡ ਤੋਂ ਆ ਕੇ ਮੇਰੇ ਚਿਹਰੇ 'ਤੇ ਹਿੱਟ ਕੀਤਾ ਅਤੇ ਗਾਲ੍ਹਾਂ ਵੀ ਕੱਢੀਆਂ। ਮੈਂ ਉਸ ਨੂੰ ਪੁੱਛਿਆ ਕਿ ਉਸ ਨੇ ਅਜਿਹਾ ਕਿਉਂ ਕੀਤਾ ਤਾਂ ਉਸ ਨੇ ਕਿਹਾ ਕਿ ਉਹ ਕਿਸਾਨ ਅੰਦੋਲਨ ਨੂੰ ਸਪੋਰਟ ਕਰਦੀ ਹੈ। ਮੇਰੀ ਚਿੰਤਾ ਇਹ ਹੈ ਕਿ ਪੰਜਾਬ ਵਿੱਚ ਵੱਧ ਰਹੇ ਅੱਤਵਾਦ ਅਤੇ ਕੱਟੜਵਾਦ ਨੂੰ ਕਿਵੇਂ ਨਜਿੱਠਿਆ ਜਾ ਰਿਹਾ ਹੈ।''

PunjabKesari

ਦੱਸਣਯੋਗ ਹੈ ਕਿ ਬੀਤੇ ਵੀਰਵਾਰ ਦੁਪਹਿਰ 3.30 ਵਜੇ ਕੰਗਨਾ ਜਦੋਂ ਦਿੱਲੀ ਜਾਣ ਲਈ ਚੰਡੀਗੜ੍ਹ ਏਅਰਪੋਰਟ 'ਤੇ ਪੁਜੀ ਸੀ ਤਾਂ ਸਕਿਓਰਿਟੀ ਚੈੱਕ ਇਨ ਤੋਂ ਬਾਅਦ ਬੋਰਡਿੰਗ ਲਈ ਜਾਂਦੇ ਸਮੇਂ ਐੱਲ.ਸੀ.ਟੀ. ਕੁਲਵਿੰਦਰ ਕੌਰ (ਸੀ. ਆਈ. ਐੱਸ. ਐੱਫ. ਯੂਨਿਟ ਚੰਡੀਗੜ੍ਹ ਏਅਰਪੋਰਟ) ਨੇ ਉਸ ਨੂੰ ਥੱਪੜ ਮਾਰ ਦਿੱਤਾ ਸੀ। ਇਸ ਤੋਂ ਬਾਅਦ ਕੰਗਨਾ ਰਣੌਤ ਦੇ ਨਾਲ ਸਫ਼ਰ ਕਰ ਰਹੇ ਸ਼ਖ਼ਸ ਮਯੰਕ ਮਧੁਰ ਨੇ ਕੁਲਵਿੰਦਰ ਕੌਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਮੁਲਜ਼ਮ (ਸੀ. ਆਈ. ਐੱਸ. ਐੱਫ. ਦੇ)  ਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ। ਚੰਡੀਗੜ੍ਹ ਹਵਾਈ ਅੱਡੇ 'ਤੇ ਸੀ. ਆਈ. ਐੱਸ. ਐੱਫ. ਵੱਲੋਂ ਸੀ. ਸੀ. ਟੀ. ਵੀ. ਦੀ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News