ਗਾਇਕ ਕੁਲਵਿੰਦਰ ਬਿੱਲਾ ਨੇ ਕਣਕ ਦੇ ਨਾੜ ਸਾੜਨ ਵਾਲੇ ਕਿਸਾਨਾਂ ਨੂੰ ਕੀਤੀ ਖਾਸ ਅਪੀਲ
Tuesday, May 12, 2020 - 09:40 PM (IST)
ਮਾਨਸਾ,(ਸੰਦੀਪ ਮਿੱਤਲ)- ਮਾਨਸਾ ਦੇ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਵੱਲੋਂ ਦੱਸਿਆ ਗਿਆ ਕਿ ਪਿੱਛਲੇ ਮਹੀਨੇ ਕਿਸਾਨ ਯੂਨੀਅਨਾਂ, ਸਰਪੰਚ ਯੂਨੀਅਨਾਂ, ਰਾਜਨੀਤਿਕ, ਸਮਾਜ ਸੇਵੀ ਸੰਸਥਾਵਾਂ ਤੇ ਕਿਸਾਨਾਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਕੇ ਅਪੀਲ ਕੀਤੀ ਗਈ ਸੀ ਕਿ ਇਸ ਵਾਰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਤੇ ਪ੍ਰਦੂਸ਼ਣ ਦੀ ਰੋਕਥਾਮ ਲਈ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਨਾ ਸਾੜਿਆ ਜਾਵੇ, ਸਗੋਂ ਇਸਨੂੰ ਵਾਹ ਕੇ ਅਗਲੀ ਫਸਲ ਦੀ ਬਿਜਾਈ ਕੀਤੀ ਜਾਵੇ। ਜ਼ਿਲਾ ਮਾਨਸਾ ਦੀਆਂ ਕਿਸਾਨ ਜਥੇਬੰਦੀਆਂ ਅਤੇ ਸਮਾਜਸੇਵੀ ਸੰਸਥਾਵਾਂ ਦੇ ਸਹਿਯੋਗ ਨਾਲ ਸਾਰੇ ਕਿਸਾਨ ਵੀਰਾਂ ਵੱਲੋਂ ਮੀਟਿੰਗ 'ਚ ਲਏ ਪ੍ਰਣ ਦੀ ਪਾਲਣਾ ਕਰਦੇ ਹੋਏ ਆਪਣੇ ਆਪਣੇ ਖੇਤਾਂ 'ਚ ਖੜੇ ਕਣਕ ਦੇ ਨਾੜ ਨੂੰ ਵਾਹ ਕੇ ਅਗਲੀ ਫਸਲ ਦੀ ਬਿਜਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿੱਛਲੇ ਦਿਨੀਂ ਜਿਲ੍ਹਾ ਮਾਨਸਾ ਦੀਆਂ ਦੋ ਦਰਜ਼ਨ ਗ੍ਰਾਮ ਪੰਚਾਇਤਾਂ ਵੱਲੋਂ ਵੀ ਮਤੇ ਪਾਏ ਗਏ ਹਨ ਕਿ ਉਨ੍ਹਾਂ ਦੇ ਪਿੰਡਾਂ ਵਿੱਚ ਕੋਈ ਵੀ ਕਿਸਾਨ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਏਗਾ ਜੋ ਕਿ ਬਹੁਤ ਹੀ ਸ਼ਲਾਘਾਯੋਗ ਕਦਮ ਹੈ। ਐਸ.ਐਸ.ਪੀ. ਮਾਨਸਾ ਵੱਲੋਂ “ਧਰਤ ਦਿਵਸ”ਦੇ ਮੌਕੇ ਕੀਤੀ ਗਈ ਅਪੀਲ ਦੇ ਸਾਰਥਿਕ ਨਤੀਜ਼ੇ ਆਉਣੇ ਸ਼ੁਰੂ ਹੋ ਗਏ ਹਨ ਕਿਉਂਕਿ ਅੱਜ ਪ੍ਰਸਿੱਧ ਪੰਜਾਬੀ ਗਾਇਕ ਸ਼੍ਰੀ ਕੁਲਵਿੰਦਰ ਬਿੱਲਾ ਵੱਲੋਂ ਵੀ ਪਿੰਡ ਹਮੀਰਗੜ ਢੈਪਈ ਵਿਖੇ ਆਪਣੇ ਖੇਤ ਵਿੱਚ ਖੜੇ ਕਣਕ ਦੇ ਨਾੜ ਨੂੰ ਅੱਗ ਲਗਾ ਕੇ ਸਾੜਨ ਦੀ ਬਜਾਏ ਟਰੈਕਟਰ ਨਾਲ ਵਾਹ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੂੰ ਪ੍ਰੈਸ ਅਤੇ ਸੋਸ਼ਲ ਮੀਡੀਆ ਰਾਹੀਂ ਐਸ.ਐਸ.ਪੀ. ਮਾਨਸਾ ਦੀ ਲੋਕਹਿੱਤ ਅਪੀਲ ਬਾਰੇ ਪਤਾ ਲੱਗਾ ਤਾਂ ਉਸਨੇ ਇਸ 'ਤੇ ਅਮਲ ਕਰਨ ਦਾ ਪ੍ਰਣ ਲਿਆ ਜਿਸਦੇ ਸਿੱਟੇ ਵਜੋਂ ਉਸਨੇ ਅੱਜ ਖੁਦ ਆਪਣੇ ਖੇਤ ਵਿੱਚ ਟਰੈਕਟਰ ਚਲਾ ਕੇ ਖੜ੍ਹੇ ਨਾੜ ਨੂੰ ਵਾਹ ਕੇ ਅਗਲੀ ਫਸਲ ਬੀਜਣ ਦੀ ਤਿਆਰੀ ਕੀਤੀ ਹੈ। ਸ਼੍ਰੀ ਬਿੱਲਾ ਵੱਲੋਂ ਜ਼ਿਲਾ ਮਾਨਸਾ ਦੇ ਸਮੂਹ ਕਿਸਾਨ ਵੀਰਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਉਹ ਵੀ ਕਣਕ ਦੇ ਨਾੜ ਅੱਗ ਲਾਉਣ ਦੀ ਬਜਾਏ ਇਸ ਨੂੰ ਵਾਹ ਕੇ ਚੰਗੇ ਕਿਸਾਨ ਬਨਣ ਦਾ ਸਬੂਤ ਦੇਣ ਕਿਉਂਕਿ ਕਣਕ ਦੇ ਨਾੜ ਨੂੰ ਅੱਗ ਲਗਾਉਣ ਨਾਲ ਜਿੱਥੇ ਪ੍ਰਦੂਸ਼ਣ ਪੈਦਾ ਹੁੰਦਾ ਹੈ ਅਤੇ ਜੀਵ—ਜੰਤੂਆ/ਮਿੱਤਰ ਕੀੜਿਅÎਾਂ ਦਾ ਨਾਸ਼ ਹੋ ਜਾਂਦਾ ਹੈ, ਉਥੇ ਹੀ ਅੱਗ ਲਗਾਉਣ ਨਾਲ ਨਿਕਲਿਆ ਧੂਆਂ ਕੋਰੋਨਾ ਵਾਇਰਸ ਦੇ ਹੋਰ ਵਧਣ ਵਿੱਚ ਮੱਦਦਗਾਰ ਬਣਦਾ ਹੈ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸ਼੍ਰੀ ਰਾਮ ਸਿੰਘ ਭੈਣੀ ਬਾਘਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਕੋਰੋਨਾ ਦੀ ਮਹਾਂਮਾਰੀ ਨੂੰ ਮੁੱਖ ਰਖਦੇ ਹੋਏ ਫੈਸਲਾ ਕੀਤਾ ਗਿਆ ਹੈ ਕਿ ਇਸ ਵਾਰ ਕਿਸੇ ਵੀ ਕਿਸਾਨ ਵੱਲੋਂ ਕਣਕ ਦੇ ਨਾੜ ਨੂੰ ਅੱਗ ਨਹੀਂ ਲਗਾਈ ਜਾਵੇਗੀ। ਇਸ ਮੌਕੇ ਸ਼੍ਰੀ ਜਗਦੀਪ ਸਿੰਘ ਸਰਪੰਚ ਬੁਰਜ ਢਿੱਲਵਾਂ (ਬਲਾਕ ਪ੍ਰਧਾਨ ਸਰਪੰਚ ਯੂਨੀਅਨ ਬਲਾਕ ਮਾਨਸਾ) ਅਤੇ ਇੱਥੇ ਮੌਜੂਦ ਕਿਸਾਨ ਆਗੂਆਂ ਨੇ ਕਿਹਾ ਕਿ ਉਨ੍ਹਾਂ ਨੇ ਆਪੋ ਆਪਣੇ ਪਿੰਡਾਂ ਵਿੱਚ ਕਣਕ ਦੇ ਨਾੜ ਨੂੰ ਅੱਗ ਨਾ ਲਾਉਣ ਦਾ ਪ੍ਰਣ ਕੀਤਾ ਹੋਇਆ ਹੈ। ਐਸ.ਐਸ.ਪੀ. ਮਾਨਸਾ ਡਾ. ਭਾਰਗਵ ਵੱਲੋਂ ਕਿਸਾਨ ਜਥੇਬੰਦੀਆ, ਸਰਪੰਚਾਂ, ਕਿਸਾਨ ਵੀਰਾਂ ਅਤੇ ਸਮਾਜਸੇਵੀ ਸੰਸਥਾਵਾਂ ਦਾ ਧੰਨਵਾਦ ਕਰਦੇ ਹੋਏ ਦੱਸਿਆ ਗਿਆ ਕਿ ਸਾਰਿਆ ਦੇ ਸਹਿਯੋਗ ਸਦਕਾ ਹੀ ਇਹ ਸੰਭਵ ਹੋ ਸਕਿਆ ਹੈ। ਉਹਨਾਂ ਕਿਹਾ ਕਿ ਮਾਨਸਾ ਦੇ ਲੋਕ ਬਹੁਤ ਉਸਾਰੂ ਸੋਚ ਵਾਲੇ ਹਨ ਅਤੇ ਲੋਕ ਹਿੱਤੂ ਸਕੀਮਾਂ ਲਾਗੂ ਕਰਨ ਪ੍ਰਤੀ ਸਹਿਯੋਗ ਦੀ ਭਾਵਨਾ ਰਖਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਜਿਲ੍ਹੇ ਦੇ ਲੋਕਾਂ 'ਤੇ ਪੂਰਾ ਵਿਸ਼ਵਾਸ ਹੈ ਕਿ ਉਹ ਇਸ ਮੁਹਿੰਮ ਪ੍ਰਤੀ ਪੂਰੀ ਪ੍ਰਤੀਬੱਧਤਾ ਨਾਲ ਹੁੰਗਾਰਾ ਭਰਨਗੇ ਕਿ ਇਸ ਮੁਹਿੰਮ ਨੂੰ ਲੋਕ ਲਹਿਰ ਬਨਾਉਣ ਲਈ ਜਿਲ੍ਹਾ ਮਾਨਸਾ ਪੰਜਾਬ ਦੇ ਦੂਸਰੇ ਜਿਲਿਆਂ ਲਈ ਮਿਸਾਲ ਬਣੇਗਾ ਅਤੇ ਅਗਵਾਈ ਦੇਣ ਦਾ ਮਾਣ ਪ੍ਰਾਪਤ ਕਰੇਗਾ।