ਜੇਲ੍ਹ ''ਚ ਕਰਨ ਔਜਲਾ ਨੂੰ ਮਿਲੇ ਖ਼ਾਸ ਟਰੀਟਮੈਂਟ ''ਤੇ ਸੁੱਖੀ ਰੰਧਾਵਾ ਦੀ ਵੱਡੀ ਕਾਰਵਾਈ

Saturday, Apr 10, 2021 - 02:18 PM (IST)

ਲੁਧਿਆਣਾ (ਸਿਆਲ)  - ਇਕ ਵਾਰ ਫ਼ਿਰ ਤੋਂ ਪੰਜਾਬ ਦਾ ਨਾਮੀ ਗਾਇਕ ਕਰਨ ਔਜਲਾ ਵਿਵਾਦਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ, ਬੀਤੇ ਵੀਰਵਾਰ ਤਾਜਪੁਰ ਰੋਡ ਸਥਿਤ ਕੇਂਦਰੀ ਜੇਲ੍ਹ ’ਚ ਅਚਾਨਕ ਆਏ ਗਾਇਕ ਕਰਨ ਔਜਲਾ ਦੇ ਦੌਰੇ ਨੇ ਉਸ ਸਮੇਂ ਨਵਾਂ ਰੰਗ ਲੈ ਲਿਆ, ਜਦੋਂ ਪੰਜਾਬ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦੇ ਹੋਏ ਇਸ ਦੀ ਜਾਂਚ ਏ. ਡੀ. ਜੀ. ਪੀ. ਜੇਲ੍ਹ ਪ੍ਰਵੀਨ ਕੁਮਾਰ ਸਿਨ੍ਹਾ ਨੂੰ ਸੌਂਪੀ।

ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਮਾਮਲੇ ਨੂੰ ਲੰਬੇ ਹੱਥੀਂ
ਇਸ ਦੀ ਖ਼ੁਦ ਪੁਸ਼ਟੀ ਕਰਦੇ ਹੋਏ ਜੇਲ੍ਹ ਮੰਤਰੀ ਨੇ ਕਿਹਾ ਕਿ ਹਾਲੇ ਉਹ ਸੀ. ਸੀ. ਟੀ. ਵੀ. ਫੁਟੇਜ ਵੇਖਣਗੇ ਅਤੇ ਕੇਸ ਦੀ ਜਾਂਚ ਤੋਂ ਬਾਅਦ ਹੀ ਅਗਲੇ ਹੁਕਮ ਦੇਣਗੇ ਕਿਉਂਕਿ ਮੀਡੀਆ ਨੇ ਇਸ ਕੇਸ ਨੂੰ ਬਹੁਤ ਜ਼ੋਰ-ਸ਼ੋਰ ਨਾਲ ਉਠਾਇਆ ਹੈ ਕਿ ਜਿਥੇ ਆਮ ਕੈਦੀ ਅਤੇ ਹਵਾਲਾਤੀ ਨੂੰ ਮਿਲਣ ਲਈ ਉਸ ਦੇ ਰਿਸ਼ਤੇਦਾਰਾਂ ਨੂੰ ਇਕ ਲੰਬੀ ਪ੍ਰਕਿਰਿਆ ’ਚੋਂ ਗੁਜ਼ਰਨਾ ਪੈਂਦਾ ਹੈ, ਉਥੇ ਇਕ ਖ਼ਾਸ ਮਹਿਮਾਨ ਦੇ ਤੌਰ ’ਤੇ ਆਏ ਗਾਇਕ ਲਈ ਸਾਰੇ ਨਿਯਮਾਂ ਨੂੰ ਇਕ ਪਾਸੇ ਕਰ ਦਿੱਤਾ ਗਿਆ। 

ਜੇਲ੍ਹ ਦੇ ਅੰਦਰ ਬਿਤਾਏ ਕਈ ਘੰਟੇ
ਇਸ ਤੋਂ ਪਹਿਲਾਂ ਬੀਤੇ ਵੀਰਵਾਰ ਨੂੰ ਗਾਇਕ ਕਰਨ ਔਜਲਾ ਜੇਲ੍ਹ ਸੁਪਰਡੈਂਟ ਰਾਜੀਵ ਅਰੋੜਾ ਦੇ ਬੁਲਾਵੇ ’ਤੇ ਜੇਲ੍ਹ ਨਿਯਮਾਂ ਦੇ ਉਲਟ ਬਿਨਾਂ ਕਿਸੇ ਜਾਂਚ-ਪੜਤਾਲ ਦੇ ਨਾ ਸਿਰਫ਼ ਅੰਦਰ ਗਏ, ਸਗੋਂ ਕਈ ਘੰਟੇ ਜੇਲ੍ਹ ਦੇ ਅੰਦਰ ਵੀ ਬਿਤਾਏ। ਬੇਸ਼ੱਕ ਬਾਅਦ ’ਚ ਇਸ ਨੂੰ ਜੇਲ੍ਹ ਸੁਪਰਡੈਂਟ ਨੇ ਗਾਇਕ ਦਾ ਦੋਸਤਾਨਾ ਦੌਰਾ ਦੱਸਿਆ ਪਰ ਜੇਲ੍ਹ ਨਾਲ ਜੁੜਿਆ ਹੋਣ ਕਾਰਨ ਇਸ ਦੀ ਕਾਫ਼ੀ ਚਰਚਾ ਹੋ ਰਹੀ ਹੈ। ਇਸ ਸਭ ’ਤੇ ਹੁਣ ਵਿਭਾਗ ਨੇ ਜਵਾਬਦੇਹੀ ਬਣਦੀ ਦੇਖ ਕੇ ਜਲਦਬਾਜ਼ੀ ’ਚ ਜੇਲ੍ਹ ਮੰਤਰੀ ਰੰਧਾਵਾ ਨੇ ਇਸ ਮਾਮਲੇ ਨਾਲ ਜੁੜੇ ਸਾਰੇ ਪਹਿਲੂਆਂ ’ਤੇ ਜਾਂਚ ਦੇ ਹੁਕਮ ਦਿੱਤੇ ਹਨ।

ਜੇਲ੍ਹ ਦੇ ਸੁਪਰਡੈਂਟ ਦੇ ਕਮਰੇ 'ਚ ਕਰਨ ਔਜਲਾ ਨੇ ਬਿਤਾਇਆ ਲੰਬਾ ਸਮਾਂ
ਦੱਸ ਦਈਏ ਕਿ ਲੁਧਿਆਣਾ ਜੇਲ੍ਹ ਕਰਨ ਔਜਲਾ ਆਪਣੀਆਂ ਗੱਡੀਆਂ ਦੇ ਕਾਫਲੇ ਨਾਲ ਪਹੁੰਚਿਆ ਸੀ। ਇਸ ਦੌਰਾਨ ਉਹ ਜੇਲ੍ਹ ਦੇ ਸੁਪਰਡੈਂਟ ਦੇ ਕਮਰੇ 'ਚ ਬੈਠੇ ਸਨ। ਜੇਲ੍ਹ ਦੇ ਸੁਪਰਡੈਂਟ ਦਾ ਕਹਿਣਾ ਹੈ ਕਿ ਕਰਨ ਔਜਲਾ ਉਸ ਦੇ ਪੁੱਤਰ ਦਾ ਚੰਗਾ (ਕਰੀਬੀ) ਦੋਸਤ ਹੈ, ਜਿਸ ਕਰਕੇ ਉਸ ਨੂੰ ਰੋਟੀ 'ਤੇ ਬੁਲਾਇਆ ਸੀ। ਕਰਨ ਔਜਲਾ ਨੂੰ ਬਿਨਾਂ ਕਿਸੇ ਚੈਕਿੰਗ ਦੇ ਜੇਲ੍ਹ ਦੇ ਅੰਦਰ ਲਿਜਾਇਆ ਗਿਆ ਅਤੇ ਦਰਵਾਜ਼ੇ ਬੰਦ ਕਰ ਦਿੱਤੇ ਗਏ।

ਸੀਨੀਅਰ ਅਧਿਕਾਰੀ ਦੀ ਤਰ੍ਹਾਂ ਕਰਨ ਔਜਲਾ ਦੀ ਹੋਈ ਐਂਟਰੀ
ਤਾਜਪੁਰ ਰੋਡ ਦੀ ਕੇਂਦਰੀ ਜੇਲ੍ਹ 'ਚ ਗਾਇਕ ਕਰਨ ਔਜਲਾ ਦੇ ਗੱਡੀਆਂ ਦੇ ਕਾਫ਼ਲੇ ਨੂੰ ਇਸ ਤਰ੍ਹਾਂ ਜੇਲ੍ਹ ਕੰਪਲੈਕਸ 'ਚ ਐਂਟਰੀ ਮਿਲੀ, ਜਿਵੇਂ ਜੇਲ੍ਹ ਦੇ ਕਿਸੇ ਸੀਨੀਅਰ ਅਧਿਕਾਰੀ ਨੂੰ ਮਿਲਦੀ ਹੈ। ਇਸ 'ਚ ਕਿਹੜਾ-ਕਿਹੜਾ ਪ੍ਰੋਟੋਕਾਲ ਤੋੜਿਆ ਗਿਆ, ਇਸ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ। 

ਲੁਧਿਆਣਾ ਜੇਲ੍ਹ 'ਚ ਬੰਦ ਹੈ ਨਸ਼ਾ ਤਸਕਰ ਗੁਰਦੀਪ ਰਾਣੋਂ 
ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਜੇਲ੍ਹ 'ਚ ਨਸ਼ਾ ਤਸਕਰ ਗੁਰਦੀਪ ਰਾਣੋਂ ਬੰਦ ਹੈ। ਕਰਨ ਔਜਲਾ ਇਸ ਨਸ਼ਾ ਤਸਕਰ ਦੀ ਕੋਠੀ 'ਚ ਆਪਣੇ ਕਿਸੇ ਪ੍ਰਾਜੈਕਟ ਦੀ ਸ਼ੂਟਿੰਗ ਵੀ ਕਰ ਚੁੱਕਾ ਹੈ। 

ਕਰਨ ਔਜਲਾ ਦੇ ਆਉਂਦੇ ਹੀ ਉੱਡੀਆਂ ਕੋਰੋਨਾ ਨਿਯਮਾਂ ਧੱਜੀਆਂ
ਦੱਸਿਆ ਜਾਂਦਾ ਹੈ ਕਿ ਜੇਲ੍ਹ ਕੰਪਲੈਕਸ 'ਚ ਬਿਨਾਂ ਕਿਸੇ ਚੈਕਿੰਗ ਦੇ ਅੰਦਰ ਕਿਸੇ ਨੂੰ ਵੀ ਐਂਟਰੀ ਨਹੀਂ ਦਿੱਤੀ ਜਾਂਦੀ। ਅਜਿਹੀ ਹਾਲਤ 'ਚ ਗਾਇਕ ਕਰਨ ਔਜਲਾ ਦੇ ਜੇਲ੍ਹ ਕੰਪਲੈਕਸ 'ਚ ਆਉਣ ਦੀ ਖ਼ਬਰ ਸੁਣਦੇ ਹੀ ਉਨ੍ਹਾਂ ਦੇ ਕਈ ਪ੍ਰਸ਼ੰਸਕਾਂ ਨੇ ਕੋਰੋਨਾ ਨਿਯਮਾਂ ਦੀ ਪ੍ਰਵਾਹ ਨਾ ਕਰਦੇ ਹੋਏ ਉਨ੍ਹਾਂ ਨਾਲ ਸੈਲਫੀਆਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ਨਾਲ ਨਾ ਸਿਰਫ਼ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉੱਡੀਆਂ, ਸਗੋਂ ਜੇਲ੍ਹ ਦਾ ਸੁਰੱਖਿਆ ਸਟਾਫ਼ ਵੀ ਆਪਣੇ ਖ਼ਾਸ ਮਹਿਮਾਨ ਦੇ ਸਵਾਗਤ 'ਚ ਚੁੱਪ ਰਿਹਾ। ਜੇਲ੍ਹ ਕੰਪਲੈਕਸ 'ਚ ਗਾਇਕ ਦੇ ਆਉਣ ਸਬੰਧੀ ਜੇਲ੍ਹ ਸੁਪਰੀਡੈਂਟ ਰਾਜੀਵ ਅਰੋੜਾ ਨਾਲ ਮੀਡੀਆ ਨੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੇ ਦੋਸਤ ਹਨ। ਉਹ ਪਹਿਲਾਂ ਵੀ ਆਉਂਦੇ-ਰਹਿੰਦੇ ਹਨ ਅਤੇ ਥੋੜ੍ਹੀ ਦੇਰ ਬਾਅਦ ਚਲੇ ਗਏ।


sunita

Content Editor

Related News