ਗਾਇਕ ਅਤੇ ਗੀਤਕਾਰ ਨਸ਼ੇ ਅਤੇ ਹਥਿਆਰਾਂ ਸਬੰਧੀ ਗੀਤਾਂ ਤੋਂ ਗੁਰੇਜ਼ ਕਰਨ
Saturday, Mar 10, 2018 - 10:25 AM (IST)
ਪਟਿਆਲਾ (ਬਲਜਿੰਦਰ)-ਗੀਤ ਕਿਸੇ ਸਮਾਜ ਦਾ ਦਰਪਣ ਹੁੰਦੇ ਹਨ। ਜਿਸ ਤਰ੍ਹਾਂ ਦੇ ਗੀਤ ਕਿਸੇ ਸਮਾਜ ਵਿਚ ਗਾਏ ਜਾਣਗੇ, ਉਸੇ ਤਰ੍ਹਾਂ ਦੀ ਉਥੋਂ ਦੀ ਨੌਜਵਾਨ ਪੀੜ੍ਹੀ ਹੋਵੇਗੀ। ਗੀਤ-ਸੰਗੀਤ ਹੀ ਮਨੁੱਖੀ ਜੀਵਨ 'ਤੇ ਚੰਗਾ ਜਾਂ ਮਾੜਾ ਪ੍ਰਭਾਵ ਪਾਉਂਦੇ ਹਨ। ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਤਾਂ ਜੋ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਚੰਗੇ ਗੀਤ-ਸੰਗੀਤ ਨਾਲ ਜੋੜ ਕੇ ਉਨ੍ਹਾਂ ਦੀ ਸ਼ਕਤੀ ਨੂੰ ਉਸਾਰੂ ਕੰਮਾਂ ਵਿਚ ਲਾਇਆ ਜਾ ਸਕੇ। ਇਸ ਤਹਿਤ ਐੈੱਸ. ਐੈੱਸ. ਪੀ. ਪਟਿਆਲਾ ਡਾ. ਐੈੱਸ. ਭੂਪਤੀ ਨੇ ਅੱਜ ਕਲਾਕਾਰਾਂ ਅਤੇ ਡੀ. ਜੇ. ਗਰੁੱਪਾਂ ਦੇ ਕਰੀਬ 130 ਮੈਂਬਰਾਂ ਨਾਲ ਪੁਲਸ ਲਾਈਨ ਪਟਿਆਲਾ ਵਿਖੇ ਮੀਟਿੰਗ ਕੀਤੀ। ਇਸ ਵਿਚ ਪਟਿਆਲਾ ਜ਼ਿਲੇ ਨਾਲ ਸਬੰਧਤ ਪੰਜਾਬੀ ਕਲਾਕਾਰ ਪੰਮੀ ਬਾਈ ਅਤੇ ਐਮੀ ਵਿਰਕ ਸ਼ਾਮਲ ਹੋਏ। ਇਨ੍ਹਾਂ ਤੋਂ ਇਲਾਵਾ ਵੱਖ-ਵੱਖ ਡੀ. ਜੇ. ਗਰੁੱਪਾਂ ਨੇ ਵੀ ਮੀਟਿੰਗ ਵਿਚ ਹਿੱਸਾ ਲਿਆ।
ਇਸ ਮੌਕੇ ਡਾ. ਭੂਪਤੀ ਨੇ ਕਿਹਾ ਕਿ ਪੰਜਾਬੀ ਕਲਾਕਾਰਾਂ ਵੱਲੋਂ ਨਸ਼ੇ ਅਤੇ ਅਸਲੇ ਸਬੰਧੀ ਉਕਸਾਉਣ ਵਾਲੇ ਗੀਤ ਨਾ ਲਿਖੇ ਜਾਣ, ਨਾ ਰਿਕਾਰਡ ਕੀਤੇ ਜਾਣ, ਨਾ ਗਾਏ ਜਾਣ ਅਤੇ ਨਾ ਹੀ ਡੀ. ਜੇ. ਵਿਚ ਵਜਾਏ ਜਾਣ। ਅਜਿਹੇ ਗੀਤ ਨੌਜਵਾਨ ਪੀੜ੍ਹੀ 'ਚ ਮੁਜਰਮਾਂ ਵਾਲੀ ਪ੍ਰਵਿਰਤੀ ਨੂੰ ਜਨਮ ਦਿੰਦੇ ਹਨ। ਇਸ ਨਾਲ ਉਹ ਜੁਰਮ ਦੀ ਦੁਨੀਆ ਵਿਚ ਬੁਰੀ ਤਰ੍ਹਾਂ ਧਸ ਕੇ ਆਪਣਾ ਜੀਵਨ ਬਰਬਾਦ ਕਰ ਲੈਂਦੇ ਹਨ। ਇਸ ਲਈ ਸਾਡੀ ਇਹ ਨੈਤਿਕ ਜ਼ਿੰਮੇਵਾਰੀ ਹੈ ਕਿ ਅਸੀਂ ਸਮਾਜ ਨੂੰ ਸਹੀ ਸੇਧ ਦੇਣ ਵਾਸਤੇ ਚੰਗੇ ਗੀਤਾਂ ਦੀ ਰਚਨਾ ਕਰੀਏ। ਐੈੱਸ. ਐੈੱਸ. ਪੀ. ਨੇ ਕਿਹਾ ਕਿ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਹੀ ਲਿਖੇ, ਰਿਕਾਰਡ ਕੀਤੇ ਅਤੇ ਗਾਏ ਜਾਣ।
ਇਸ ਮੌਕੇ ਪੰਜਾਬੀ ਗਾਇਕ ਪੰਮੀ ਬਾਈ ਅਤੇ ਐਮੀ ਵਿਰਕ ਨੇ ਸਾਫ਼-ਸੁਥਰੇ ਅਤੇ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਗਾਉਣ ਵਿਚ ਹੀ ਭਰੋਸਾ ਪ੍ਰਗਟਾਇਆ। ਇਸ ਸਮੇਂ ਪੰਜਾਬੀ ਕਲਾਕਾਰਾਂ ਤੋਂ ਇਲਾਵਾ ਐੱਸ. ਪੀ. ਡੀ. ਹਰਵਿੰਦਰ ਸਿੰਘ ਵਿਰਕ, ਐੈੱਸ. ਪੀ. ਸਿਟੀ ਕੇਸਰ ਸਿੰਘ, ਥਾਣਾ ਸਦਰ ਦੇ ਐੈੱਸ. ਐੈੱਚ. ਓ. ਇੰਸ. ਜਸਵਿੰਦਰ ਸਿੰਘ ਟਿਵਾਣਾ ਅਤੇ ਸਮੂਹ ਥਾਣਿਆਂ ਦੇ ਮੁਖੀ ਸਾਹਿਬਾਨ ਹਾਜ਼ਰ ਸਨ।
