ਝੂਠੀਆਂ ਸਹੁੰਆਂ ਖਾ ਕੇ ਸੱਤਾ ਆਈ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਜ਼ੀਰੋ: ਮਾਨ

Monday, Mar 09, 2020 - 06:32 PM (IST)

ਝੂਠੀਆਂ ਸਹੁੰਆਂ ਖਾ ਕੇ ਸੱਤਾ ਆਈ ਕਾਂਗਰਸ ਪਾਰਟੀ ਦੀ ਕਾਰਗੁਜ਼ਾਰੀ ਜ਼ੀਰੋ: ਮਾਨ

ਸ੍ਰੀ ਅਨੰਦਪੁਰ ਸਾਹਿਬ (ਦਲਜੀਤ ਸਿੰਘ)— ਹੋਲਾ-ਮਹੱਲਾ ਦੇ ਅੱਜ ਦੂਜੇ ਦਿਨ ਭਾਵੇਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗਠਜੋੜ, 'ਆਪ' ਅਤੇ ਕਾਂਗਰਸ ਵੱਲੋਂ ਆਪਣੀ-ਆਪਣੀ ਸਿਆਸੀ ਕਾਨਫਰੰਸ ਨਹੀਂ ਕੀਤੀ ਗਈ ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ ਦਲ) ਵੱਲੋਂ ਆਪਣੀ ਪੁਰਾਣੀ ਜਗ੍ਹਾ ਨੇੜੇ ਸਰੋਵਰ ਕੋਲ ਸਿਆਸੀ ਕਾਨਫਰੰਸ ਕੀਤੀ ਗਈ। ਇਸ 'ਚ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਸਮੇਤ ਸਮੁੱਚੀ ਸੀਨੀਅਰ ਲੀਡਰਸ਼ਿਪ ਮੌਜੂਦ ਸੀ।

ਕਾਨਫਰੰਸ ਨੂੰ ਸੰਬੋਧਨ ਕਰਦੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਸੂਬੇ ਦੀ ਕਾਂਗਰਸ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਗੁਟਕਾ ਸਾਹਿਬ ਦੀਆਂ ਝੂਠੀਆਂ ਸਹੁੰਆਂ ਖਾ ਕੇ ਅਤੇ ਲੋਕਾਂ ਨੂੰ ਝੂਠੇ ਲਾਅਰੇ ਲਾ ਕੇ ਸੱਤਾ 'ਚ ਆਈ ਕੈਪਟਨ ਸਰਕਾਰ ਦੀ ਪਿਛਲੇ 3 ਸਾਲ ਦੀ ਕਾਰਗੁਜ਼ਾਰੀ ਜ਼ੀਰੋ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਆਪਸ 'ਚ ਮਿਲੇ ਹੋਏ ਹਨ ਤਾਂ ਹੀ ਕੈਪਟਨ ਵੱਲੋਂ ਆਪਣੇ ਵਿਧਾਇਕਾਂ ਅਤੇ ਮੰਤਰੀਆਂ ਵੱਲੋਂ ਦਬਾਅ ਪਾਉਣ ਦੇ ਬਾਵਜੂਦ ਬਾਦਲ ਪਰਿਵਾਰ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਲੋਕਾਂ 'ਤੇ ਥੋਪੇ ਐੱਨ. ਆਰ. ਸੀ, ਸੀ. ਏ. ਏ. ਅਤੇ ਐੱਨ. ਪੀ. ਆਰ. ਵਰਗੇ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰਕੇ ਇਥੋਂ ਦੇ ਅਮਨ-ਚੈਨ ਅਤੇ ਜਮਹੂਰੀਅਤ ਨੂੰ ਕਾਇਮ ਰੱਖਣ ਦੀ ਅਪੀਲ ਕੀਤੀ।

PunjabKesari

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਮੁੱਦੇ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਅਮਰੀਕਾ ਵੈਨੇਜੂਏਲਾ ਮੁਲਕ ਦੀਆਂ ਚੋਣਾਂ ਕਰਵਾਉਣ ਲਈ ਯੂ. ਐੱਨ. ਨੂੰ ਗੁਜਾਰਿਸ਼ ਕਰ ਸਕਦਾ ਹੈ ਤਾਂ ਕਾਨੂੰਨ ਅਨੁਸਾਰ ਹੋਂਦ 'ਚ ਆਈਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਮਿੱਥੇ ਸਮੇਂ 'ਤੇ ਕਿਉਂ ਨਹੀਂ ਹੋ ਸਕਦੀਆਂ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਆਪਣੇ ਭਾਈਵਾਲਾਂ ਦੇ ਸਿਆਸੀ ਅਤੇ ਪਰਿਵਾਰਕ ਸਵਾਰਥਾਂ ਦੀ ਪੂਰਤੀ ਅਧੀਨ ਹੀ ਕਾਨੂੰਨੀ ਮਿਆਦ ਖਤਮ ਹੋਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਚੋਣਾਂ ਨਹੀਂ ਕਰਵਾ ਰਹੀ।

ਅੱਜ ਦੇ ਭਾਰੀ ਇਕੱਠ ਮੌਕੇ ਮਾਨ ਨੇ ਕੇਂਦਰ ਸਰਕਾਰ ਨੂੰ ਜਿੱਥੇ ਇਹ ਅਪੀਲ ਕੀਤੀ ਕਿ ਉਹ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਨੂੰ ਤੁਰੰਤ ਖਤਮ ਕਰੇ, ਉੱਥੇ ਹੀ ਉਨ੍ਹਾਂ ਸਮੁੱਚੀ ਸਿੱਖ ਕੌਮ ਨੂੰ ਅਪੀਲ ਕੀਤੀ ਕਿ ਕੇਂਦਰ ਵਲੋਂ ਕਰਵਾਈ ਜਾਣ ਵਾਲੀ ਨਵੀਂ ਮਰਦਮਸ਼ੁਮਾਰੀ 'ਚ ਗਲਤ ਪ੍ਰਚਾਰ ਵਿਚ ਨਾ ਆ ਕੇ ਫਾਰਮਾਂ 'ਚ ਆਪਣੀ ਕੌਮੀਅਤ ਬਤੌਰ 'ਸਿੱਖ' ਦਰਜ ਕਰਨ।


author

shivani attri

Content Editor

Related News