ਕੰਮ ਕਰਨ ''ਚ ਵਿਸ਼ਵਾਸ ਰੱਖਦਾ ਹਾਂ ਫੋਕੇ ਬਿਆਨ ਦੇਣ ਦਾ ਆਦੀ ਨਹੀਂ - ਕਿੱਕੀ ਢਿੱਲੋਂ
Tuesday, Feb 13, 2018 - 02:49 PM (IST)

ਸਾਦਿਕ (ਪਰਮਜੀਤ) - ਮੈਂ ਲੋਕਾਂ ਦੀਆਂ ਉਮੀਦਾਂ 'ਤੇ ਖਰਾ ਉੱਤਰ ਸਕਾਂ ਤੇ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਕੇ ਪੰਜ ਸਾਲ ਬਾਅਦ ਮੇਰੇ ਕੀਤੇ ਕੰਮ ਬੋਲਣਗੇ, ਮੈਨੂੰ ਬੋਲਣ ਦੀ ਲੋੜ ਨਹੀਂ ਪੈਣੀ ਤੇ ਜੋ ਲੋਕ ਬੇਲੋੜੀ ਬਿਆਨਬਾਜ਼ੀ ਕਰ ਰਹੇ ਹਨ ਉਹ ਦੱਸਣ ਕਿ ਅਕਾਲੀ ਦੱਲ ਨੇ 10 ਸਾਲ ਦੇ ਕਾਰਜਕਾਲ ਦੌਰਾਨ ਹਲਕੇ ਦਾ ਕੀ ਸੰਵਾਰਿਆ ਹੈ? ਮੈਂ ਕੰਮ ਕਰਨ ਵਿਚ ਵਿਸ਼ਵਾਸ ਰੱਖਦਾ ਹਾਂ ਤੇ ਫੋਕੇ ਬਿਆਨ ਦੇਣ ਦਾ ਆਦੀ ਨਹੀਂ। ਇਹ ਸ਼ਬਦ ਸਾਦਿਕ ਵਿਖੇ ਸੁਖਵਿੰਦਰ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਐੱਮ. ਐੱਲ. ਏ ਫਰੀਦਕੋਟ ਨੇ ਕਹੇ। ਉਹ ਇਲਾਕੇ 'ਚ ਚਲਦੇ ਰੇਤੇ ਦੇ ਖੱਡਿਆਂ ਸਬੰਧੀ ਅਕਾਲੀ ਦਲ ਵੱਲੋਂ ਪਾਏ ਜਾ ਰਹੇ ਰਾਮ ਰੌਲੇ ਸਬੰਧੀ ਆਪਣਾ ਪ੍ਰਤੀਕਰਮ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਫ਼ਰੀਦਕੋਟ ਹਲਕੇ ਵਿਚ ਪੰਜ-ਛੇ ਰੇਤਾ ਦੇ ਨਾਜਾਇਜ਼ ਖੱਡੇ ਚੱਲਦੇ ਰਹੇ ਹਨ ਜਦੋਂ ਕਿ ਹੁਣ ਕਾਂਗਰਸ ਦੀ ਸਰਕਾਰ ਸਮੇਂ ਇਕ ਹੀ ਰੇਤਾ ਦਾ ਮਨਜ਼ੂਰਸ਼ੁਦਾ ਖੱਡਾ ਚੱਲ ਰਿਹਾ ਸੀ ਤੇ ਅਕਾਲੀ ਦਲ ਕੋਲ ਕੋਈ ਮੁੱਦਾ ਨਾ ਹੋਣ ਕਾਰਨ ਮਾਮਲੇ ਨੂੰ ਤੁਲ ਦਿੱਤੀ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸਮੇਂ ਰੇਤਾ ਦੇ ਖੱਡੇ ਸਿਰਫ 40 ਕਰੋੜ ਰੁਪਏ ਵਿਚ ਦਿੱਤੇ ਜਾਂਦੇ ਸਨ ਜਦੋਂ ਕਿ ਕਾਂਗਰਸ ਸਰਕਾਰ ਨੇ 650 ਕਰੋੜ ਰੁਪਏ ਵਿਚ ਦੇ ਕੇ ਸਰਕਾਰੀ ਖਜ਼ਾਨੇ ਦੀ ਆਮਦਨ ਵਿਚ ਵਾਧਾ ਕੀਤਾ। ਕਿੱਕੀ ਢਿੱਲੋਂ ਨੇ ਮੁਕਤਸਰ-ਫਿਰੋਜ਼ਪੁਰ ਸੜਕ ਦੇ ਬਾਈਪਾਸ ਸਬੰਧੀ ਫਿਰ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ। ਮੇਰਾ ਕੰਮ ਇਲਾਕੇ ਦਾ ਵਿਕਾਸ ਕਰਨਾ ਹੈ। ਇਸ ਮੌਕੇ ਸ਼ਿਵਰਾਜ ਸਿੰਘ ਢਿੱਲੋਂ, ਰਣਜੀਤ ਸਿੰਘ ਭੋਲੂਵਾਲਾ, ਸੁਖਵਿੰਦਰ ਸਿੰਘ ਢਿੱਲੋਂ, ਬਲਜਿੰਦਰ ਸਿੰਘ ਔਲਖ, ਹੀਰਾ ਸਿੰਘ ਸੰਧੂ, ਗਿੰਦਰਜੀਤ ਸਿੰਘ ਸੇਖੋਂ, ਡਾ. ਜੰਗੀਰ ਸਿੰਘ , ਨੈਬ ਸਿੰਘ ਸੰਧੂ ਜੰਡਵਾਲਾ, ਗੁਰਜੀਤ ਸਿੰਘ ਢਿੱਲੋਂ, ਮਾਸਟਰ ਅਮਰਜੀਤ ਸਿੰਘ ਢਿੱਲੋਂ, ਸ਼ਾਮ ਸੁੰਦਰ ਤੇ ਵੀ ਹਾਜ਼ਰ ਸਨ।