ਪੰਜਾਬ ਨੂੰ ਪਾਣੀ ਦੀ ਕੀਮਤ ਅਦਾ ਕਰ ਕੇ ਕੇਜਰੀਵਾਲ ਆਪਣਾ ਵਚਨ ਨਿਭਾਵੇ : ਸਿਮਰਜੀਤ ਬੈਂਸ

02/19/2020 12:33:58 AM

ਪਟਿਆਲਾ,(ਇੰਦਰਜੀਤ) : ਲੋਕ ਇਨਸਾਫ ਪਾਰਟੀ ਦੇ ਆਗੂ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕੀਤੀ ਹੈ ਕਿ ਉਹ ਨਰਵਾਣਾ ਬ੍ਰਾਂਚ ਰਾਹੀਂ ਪੰਜਾਬ ਤੋਂ ਮਿਲਦੇ ਪਾਣੀ ਦੀ ਕੀਮਤ ਅਦਾ ਕਰ ਕੇ ਆਪਣਾ ਵਚਨ ਨਿਭਾਉਣ ।
ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਬੈਂਸ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵੇਲੇ ਲੋਕ ਇਨਸਾਫ ਪਾਰਟੀ ਅਤੇ ਆਮ ਆਦਮੀ ਪਾਰਟੀ ਦਰਮਿਆਨ ਗਠਜੋੜ ਹੋਣ ਮੌਕੇ ਅਰਵਿੰਦ ਕੇਜਰੀਵਾਲ ਨੇ ਲੁਧਿਆਣਾ ਵਿਚ ਮੀਡੀਆ ਨੂੰ ਮੁਖਾਤਿਬ ਹੁੰਦਿਆਂ ਪੰਜਾਬ ਨੂੰ ਪਾਣੀ ਦੀ ਕੀਮਤ ਦੇਣ ਦਾ ਵਚਨ ਦਿੱਤਾ ਸੀ। ਉਨ੍ਹਾਂ ਕਿਹਾ ਕਿ ਹੁਣ ਇਹ ਵਚਨ ਨਿਭਾਉਣ ਦਾ ਸਮਾਂ ਆ ਗਿਆ ਹੈ। ਉਨ੍ਹਾਂ ਕਿਹਾ ਕਿ ਦਿੱਲੀ ਨੇ ਯਮੁਨਾ ਨਦੀ ਵਿਚ ਹਿਮਾਚਲ ਪ੍ਰਦੇਸ਼ ਦੇ ਹਿੱਸੇ ਦਾ ਪਾਣੀ ਵਰਤਣ ਲਈ ਹਿਮਾਚਲ ਪ੍ਰਦੇਸ਼ ਨੂੰ ਸਾਲਾਨਾ 21 ਕਰੋੜ ਰੁਪਏ ਦੇਣ ਦਾ ਇਕਰਾਰ ਕੀਤਾ ਹੈ ਤੇ ਹਰਿਆਣਾ ਨੂੰ ਵੀ ਉਹ ਪਾਣੀ ਦੀ ਕੀਮਤ ਦੀ ਅਦਾਇਗੀ ਕਰ ਰਿਹਾ ਹੈ, ਅਜਿਹੇ ਵਿਚ ਪੰਜਾਬ ਨੂੰ ਵੀ ਦਿੱਲੀ ਨੂੰ ਦਿੱਤੇ ਜਾ ਰਹੇ 0.2 ਐਮ ਏ ਐਫ ਪਾਣੀ ਦੀ ਕੀਮਤ ਮਿਲਣੀ ਚਾਹੀਦੀ ਹੈ। ਇਕ ਸਵਾਲ ਦੇ ਜਵਾਬ ਵਿਚ ਬੈਂਸ ਨੇ ਦੱਸਿਆ ਕਿ ਪਾਣੀ ਸਬੰਧੀ ਸਮਝੌਤਾ 1955 ਵਿਚ ਲਾਗੂ ਹੋਇਆ ਸੀ ਅਤੇ ਉਸ ਵੇਲੇ ਤੋਂ ਹੁਣ ਤੱਕ ਦੀ ਬਣਦੀ ਕੀਮਤ ਪੰਜਾਬ ਨੂੰ ਮਿਲਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਕੱਲੇ ਰਾਜਸਥਾਨ ਤੋਂ ਪੰਜਾਬ ਨੇ ਪਾਣੀ ਦੀ ਕੀਮਤ ਦੇ 16 ਲੱਖ ਕਰੋੜ ਰੁਪਏ ਲੈਣੇ ਹਨ, ਜਦਕਿ ਹਰਿਆਣਾ ਤੋਂ ਵੱਖਰੇ ਪੈਸੇ ਲੈਣੇ ਹਨ।

ਉਹਨਾਂ ਦੱਸਿਆ ਕਿ ਭਾਰਤੀ ਸੰਵਿਧਾਨ ਦੇ 7ਵੇਂ ਸ਼ਡਿਊਟ ਰਾਜ ਸੂਚੀ ਦੇ ਇੰਦਰਾਜ 17 ਅਨੁਸਾਰ ਜਲ ਸਪਲਾਈ, ਸਿੰਚਾਈ, ਨਹਿਰਾਂ, ਡਰੇਨਾਂ, ਕਿਨਾਰਿਆਂ, ਜਲ ਭੰਡਾਰਨ ਅਤੇ ਪਣ ਬਿਜਲੀ 'ਤੇ ਪੰਜਾਬ ਦਾ ਵਿਧਾਨਕ ਹੱਕ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਬ ਪਾਰਟੀ ਮੀਟਿੰਗ ਸੱਦੀ ਜਿਸ ਵਿਚ ਲੋਕ ਇਨਸਾਫ ਪਾਰਟੀ ਨੂੰ ਇਸ ਕਰ ਕੇ ਨਹੀਂ ਸੱਦਿਆ ਗਿਆ ਕਿ ਉਹ ਪਾਣੀ ਕੀਮਤ ਦਾ ਮੁੱਦਾ ਉਠਾ ਸਕਦੀ ਸੀ ਅਤੇ ਇਸ ਮੀਟਿੰਗ ਵਿਚ ਉਹਨਾਂ ਨੇ ਟ੍ਰਿਬਿਊਨਲ ਬਣਾਉਣ ਦਾ ਮਤਾ ਪਾਸ ਕਰ ਦਿੱਤਾ ਜੋ ਹਰਿਆਣਾ ਦੇ ਹੱਕ ਵਿਚ ਜਾਂਦਾ ਹੈ, ਇਸੇ ਲਈ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਇਸਦਾ ਸਵਾਗਤ ਕੀਤਾ। ਬੈਂਸ ਨੇ ਦੱਸਿਆ ਕਿ ਉਹਨਾਂ ਨੇ ਦਿੱਲੀ ਤੋਂ ਪਾਣੀ ਦੀ ਕੀਮਤ ਪ੍ਰਾਪਤ ਕਰਨ ਲਈ ਆਪ ਦੇ ਪੰਜਾਬ ਦੇ ਪ੍ਰਧਾਨ ਤੇ ਐਮ ਪੀ ਭਗਵੰਤ ਮਾਨ ਨੂੰ ਵੀ ਪੱਤਰ ਲਿਖਿਆ ਹੈ। ਉਹਨਾਂ ਕਿਹਾ ਕਿ ਦਿੱਲੀ ਤੋਂ ਮਿਲਣ ਵਾਲੀ ਪਾਣੀ ਦੀ ਕੀਮਤ ਦੀ ਰਾਸ਼ੀ ਭਾਵੇਂ ਥੋੜੀ ਹੈ ਪਰ ਇਸਦੇ ਮਿਲਣ ਨਾਲ ਰਾਜਸਥਾਨ ਤੇ ਹਰਿਆਣਾ ਤੋਂ ਵੀ ਪਾਣੀ ਦੀ ਕੀਮਤ ਵਸੂਲਣ ਦਾ ਰਾਹ ਪੱਧਰਾ ਹੋ ਜਾਵੇਗਾ।


Related News