ਕਿਸਾਨਾਂ ਦਾ ਖੰਡ ਮਿੱਲਾਂ ਵੱਲ 71 ਕਰੋੜ ਦਾ ਬਕਾਇਆ ਦੇਵੇ ਸਰਕਾਰ : ਬੈਂਸ
Thursday, Nov 16, 2017 - 05:00 AM (IST)
ਲੁਧਿਆਣਾ(ਪਾਲੀ)-ਅੰਨ ਦਾਤਾ ਕਿਸਾਨ ਜਿੱਥੇ ਅੱਜ ਮਿਹਨਤ ਕਰ ਕੇ ਆਪਣੀ ਖੇਤੀ ਬੀਜ ਕੇ ਪੂਰੇ ਦੇਸ਼ ਦਾ ਢਿੱਡ ਭਰ ਰਿਹਾ ਹੈ, ਉੱਥੇ ਅਨੇਕਾਂ ਮਜਬੂਰੀਆਂ ਕਾਰਨ ਕਰਜ਼ੇ 'ਚ ਫਸਿਆ ਕਿਸਾਨ ਖੁਦਕੁਸ਼ੀਆਂ ਕਰਨ ਲਈ ਵੀ ਮਜਬੂਰ ਹੈ, ਜਿਸ ਲਈ ਸੂਬੇ ਦੀ ਸਰਕਾਰ ਦੇ ਨਾਲ ਕੇਂਦਰ ਸਰਕਾਰ ਦੇ ਖਿਲਾਫ ਵੀ ਕਿਸਾਨਾਂ ਸਮੇਤ ਵੱਖ-ਵੱਖ ਰਾਜਨੀਤਕ ਪਾਰਟੀਆਂ ਦੇ ਆਗੂ ਸੜਕਾਂ 'ਤੇ ਉੱਤਰ ਕੇ ਵਿਰੋਧ ਜਤਾ ਰਹੇ ਹਨ ਪਰ ਸੂਤਰਾਂ ਅਨੁਸਾਰ ਪੰਜਾਬ ਦੀਆਂ ਵੱਖ-ਵੱਖ ਖੰਡ ਮਿੱਲਾਂ ਵੱਲ ਕਿਸਾਨਾਂ ਦਾ ਕਰੀਬ 71 ਕਰੋੜ ਰੁਪਿਆ ਬਕਾਇਆ ਹੈ ਅਤੇ ਜੇਕਰ ਕਿਸਾਨਾਂ ਨੂੰ ਇਹ ਪੈਸਾ ਦੇਣ ਦੇ ਨਾਲ-ਨਾਲ ਗੰਨੇ ਦਾ ਸਹੀ ਮੁੱਲ ਦੇ ਦਿੱਤਾ ਜਾਵੇ, ਤਾਂ ਕਿਸਾਨ ਖੁਦਕੁਸ਼ੀਆਂ ਕਰਨ ਤੋਂ ਬਚ ਸਕਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਸੂਬੇ ਦੀਆਂ ਖੰਡ ਮਿੱਲਾਂ ਬੁੱਢੇਵਾਲ, ਮੋਰਿੰਡਾ, ਨਵਾਂ ਸ਼ਹਿਰ, ਨਕੋਦਰ ਭੋਗਪੁਰ, ਫਾਜ਼ਿਲਕਾ ਅਤੇ ਅਜਨਾਲਾ ਵੱਲ ਕਿਸਾਨਾਂ ਦਾ 71 ਕਰੋੜ ਰੁਪਏ ਬਕਾਇਆ ਹੈ। ਉਨ੍ਹਾਂ ਮੰਗ ਕੀਤੀ ਕਿ ਸਭ ਤੋਂ ਪਹਿਲਾਂ ਤਾਂ ਸਰਕਾਰ ਕਿਸਾਨਾਂ ਦਾ ਬਕਾਇਆ ਪੈਸਾ ਵਾਪਸ ਦੇਵੇ ਅਤੇ ਇਸ ਦੇ ਨਾਲ ਹੀ ਗੰਨੇ ਦਾ ਰੇਟ ਘੱਟੋ-ਘੱਟ ਕਿਸਾਨਾਂ ਨੂੰ 500 ਰੁਪਏ ਪ੍ਰਤੀ ਕੁਇੰਟਲ ਦਿੱਤਾ ਜਾਵੇ। ਲਾਗਲੇ ਸੂਬੇ ਹਰਿਆਣਾ ਅਤੇ ਯੂ. ਪੀ. 'ਚ ਵੀ 330 ਰੁਪਏ ਹੈ ਅਤੇ ਪੰਜਾਬ ਸਰਕਾਰ ਕਿਸਾਨਾਂ ਨੂੰ 300 ਰੁਪਏ ਪ੍ਰਤੀ ਕੁਇੰਟਲ ਦੇ ਕੇ ਕਿਸਾਨਾਂ ਨਾਲ ਭੱਦਾ ਮਜ਼ਾਕ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਗੰਨੇ ਦਾ ਰੇਟ 300 ਰੁਪਏ ਸੀ ਅਤੇ ਖੰਡ ਦਾ ਰੇਟ 2250 ਰੁਪਏ ਸੀ, ਜਦੋਂ ਕਿ ਹੁਣ ਵੀ ਸਰਕਾਰ ਕਿਸਾਨਾਂ ਨੂੰ 300 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਗੰਨੇ ਦਾ ਰੇਟ ਦੇ ਰਹੀ ਹੈ, ਜਦੋਂ ਕਿ ਖੰਡ ਦਾ ਰੇਟ 4200 ਰੁਪਏ ਹੋ ਚੁੱਕਾ ਹੈ। ਬੈਂਸ ਨੇ ਦੋਸ਼ ਲਾਇਆ ਕਿ ਇਹ ਸਰਕਾਰ ਦੀ ਵੱਡੇ ਘਰਾਣਿਆਂ ਨਾਲ ਮਿਲੀਭੁਗਤ ਦਾ ਨਤੀਜਾ ਹੈ, ਜਿਸ ਕਰ ਕੇ ਹੀ ਗੰਨੇ ਦਾ ਰੇਟ ਨਹੀਂ ਵਧਾਇਆ ਜਾ ਰਿਹਾ। ਵੱਡੇ ਘਰਾਣਿਆਂ ਦਾ ਖੰਡ ਮਿਲਾਂ 'ਤੇ ਕਬਜ਼ਾ ਹੈ ਤੇ ਸਰਕਾਰ ਜਾਣ-ਬੁੱਝ ਕੇ ਹੀ ਗੰਨੇ ਦੇ ਰੇਟ 'ਚ ਵਾਧਾ ਨਹੀਂ ਕਰ ਰਹੀ।
