ਪੰਜਾਬ 'ਚ ਜਿਮ ਖੋਲ੍ਹਣ ਸਬੰਧੀ ਸਿਮਰਜੀਤ ਬੈਂਸ ਨੇ ਲਿਖੀ ਕੇਂਦਰ ਸਰਕਾਰ ਨੂੰ ਚਿੱਠੀ

06/08/2020 6:35:27 PM

ਲੁਧਿਆਣਾ— ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਗ੍ਰਹਿ ਮੰਤਰਾਲਾ, ਗ੍ਰਹਿ ਸਕੱਤਰ ਅਤੇ ਭਾਰਤ ਸਰਕਾਰ ਨੂੰ ਚਿੱਠੀ ਲਿਖ ਕੇ ਪੰਜਾਬ 'ਚ ਹੈਲਥ ਕਲੱਬ ਅਤੇ ਜਿਮ ਖੋਲ੍ਹਣ ਦੀ ਮੰਗ ਕੀਤੀ ਹੈ। ਲਿਖੀ ਚਿੱਠੀ 'ਚ ਉਨ੍ਹਾਂ ਕਿਹਾ ਕਿ ਤਾਲਾਬੰਦੀ ਕਾਰਨ ਜਿੱਥੇ ਇਕ ਪਾਸੇ ਦੇਸ਼ ਹੀ ਨਹੀਂ ਸਗੋਂ ਦੁਨੀਆ ਭਰ 'ਚ ਇੰਡਸਟਰੀ ਸਮੇਤ ਵੱਡੇ-ਵੱਡੇ ਕਾਰੋਬਾਰ ਬੰਦ ਹੋ ਗਏ ਸਨ, ਉਥੇ ਹੀ ਹੁਣ ਹੌਲੀ-ਹੌਲੀ ਕੇਂਦਰ ਸਰਕਾਰ ਵੱਲੋਂ ਸ਼ਰਤਾਂ ਦੇ ਆਧਾਰ 'ਤੇ ਕਾਰੋਬਾਰ ਖੋਲ੍ਹੇ ਜਾ ਰਹੇ ਹਨ।

ਦੇਸ਼ ਭਰ 'ਚ ਅਨੇਕਾਂ ਵਪਾਰ, ਇੰਡਸਟਰੀ ਸਮੇਤ ਹੋਰ ਕਾਰੋਬਾਰ ਸ਼ਰਤਾਂ ਸਮੇਤ ਭਾਰਤ ਸਰਕਾਰ ਵੱਲੋਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਅੱਜ ਤੋਂ ਰੈਸਟੋਰੈਂਟ ਅਤੇ ਹੋਰ ਕਾਰੋਬਾਰ ਮਾਸਕ, ਪਹਿਨਣ, ਸੋਸ਼ਲ ਡਿਸਟੈਂਸਿੰਗ ਰੱਖਣ ਸਮੇਤ ਹੋਰ ਸ਼ਰਤਾਂ ਨਾਲ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਅਪੀਲ ਕਰਦੇ ਕਿਹਾ ਕਿ ਦੇਸ਼ ਭਰ 'ਚ ਜਿਵੇਂ ਹੋਰ ਕਾਰੋਬਾਰ, ਇੰਡਸਟਰੀ ਅਤੇ ਦੁਕਾਨਾਂ ਨੂੰ ਸ਼ਰਤਾਂ ਸਮੇਤ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ, ਉਸੇ ਤਰ੍ਹਾਂ ਹੈਲਥ ਕਲੱਬਾਂ 'ਚ ਜਿਮ ਆਦਿ ਨੂੰ ਖੋਲ੍ਹਣ ਦੀ ਵੀ ਇਜਾਜ਼ਤ ਦਿੱਤੀ ਜਾਵੇ।

ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਲੜਨ ਲਈ ਹਰੇਕ ਵਿਅਕਤੀ ਦਾ ਸਰੀਰ ਤੰਦਰੁਸਤ ਹੋਣਾ ਚਾਹੀਦਾ ਹੈ। ਅਨੇਕਾਂ ਲੋਕ ਤਾਲਾਬੰਦੀ ਤੋਂ ਪਹਿਲਾਂ ਜਿਮ ਅਤੇ ਹੈਲਥ ਕਲੱਬਾਂ 'ਚ ਕਸਰਤ ਕਰਦੇ ਹੋਏ ਆਪਣੇ ਸਰੀਰ ਨੂੰ ਤੰਦਰੁਸਤ ਰੱਖਦੇ ਸਨ, ਉਥੇ ਹੀ ਉਹ ਆਪਣੀ ਸਿਹਤ ਦਾ ਖ਼ਿਆਲ ਰੱਖਦੇ ਹੋਏ ਖਾਣ-ਪੀਣ ਦਾ ਵੀ ਵਿਸ਼ੇਸ਼ ਧਿਆਨ ਰੱਖਦੇ ਸਨ। ਤਾਲਾਬੰਦੀ ਦੌਰਾਨ ਹੈਲਥ ਕਲੱਬ ਅਤੇ ਜਿਮ ਬੰਦ ਹੋਣ ਤੋਂ ਬਾਅਦ ਨੌਜਵਾਨ ਅਤੇ ਆਮ ਲੋਕ ਘਰਾਂ 'ਚ ਕੈਦ ਹੋ ਕੇ ਰਹਿ ਗਏ ਹਨ, ਜਿਸ ਨਾਲ ਘਰਾਂ 'ਚ ਰਹਿੰਦੇ ਹੋਏ ਸਰੀਰ 'ਚ ਕਮਜ਼ੋਰੀ ਆਉਣ ਲੱਗੀ ਹੈ ਅਤੇ ਖਾਣ-ਪਾਣ ਬਦਲਣ ਕਾਰਨ ਅਨੇਕਾਂ ਨੌਜਵਾਨਾਂ 'ਚ ਇਮਿਊਨਿਟੀ ਦੀ ਵੀ ਕਮੀ ਆਉਣ ਲੱਗੀ ਹੈ। ਇਸ ਦੇ ਇਲਾਵਾ ਹੈਲਥ ਕਲੱਬਾਂ ਅਤੇ ਜਿਮ ਮਾਲਕਾਂ ਨੂੰ ਵੀ ਨੁਕਸਾਨ ਚੁੱਕਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਨਣਾ ਹੈ ਕਿ ਜੇਕਰ ਨੌਜਵਾਨ ਪੀੜ੍ਹੀ ਅਤੇ ਹਰ ਇਕ ਵਿਅਕਤੀ ਹੈਲਥ ਕਲੱਬਾਂ, ਜਿਮਾਂ 'ਚ ਜਾਂਦੇ ਹੋਏ ਸਰੀਰ ਨੂੰ ਤੰਦਰੁਸਤ ਰੱਖਦੇ ਹਨ ਤਾਂ ਕੋਰੋਨਾ ਬੀਮਾਰੀ ਨਾਲ ਵੀ ਸਰੀਰ ਲੜ ਸਕਦਾ ਹੈ।


shivani attri

Content Editor

Related News