ਬੈਂਸ ਮਾਮਲੇ ''ਚ ਅਕਾਲੀ ਕਿਉਂ ਖਾਮੋਸ਼!

09/12/2019 6:53:45 PM

ਲੁਧਿਆਣਾ (ਮੁੱਲਾਂਪੁਰੀ) : ਲੁਧਿਆਣਾ ਤੋਂ ਲਿਪ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਬਟਾਲੇ 'ਚ ਗੁਰਦਾਸਪੁਰ ਦੇ ਡੀ. ਸੀ. ਨਾਲ ਤੂੰ-ਤੂੰ, ਮੈਂ-ਮੈਂ ਹੋਈ ਸੀ, ਜਿਸ ਨੂੰ ਲੈ ਕੇ ਪੰਜਾਬ ਭਰ 'ਚ ਡੀ. ਸੀ. ਦਫਤਰਾਂ ਦੇ ਮੁਲਾਜ਼ਮ ਹੜਤਾਲ 'ਤੇ ਚਲੇ ਗਏ। ਵੱਖ-ਵੱਖ ਪਾਰਟੀਆਂ ਨੇ ਇਸ ਦੀ ਨਿਖੇਧੀ ਕੀਤੀ ਪਰ ਬੈਂਸਾਂ ਕੋਲੋਂ ਸਿਆਸੀ ਰਗੜੇ ਖਾਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇਸ ਮਾਮਲੇ 'ਚ ਨਾ ਤਾਂ ਉਸ ਦੇ ਹੱਕ 'ਚ ਹੈ ਅਤੇ ਨਾ ਹੀ ਖਿਲਾਫ, ਜਿਸ ਨੂੰ ਲੈ ਕੇ ਚਰਚਾ ਦਾ ਬਾਜ਼ਾਰ ਗਰਮ ਹੈ।

ਜੇਕਰ ਲੁਧਿਆਣਾ 'ਚ ਬੈਂਸਾਂ ਦੇ ਅਕਾਲੀ ਦਲ ਨੂੰ ਲਾਏ ਸਿਆਸੀ ਰਗੜੇ ਦੀ ਗੱਲ ਕੀਤੀ ਜਾਵੇ ਤਾਂ ਦੋ ਹਲਕਿਆਂ 'ਚ ਅਕਾਲੀ ਦਲ ਨੂੰ ਬੈਂਸਾਂ ਨੇ ਧੋਬੀ ਪਟਕੇ ਰਾਹੀਂ ਗੋਡਣੀਆਂ ਲਵਾ ਦਿੱਤੀਆਂ ਅਤੇ ਹੁਣ ਵੀ ਉਨ੍ਹਾਂ ਹਲਕਿਆਂ 'ਚ ਲੋਕ ਸਭਾ ਦੇ ਚੋਣ ਨਤੀਜਿਆਂ 'ਚ ਉਹ ਜੇਤੂ ਰਹੇ। ਇਥੇ ਹੀ ਬੱਸ ਨਹੀਂ 2 ਵਾਰ ਲੋਕ ਸਭਾ ਚੋਣਾਂ 'ਚ ਅਕਾਲੀ ਦਲ ਨੂੰ ਤੀਜੇ ਅਤੇ ਚੌਥੇ ਨੰਬਰ 'ਤੇ ਪਹੁੰਚਾਉਣ ਵਾਲੇ ਬੈਂਸ ਹੀ ਸਨ। ਇਸ ਵਾਰ ਤਾਂ ਬੈਂਸ ਭਰਾ 4 ਥਾਵਾਂ 'ਤੇ ਆਪਣੇ ਹੱਥ ਅਕਾਲੀਆਂ ਨੂੰ ਦਿਖਾ ਗਏ, ਜਿਨ੍ਹਾਂ 'ਚ ਦਾਖਾ, ਗਿੱਲ, ਆਤਮ ਨਗਰ, ਦੱਖਣੀ ਹਲਕਾ ਸ਼ਾਮਲ ਹਨ। ਇਸ ਤੋਂ ਇਲਾਵਾ ਬੈਂਸਾਂ ਨੇ ਕਈ ਥਾਈਂ ਅਕਾਲੀ ਦਲ 'ਤੇ ਸਿਆਸੀ ਟਕੋਰਾਂ ਕੀਤੀਆਂ ਹਨ ਪਰ ਫਿਰ ਵੀ ਅਕਾਲੀ ਦਲ ਹੁਣ ਬੈਂਸਾਂ ਦੇ ਮਾਮਲੇ 'ਵਚ ਕੁਝ ਬੋਲਣ ਦੀ ਬਜਾਏ ਚੁੱਪੀ ਧਾਰ ਕੇ ਦੇਖ ਰਿਹਾ ਹੈ ਪਰ ਦੇਖ ਕੀ ਰਿਹਾ ਹੈ ਇਸ ਸਬੰਧੀ ਉਹੀ ਦੱਸ ਸਕਦਾ ਹੈ।

ਦੱਸਣਯੋਗ ਹੈ ਕਿ ਬਟਾਲਾ ਪਟਾਕਾ ਫੈਕਟਰੀ ਧਮਾਕੇ ਦੌਰਾਨ ਇਕ ਪੀੜਤ ਪਰਿਵਾਰ ਦੀ ਸੁਣਵਾਈ ਨਾ ਹੋਣ ਕਾਰਨ ਬੈਂਸ ਡੀ. ਸੀ. ਵਿਪੁਲ ਉੱਜਵਲ ਨਾਲ ਮੁਲਾਕਾਤ ਕਰਨ ਪਹੁੰਚੇ ਸਨ।ਇਸ ਦੌਰਾਨ ਉਨ੍ਹਾਂ ਦੀ ਡੀ. ਸੀ. ਨਾਲ ਤਿੱਖੀ ਬਹਿਸ ਹੋ ਗਈ ਸੀ। ਦੋਸ਼ ਸੀ ਕਿ ਬੈਂਸ ਨੇ ਡੀ. ਸੀ. ਨਾਲ ਭੱਦੀ ਸ਼ਬਦਾਵਲੀ ਅਤੇ ਧਮਕੀ ਭਰੇ ਲਹਿਜ਼ੇ 'ਚ ਗੱਲਬਾਤ ਕੀਤੀ ਹੈ, ਜਿਸ ਦੇ ਚੱਲਦੇ ਬੈਂਸ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕੀਤਾ ਗਿਆ ਸੀ।


Anuradha

Content Editor

Related News