ਸੁਖਬੀਰ MSP ਸਬੰਧੀ ਕਿਸਾਨਾਂ ਨੂੰ ਕਰ ਰਹੇ ਨੇ ਗੁੰਮਰਾਹ : ਸਿਮਰਜੀਤ ਬੈਂਸ
Thursday, Jul 02, 2020 - 10:53 PM (IST)
ਜਲੰਧਰ,(ਬੁਲੰਦ)- ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸੁਖਬੀਰ ਸਿੰਘ ਬਾਦਲ ਵਲੋਂ ਐੱਮ. ਐੱਸ. ਪੀ. ਸਬੰਧੀ ਦਿੱਤੇ ਜਾ ਰਹੇ ਬਿਆਨਾਂ ਸਬੰਧੀ ਕਿਹਾ ਹੈ ਕਿ ਸੁਖਬੀਰ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਐੱਮ. ਐੱਸ. ਪੀ. 'ਤੇ ਭੰਬਲਭੂਸਾ ਪਾ ਕੇ ਗੁੰਮਰਾਹ ਕਰ ਰਹੇ ਹਨ। ਅੱਜ ਪੰਜਾਬ ਦੀਆਂ ਮੰਡੀਆਂ ਵਿਚ ਕਿਸਾਨ ਮੱਕੀ ਦੀ ਫਸਲ 650 ਤੋਂ ਲੈ ਕੇ 850 ਰੁਪਏ ਪ੍ਰਤੀ ਕੁਇੰਟਲ ਮਜ਼ਬੂਰੀ ਵਸ ਵੇਚ ਰਹੇ ਹਨ, ਜਦਕਿ ਸਰਕਾਰ ਵਲੋਂ ਮੱਕੀ ਦੀ ਫਸਲ ਦਾ ਐੱਮ. ਐੱਸ. ਪੀ. ਮੁੱਲ 1850 ਰੁਪਏ ਪ੍ਰਤੀ ਕੁਇੰਟਲ ਐਲਾਨਿਆ ਗਿਆ ਹੈ ਪਰ ਮੰਡੀ ਵਿਚ ਸਰਕਾਰੀ ਖਰੀਦ ਨਾ ਹੋਣ ਕਰ ਕੇ ਹੀ ਕਿਸਾਨ ਆਪਣੀ ਫਸਲ ਨੂੰ ਅੱਧੇ ਰੇਟ ਤੋਂ ਵੀ ਘੱਟ ਵੇਚਣ ਲਈ ਮਜ਼ਬੂਰ ਹਨ। ਉਨ੍ਹਾਂ ਸੁਖਬੀਰ ਬਾਦਲ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਉਨ੍ਹਾਂ ਵਲੋਂ ਦਿੱਤਾ ਬਿਆਨ ਸਹੀ ਹੈ ਤਾਂ ਉਹ ਤੁਰੰਤ ਕਿਸਾਨਾਂ ਦੀ ਮੱਕੀ ਦੀ ਫਸਲ ਦਾ 1850 ਰੁਪਏ ਪ੍ਰਤੀ ਕਵਿੰਟਲ ਭਾਅ ਦਿਵਾਉਣ ਅਤੇ ਪਏ ਭੰਬਲਭੂਸੇ ਨੂੰ ਖਤਮ ਕਰਨ।
ਵਿਧਾਇਕ ਬੈਂਸ ਅੱਜ ਨੇ ਇਸ ਦੌਰਾਨ ਕਿਹਾ ਕਿ ਉਹ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰ ਆਰਡੀਨੈਂਸ ਦੇ ਨਾਂ 'ਤੇ ਇਕ ਕਾਲਾ ਕਾਨੂੰਨ ਪੰਜਾਬ ਅਤੇ ਪੰਜਾਬ ਦੇ ਕਿਸਾਨ ਨੂੰ ਖਤਮ ਕਰ ਦੇਵੇਗਾ। ਉਨ੍ਹਾਂ ਅੱਗੇ ਦੱਸਿਆ ਕਿ ਜਿਸ ਤਰ੍ਹਾਂ ਅੱਜ ਮੱਕੀ ਦੀ ਫਸਲ ਅੱਧੇ ਰੇਟ ਤੋਂ ਵੀ ਘੱਟ ਵਿਕ ਰਹੀ ਹੈ। ਇਸੇ ਤਰ੍ਹਾਂ ਇਹ ਕਾਲਾ ਕਾਨੂੰਨ ਲਾਗੂ ਹੋਣ ਤੋਂ ਬਾਅਦ ਕਣਕ, ਝੋਨੇ ਅਤੇ ਨਰਮੇ ਦੀ ਫਸਲ ਦਾ ਵੀ ਮੱਕੀ ਵਾਲਾ ਹੀ ਹਾਲ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਇਸ ਕਾਲੇ ਕਾਨੂੰਨ ਨੂੰ ਲਾਗੂ ਹੋਣ ਤੋਂ ਪਹਿਲਾਂ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੁਰੰਤ ਹੰਗਾਮੀ ਸੈਸ਼ਨ ਸੱਦ ਕੇ ਇਸ ਨੂੰ ਰੱਦ ਕਰਨ। ਇਸ ਸਬੰਧੀ ਬੈਂਸ ਨੇ ਅੱਗੇ ਦੱਸਿਆ ਕਿ ਕੇਂਦਰ ਸਰਕਾਰ ਵਲੋਂ ਖੇਤੀ ਸੁਧਾਰਾਂ ਦੇ ਨਾਂ ਥੱਲੇ ਜਾਰੀ ਕੀਤਾ ਗਿਆ ਨਵਾਂ ਆਰਡੀਨੈਂਸ ਪੰਜਾਬ ਦੀ ਬਰਬਾਦੀ ਅਤੇ ਕਿਸਾਨਾਂ ਦੀ ਜ਼ਮੀਨ ਖੋਹਣ ਦਾ ਜਰੀਆ ਬਣੇਗਾ। ਇਹ ਆਰਡੀਨੈਂਸ ਸੰਵਿਧਾਨ ਦੁਆਰਾ ਸੂਬਿਆਂ ਨੂੰ ਮਿਲੇ ਅਧਿਕਾਰਾਂ ਤੇ ਸ਼ਰੇਆਮ ਡਾਕਾ ਹੈ।