ਪੰਜਾਬ 'ਚ ਆਏ ਹੜ੍ਹਾਂ ਨਾਲ ਹੋਈ ਬਰਬਾਦੀ ਕਾਰਨ ਕੈਪਟਨ 'ਤੇ ਵਰ੍ਹੇ ਬੈਂਸ (ਵੀਡੀਓ)
Monday, Aug 26, 2019 - 07:09 PM (IST)
ਲੁਧਿਆਣਾ (ਨਰਿੰਦਰ)— ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਖਾਲਸਾ ਏਡ ਸੰਸਥਾ ਜ਼ਰੀਏ ਦੋ ਵਿਧਾਇਕਾਂ ਅਤੇ ਲੁਧਿਆਣਾ ਦੇ 7 ਕੌਂਸਲਰਾਂ ਦੀ ਇਕ ਮਹੀਨੇ ਦੀ ਤਨਖਾਹ ਦੇਣ ਦਾ ਐਲਾਨ ਕੀਤਾ ਹੈ। ਇਸ ਦੌਰਾਨ ਉਨ੍ਹਾਂ ਨੇ ਕੈਪਟਨ ਸਰਕਾਰ 'ਤੇ ਵਰਦੇ ਹੋਏ ਕਿਹਾ ਕਿ ਹੜ੍ਹ ਪੀੜਤਾਂ ਦੇ ਲਈ ਸਰਕਾਰ ਵੱਲੋਂ ਕੋਈ ਇੰਤਜ਼ਾਮ ਨਹੀਂ ਕੀਤੇ ਗਏ ਹਨ। ਉਨ੍ਹਾਂ ਨੇ ਕਿਹਾ ਕਿ ਜਲੰਧਰ ਦੇ ਲੋਹੀਆਂ 'ਚ ਸਭ ਤੋਂ ਵਧ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਇਥੋਂ ਦੇ ਪਿੰਡ ਜਾਨੀਆ ਚਾਹਲ, ਮੰਡਾਲਾ, ਗਿੱਦੜਪਿੰਡੀ ਅਤੇ ਸੁਲਤਾਨਪੁਰ ਵਿਖੇ ਨਾਲ ਲੱਗਦੇ ਪਿੰਡਾਂ 'ਚ ਹੜ੍ਹ ਨਾਲ ਪਏ ਪਾੜ 12 ਦਿਨ ਬੀਤਣ ਦੇ ਬਾਵਜੂਦ ਵੀ ਸਰਕਾਰ ਪੂਰ ਨਹੀਂ ਸਕੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਹਲਕਿਆਂ 'ਚ ਨਾਜਾਇਜ਼ ਮਾਈਨਿੰਗ ਕਾਰਨ ਹੀ ਹੜ੍ਹ ਵਰਗੇ ਹਾਲਾਤ ਹੋਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡਾਂ 'ਚ ਹੁਣ ਬੀਮਾਰੀਆਂ ਫੈਲਣ ਲੱਗ ਗਈਆਂ ਹਨ ਪਰ ਕੈਪਟਨ ਸਰਕਾਰ ਸਿਰਫ ਮਦਦ ਦੇ ਨਾਂ 'ਤੇ ਤਮਾਸ਼ਾ ਕਰ ਰਹੀ ਹੈ। ਇਨ੍ਹਾਂ ਇਲਾਕਿਆਂ 'ਚ ਪਿੰਡ ਵਾਸੀਆਂ ਵੱਲੋਂ ਆਪਣੇ ਪੈਸਿਆਂ 'ਤੇ ਕਿਸ਼ਤੀਆਂ ਲਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ 'ਚ ਥੋੜ੍ਹਾ-ਥੋੜ੍ਹਾ ਕਰਕੇ ਪਾਣੀ ਛੱਡਿਆ ਜਾਂਦਾ ਤਾਂ ਅੱਜ ਪੰਜਾਬ ਦੇ ਹਾਲਾਤ ਹੜ੍ਹ ਵਰਗੇ ਨਹੀਂ ਸੀ ਹੋਣੇ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਤਿੱਖਾ ਨਿਸ਼ਾਨਾ ਲਗਾਉਂਦੇ ਉਨ੍ਹਾਂ ਕਿਹਾ ਕਿ ਇਹ ਕੋਈ ਮੌਸਮੀ ਹੜ੍ਹ ਨਹੀਂ ਹਨ ਸਗੋਂ ਦੂਜੇ ਸੂਬਿਆਂ ਨੂੰ ਫਾਇਦਾ ਪਹੁੰਚਾਉਣ ਦੇ ਲਈ ਹੀ ਇਹ ਹੜ੍ਹ ਲਿਆਂਦੇ ਗਏ ਹਨ ਅਤੇ ਪੰਜਾਬ ਦਾ ਨੁਕਸਾਨ ਕਰਵਾਇਆ ਗਿਆ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਲੰਮੇਂ ਹੱਥੀ ਲੈਂਦੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਮੇਸ਼ਾ ਪੰਜਾਬ ਨਾਲ ਮਤਰੇਈ ਮਾਂ ਵਰਗਾ ਸਲੂਕ ਕੀਤਾ ਜਾਂਦਾ ਹੈ। ਕੇਂਦਰ ਸਰਕਾਰ ਨੇ ਬਾਕੀ ਹੜ੍ਹ ਪੀੜਤ ਸੂਬਿਆਂ ਦੇ ਲਈ ਟੀਮਾਂ ਭੇਜ ਦਿੱਤੀਆਂ ਹਨ ਪਰ ਪੰਜਾਬ 'ਚ ਹੜ੍ਹਾਂ ਦਾ ਜਾਇਜ਼ਾ ਲੈਣ ਲਈ ਕਿਸੇ ਵੀ ਟੀਮ ਨੂੰ ਕੇਂਦਰ ਵੱਲੋਂ ਨਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਬੀ. ਬੀ. ਐੱਮ. ਬੀ. 'ਚ ਪੰਜਾਬ 'ਚੋਂ 60 ਫੀਸਦੀ ਮੁਲਾਜ਼ਮ ਅਤੇ ਅਫਸਰਾਂ ਦੀ ਭਰਤੀ ਕੀਤੀ ਜਾਂਦੀ ਹੈ ਜਦਕਿ ਅਕਾਲੀ-ਭਾਜਪਾ ਸਰਕਾਰ ਅਤੇ ਕਾਂਗਰਸ ਸਰਕਾਰ ਦੌਰਾਨ ਪਿਛਲੇ ਲੰਮੇਂ ਸਮੇਂ ਤੋਂ ਕੋਈ ਵੀ ਅਫਸਰ ਜਾਂ ਮੁਲਾਜ਼ਮ ਦੀ ਭਰਤੀ ਪੰਜਾਬ 'ਚੋਂ ਨਹੀਂ ਕੀਤੀ ਗਈ ਹੈ। ਉਥੇ ਹੁਣ ਦੂਜੇ ਸੂਬਿਆਂ ਤੋਂ ਮੁਲਾਜ਼ਮ ਬੈਠੇ ਹਨ, ਜੋ ਦੂਜੇ ਸੂਬਿਆਂ ਦੀ ਹੀ ਗੱਲ ਕਰਦੇ ਹਨ।
ਉਨ੍ਹਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਖਾਲਸਾ ਏਡ ਵੱਲੋਂ ਹੜ੍ਹ ਪੀੜਤਾਂ ਲਈ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਕਿਹਾ ਕਿ ਕੱਲ੍ਹ ਤੋਂ ਲੋਕ ਇਨਸਾਫ ਪਾਰਟੀ ਲੋਹੀਆਂ ਵਿਖੇ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਡਾਕਟਰਾਂ ਦੀ ਟੀਮ, ਇਕ ਐਂਬੂਲੈਂਸ ਅਤੇ ਦਵਾਈਆਂ ਭੇਜ ਰਹੀ ਹੈ ਅਤੇ ਜਿੰਨੇ ਦਿਨਾਂ ਤੱਕ ਉਥੇ ਲੋੜ ਹੋਵੇਗੀ ਡਾਕਟਰਾਂ ਦੀ ਟੀਮ ਮੌਜੂਦ ਰਹੇਗੀ।