ਕੇਂਦਰ ਵੱਲੋਂ 9 ਖਾਲਿਸਤਾਨੀ ਅੱਤਵਾਦੀ ਐਲਾਨਣ ''ਤੇ ਸਾਹਮਣੇ ਆਇਆ ਸਿਮਰਜੀਤ ਬੈਂਸ ਦਾ ਬਿਆਨ
Friday, Jul 03, 2020 - 09:51 AM (IST)
ਲੁਧਿਆਣਾ (ਨਰਿੰਦਰ) : ਲੋਕ ਇਨਸਾਫ਼ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਕੇਂਦਰ ਸਰਕਾਰ ਵੱਲੋਂ 9 ਖਾਲਿਸਤਾਨੀ ਅੱਤਵਾਦੀ ਐਲਾਨਣ ਨੂੰ ਲੈ ਕੇ ਵੀ ਆਪਣੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਸਰਕਾਰਾਂ ਨੂੰ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ, ਉਨ੍ਹਾਂ ਨੂੰ ਕੀ ਮੁਸ਼ਕਿਲ ਹੈ ਅਤੇ ਕਿਉਂ ਇਹ ਵੱਖਰੇ ਸੂਬੇ ਦੀ ਮੰਗ ਕਰ ਰਹੇ ਹਨ। ਇਸ ਬਾਰੇ ਵਿਚਾਰ ਹੋਣੀ ਚਾਹੀਦੀ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਾਲੀਵੁੱਡ ਅਦਾਕਾਰ ਅਨੁਪਮ ਖੇਰ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਦੀਆਂ ਤੁੱਕਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨ ਦੇ ਮਾਮਲੇ 'ਤੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਸਿੱਖ ਕੌਮ ਦੀ ਭਾਵਨਾਵਾਂ ਨੂੰ ਢਾਹ ਲਾਉਣ ਦੀ ਇਹ ਕੋਸ਼ਿਸ਼ ਕੀਤੀ ਗਈ ਹੈ। ਇਸ ਕਰਕੇ ਅਨੁਪਮ ਖੇਰ ਨੂੰ ਜਾਂ ਤਾਂ ਜਨਤਕ ਤੌਰ 'ਤੇ ਮੁਆਫ਼ੀ ਮੰਗਣੀ ਚਾਹੀਦੀ ਹੈ ਜਾਂ ਉਸ 'ਤੇ ਮਾਮਲਾ ਦਰਜ ਕਰਕੇ ਕਾਨੂੰਨ ਮੁਤਾਬਕ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਕਾਨੂੰਨ ਤਹਿਤ ਸਜ਼ਾ ਮਿਲਣੀ ਚਾਹੀਦੀ ਹੈ।
ਪੈਟਰੋਲ ਡੀਜ਼ਲ 'ਤੇ ਅਕਾਲੀ ਦਲ ਵੱਲੋਂ ਧਰਨੇ ਦੇਣ ਦੇ ਮਾਮਲੇ 'ਤੇ ਵੀ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦਿਆਂ ਬੈਂਸ ਨੇ ਕਿਹਾ ਕਿ ਇੱਕ ਪਾਸੇ ਤਾਂ ਹਰਸਿਮਰਤ ਕੌਰ ਬਾਦਲ ਕੇਂਦਰ ਕੈਬਨਿਟ 'ਚ ਅਹੁਦੇ ਲੈ ਕੇ ਬਿਰਾਜਮਾਨ ਹੈ, ਉੱਥੇ ਹੀ ਦੂਜੇ ਪਾਸੇ ਪੰਜਾਬ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦਾ ਅਕਾਲੀ ਦਲ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਬੈਂਸ ਨੇ ਕਿਹਾ ਕਿ ਇਹ ਦੋਹਰੀ ਸਿਆਸਤ ਹੈ ਅਤੇ ਜੇਕਰ ਧਰਨੇ ਲਾਉਣੇ ਹਨ ਤਾਂ ਪਹਿਲਾਂ ਕੇਂਦਰ ਸਰਕਾਰ 'ਚ ਜਾ ਕੇ ਲਾਉਣ। ਇਸ ਦੌਰਾਨ ਹਾਈਕੋਰਟ ਵੱਲੋਂ ਸਕੂਲ ਫ਼ੀਸਾਂ 'ਤੇ ਸੁਣਾਏ ਫ਼ੈਸਲੇ ਬਾਰੇ ਵੀ ਬੈਂਸ ਨੇ ਕਿਹਾ ਕਿ ਇਹ ਸਰਕਾਰ ਨੂੰ ਚਾਹੀਦਾ ਸੀ ਕਿ ਉਹ ਮਾਪਿਆਂ ਦਾ ਪੱਖ ਹਾਈਕੋਰਟ 'ਚ ਵਧੀਆ ਢੰਗ ਨਾਲ ਰੱਖੇ ਪਰ ਨਿੱਜੀ ਸਕੂਲਾਂ ਨਾਲ ਸਾਂਝ ਕਰਕੇ ਸਰਕਾਰ ਨੇ ਮਾਪਿਆਂ ਦਾ ਪੱਖ ਅਦਾਲਤ 'ਚ ਨਹੀਂ ਰੱਖਿਆ।