''ਫਤਿਹ'' ਨੂੰ 15 ਮਿੰਟਾਂ ''ਚ ਬਾਹਰ ਕੱਢਣ ਵਾਲੇ ਸ਼ਖਸ ''ਤੇ ਬੈਂਸ ਦਾ ਵੱਡਾ ਬਿਆਨ
Tuesday, Jun 11, 2019 - 01:11 PM (IST)
ਲੁਧਿਆਣਾ (ਨਰਿੰਦਰ) : ਬੋਰਵੈੱਲ 'ਚੋਂ ਫਤਿਹਵੀਰ ਸਿੰਘ ਨੂੰ 15 ਮਿੰਟਾਂ 'ਚ ਬਾਹਰ ਕੱਢਣ ਵਾਲੇ ਸ਼ਖਸ ਦੀ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਨੇ ਰੱਜ ਕੇ ਤਾਰੀਫ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਇਨਸਾਨ ਨੂੰ ਫੌਜ 'ਚ ਭਰਤੀ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਸ ਤਰੀਕੇ ਦੀਆਂ ਘਟਨਾਵਾਂ ਵਾਪਰਨ 'ਤੇ ਉਸ ਦੀਆਂ ਸੇਵਾਵਾਂ ਲਈਆਂ ਜਾ ਸਕਣ।
ਕੈਪਟਨ ਨੂੰ ਪਾਈਆਂ ਲਾਹਣਤਾਂ
ਸਿਮਰਜੀਤ ਸਿੰਘ ਬੈਂਸ ਨੇ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਕੈਪਟਨ ਵਲੋਂ ਹੁਣ ਮਗਰਮੱਛ ਵਾਲੇ ਹੰਝੂ ਵਹਾਉਣ ਦਾ ਕੋਈ ਫਾਇਦਾ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਪਹਿਲੇ ਹੀ ਦਿਨ ਘਟਨਾ ਵਾਲੀ ਥਾਂ 'ਤੇ ਪੁੱਜ ਜਾਂਦੇ ਤਾਂ ਸ਼ਾਇਦ ਫਤਿਹਵੀਰ ਅੱਜ ਸਾਰਿਆਂ ਦੇ ਵਿੱਚ ਹੁੰਦਾ। ਬੈਂਸ ਨੇ ਕਿਹਾ ਕਿ ਪਹਾੜੀਆਂ 'ਚ ਵਿਦੇਸ਼ੀ ਮਹਿਮਾਨਾਂ ਨਾਲ ਲੁਤਫ ਲੈਣ ਵਾਲੇ ਕੈਪਟਨ ਦਾ ਪੁਲਸ ਤੰਤਰ ਤੇ ਪ੍ਰਸ਼ਾਸਨ 'ਤੇ ਕੋਈ ਕੰਟਰੋਲ ਨਹੀਂ ਹੈ।
ਦੇਸ਼ ਦੀ ਤਕਨੀਕ ਦਾ ਨਿਕਲਿਆ ਜਨਾਜ਼ਾ
ਸਿਮਰਜੀਤ ਬੈਂਸ ਨੇ ਕਿਹਾ ਕਿ ਇਸ ਘਟਨਾ ਨੇ ਦੇਸ਼ ਦੀ ਤਕਨੀਕ, ਪੁਲਸ ਤੰਤਰ, ਐੱਨ. ਡੀ. ਆਰ. ਐੱਫ. ਦਾ ਜਨਾਜ਼ਾ ਕੱਢ ਛੱਡਿਆ ਹੈ ਅਤੇ ਇਨ੍ਹਾਂ ਸਭ ਨੇ ਰਾਸ਼ਟਰਪਤੀ ਐਵਾਰਡ ਲੈਣ ਅਤੇ ਤਰੱਕੀਆਂ ਲੈਣ ਲਈ ਫਤਿਹਵੀਰ ਸਿੰਘ ਨੂੰ ਜਾਣ-ਬੁੱਝ ਕੇ ਮੌਤ ਦੇ ਮੂੰਹ 'ਚ ਪਹੁੰਚਾਇਆ ਹੈ।