ਹੁਣ ਪੁਲਸ ਅਫਸਰ ਨਾਲ ਪਿਆ ''ਸਿਮਰਜੀਤ ਬੈਂਸ'' ਦਾ ਪਾਲਾ, ਖੋਲ੍ਹੀ ਪੋਲ

9/17/2019 8:45:09 AM

ਲੁਧਿਆਣਾ (ਨਰਿੰਦਰ) : ਅਫਸਰਾਂ ਨਾਲ ਖਹਿਬੜਨ ਵਾਲੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਦਾ ਪਾਲਾ ਹੁਣ ਇਕ ਪੁਲਸ ਅਫਸਰ ਨਾਲ ਪਿਆ ਹੈ। ਪੰਜਾਬ ਪੁਲਸ 'ਚ ਬਤੌਰ ਡੀ. ਐੱਸ. ਪੀ. ਕੰਮ ਕਰਨ ਵਾਲੇ ਬਲਵਿੰਦਰ ਸੇਖੋਂ ਨੇ ਆਪਣੇ ਫੇਸਬੁੱਕ ਪੇਜ਼ 'ਤੇ ਵਿਧਾਇਕ ਸਿਮਰਜੀਤ ਬੈਂਸ ਖਿਲਾਫ ਭੜਾਸ ਕੱਢੀ ਹੈ। ਦੱਸਣਯੋਗ ਹੈ ਕਿ ਬਲਵਿੰਦਰ ਸੇਖੋਂ ਉਹ ਅਫਸਰ ਹਨ, ਜੋ ਕਿ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਗਰਮਾ-ਗਰਮ ਬਹਿਸ ਕਰਨ ਤੋਂ ਬਾਅਦ ਚਰਚਾ 'ਚ ਆਏ ਸਨ।
ਸੇਖੋਂ ਨੇ ਆਪਣੇ ਪੇਜ਼ 'ਪੀਪਲ ਫਾਰ ਨੋਟਾ' 'ਤੇ ਸਿਮਰਜੀਤ ਬੈਂਸ ਅਤੇ ਉਨ੍ਹਾਂ ਦੇ ਪਿਛੋਕੜ ਬਾਰੇ ਦੱਸਦਿਆਂ ਲਿਖਿਆ ਕਿ ਬੈਂਸ ਭਰਾਵਾਂ ਦੀ ਸਿਆਸਤ ਆਤਮ ਨਗਰ ਅਤੇ ਲੁਧਿਆਣਾ ਦੱਖਣੀ ਤੱਕ ਹੀ ਸੀਮਤ ਹੈ। ਉਨ੍ਹਾਂ ਲਿਖਿਆ ਕਿ ਬੈਂਸ ਕੇਜਰੀਵਾਲ ਵਾਂਗ ਰਾਤੋ-ਰਾਤ ਮਸ਼ਹੂਰ ਹੋ ਕੇ ਪੰਜਾਬ ਦਾ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਇਹੋ ਕਾਰਣ ਹੈ ਕਿ ਉਹ ਕਿਤੇ ਵੀ ਅਤੇ ਕਿਸੇ ਨਾਲ ਵੀ ਲੰਮੇ ਸਿਆਸੀ ਸਬੰਧ ਬਣਾ ਨਾ ਸਕੇ।
ਕਾਰੋਬਾਰ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ 1995-96 ਦੌਰਾਨ ਬੈਂਸ ਭਰਾਵਾਂ ਨੇ ਇਕ ਕਾਲਜ ਦੇ ਬਾਹਰ ਪ੍ਰਾਪਰਟੀ ਡੀਲਰ ਦਾ ਦਫਤਰ ਖੋਲ੍ਹਿਆ ਸੀ, ਜਿਸ ਦੀ ਨੁੱਕਰ 'ਚ ਇਕ ਪੀ. ਸੀ. ਓ ਵੀ ਬਣਾਇਆ ਗਿਆ ਸੀ। ਇੱਥੇ ਇਕ ਲੜਕੀ ਨੂੰ ਰੱਖਿਆ ਗਿਆ ਸੀ, ਜੋ ਕਿ ਕਾਲਜੀ ਮੁੰਡਿਆ ਦੀ ਕੁੜੀਆਂ ਨਾਲ ਗੱਲ ਕਰਵਾਉਣ 'ਚ ਮਦਦ ਕਰਦੀ ਸੀ।
ਇਸ ਤੋਂ ਬਾਅਦ ਬੈਂਸ ਵਲੋਂ ਫਰਨੇਸ ਫੈਕਟਰੀ ਖੋਲ੍ਹੀ ਗਈ। ਫਿਰ ਵਪਾਰੀ ਤਰੀਕੇ ਅਪਣਾਉਂਦੇ ਹੋਏ ਬਿਜਲੀ ਚੋਰੀ ਕਰਕੇ ਪੈਸਾ ਇਕੱਠਾ ਕੀਤਾ ਗਿਆ। ਬੈਂਸ ਵਲੋਂ ਸਿਆਸਤ 'ਚ ਆਉਣ ਲਈ ਲੁਧਿਆਣਾ ਦੇ ਅਕਾਲੀ ਨੇਤਾ ਸ਼ਰਨਜੀਤ ਢਿੱਲੋਂ ਦਾ ਸਹਾਰਾ ਲਿਆ ਗਿਆ। 2007 ਦੀ ਸਰਕਾਰ ਬਣਨ ਤੋਂ ਪਹਿਲਾਂ ਇਹ ਦੋਵੇਂ ਭਰਾ ਅਕਾਲੀ ਬਣ ਗਏ। ਡੀ. ਐੱਸ. ਪੀ. ਸੇਖੋਂ ਮੁਤਾਬਕ ਸਿਆਸਤ 'ਚ ਲੰਮੀ ਛਾਲ ਮਾਰਨ ਲਈ ਬੈਂਸ ਭਰਾਵਾਂ ਨੇ ਕਈ ਬਾਹਾਂ ਫੜ੍ਹੀਆਂ 'ਤੇ ਕਈਆਂ ਨੂੰ ਛੱਡਿਆ।

ਜਗਮੀਤ ਬਰਾੜ ਅਤੇ ਸਿੱਧੂ ਵਾਂਗ ਇਹ ਦੋਵੇਂ ਨੇਤਾ ਥੋੜੇ ਸਮੇਂ 'ਚ ਚਰਚਿਤ ਤਾਂ ਹੋਏ ਪਰ ਲੰਮਾ ਸਮਾਂ ਸਿਆਸਤ 'ਚ ਰਹਿਣ ਅਤੇ ਉੱਚਾ ਅਹੁਦਾ ਪਾਉਣ 'ਚ ਅਸਫਲ ਸਾਬਤ ਹੋ ਰਹੇ ਹਨ। ਡੀ. ਐੱਸ. ਪੀ. ਸੇਖੋਂ ਦੀ ਇਸ ਪੋਸਟ ਦੀ ਸੱਚਾਈ ਜਾਣਨ ਲਈ 'ਜਗ ਬਾਣੀ' ਵਲੋਂ ਉਨ੍ਹਾਂ ਨਾਲ ਸੰਪਰਕ ਵੀ ਕੀਤਾ ਗਿਆ। ਸੇਖੋਂ ਨੇ ਆਪਣੀ ਪੋਸਟ ਦੀ ਪੁਸ਼ਟੀ ਕਰ ਇਸ ਨੂੰ ਸੱਚ ਆਖਿਆ ਹੈ। ਸੇਖੋਂ ਮੁਤਾਬਕ ਸਿਮਰਜੀਤ ਬੈਂਸ ਦਾ ਬਿਆਨ ਆਉਣ ਤੋਂ ਬਾਅਦ ਉਹ ਖੁੱਲ੍ਹ ਕੇ ਮੀਡੀਆ ਅੱਗੇ ਬੋਲਣਗੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Babita

Edited By Babita