ਹੁਣ ਕੈਨੇਡਾ ਤੋਂ ਕਿਸੇ ਪਾਰਟੀ ਨੂੰ ਨਹੀਂ ਮਿਲੇਗਾ ਚੋਣ ਫੰਡ : ਸਿਖਸ ਫਾਰ ਜਸਟਿਸ

07/24/2018 6:11:55 AM

ਜਲੰਧਰ(ਬਹਿਲ, ਸੋਮਨਾਥ)-ਆਮ ਆਦਮੀ ਪਾਰਟੀ 'ਆਪ' ਦੇ ਦੋ ਵਿਧਾਇਕਾਂ ਅਮਰਜੀਤ ਸਿੰਘ ਸੰਦੋਆ ਅਤੇ ਕੁਲਤਾਰ ਸਿੰਘ ਸੰਧਵਾ ਨੂੰ ਓਟਾਵਾ ਏਅਰਪੋਰਟ ਤੋਂ ਡਿਪੋਰਟ ਕੀਤੇ ਜਾਣ 'ਤੇ ਸਿਖਸ ਫਾਰ ਜਸਟਿਸ ਨੇ ਕੈਨੇਡਾ ਦੀ ਟਰੂਡੋ ਸਰਕਾਰ ਦੀ ਤਾਰੀਫ ਕੀਤੀ ਹੈ। ਨਾਲ ਹੀ ਸਿਖਸ ਫਾਰ ਜਸਟਿਸ ਦੀ ਵਕਾਲਤ ਕਰ ਰਹੇ ਐਡਵੋਕੇਟ ਗੁਰਪ੍ਰਤਾਪ ਸਿੰਘ ਪੰਨੂ ਨੇ ਕਿਹਾ ਕਿ ਹੁਣ ਕੈਨੇਡਾ ਤੋਂ ਕਿਸੇ ਵੀ ਸਿਆਸੀ ਪਾਰਟੀ ਨੂੰ ਪੰਜਾਬ ਲਈ ਚੋਣ ਫੰਡ ਨਹੀਂ ਲਿਜਾਣ ਦਿੱਤਾ ਜਾਵੇਗਾ। ਪੰਨੂ ਨੇ ਕਿਹਾ ਕਿ ਕੈਨੇਡਾ ਦਾ ਕਾਨੂੰਨ ਕੈਨੇਡਾ ਵਿਚ ਕਿਸੇ ਵੀ ਚੋਣ ਜਾਂ ਸਿਆਸੀ ਮੂਵਮੈਂਟ ਲਈ ਵਿਦੇਸ਼ ਤੋਂ ਕਿਸੇ ਸਿਆਸੀ ਪਾਰਟੀ ਨੂੰ ਪ੍ਰਚਾਰ ਦੀ ਇਜਾਜ਼ਤ ਨਹੀਂ ਦਿੰਦਾ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਪੰਜਾਬ ਵਿਚ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ 'ਆਪ' ਨੇ ਹਜ਼ਾਰਾਂ ਡਾਲਰ ਕੈਨੇਡਾ ਤੋਂ ਚੋਣ ਫੰਡ ਇਕੱਠਾ ਕੀਤਾ ਹੈ ਪਰ ਹੁਣ 2019 ਦੀਆਂ ਆਮ ਚੋਣਾਂ ਲਈ ਕੈਨੇਡਾ ਤੋਂ ਕਿਸੇ ਵੀ ਪਾਰਟੀ ਨੂੰ ਫੰਡ ਇਕੱਠਾ ਕਰਕੇ ਲਿਜਾਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਿਖਸ ਫਾਰ ਜਸਟਿਸ ਨੇ ਅਪ੍ਰੈਲ 2016 ਨੂੰ ਵਿਦੇਸ਼ ਮੰਤਰੀ ਕੋਲ ਇਕ ਸ਼ਿਕਾਇਤ ਦਰਜ ਕਰਵਾਉਂਦੇ ਹੋਏ 'ਆਪ' ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਦੀ ਯਾਤਰਾ 'ਤੇ ਰੋਕ ਲਵਾਈ ਸੀ, ਜੋ ਕਿ ਚੋਣਾਂ ਲਈ ਫੰਡ ਇਕੱਠਾ ਕਰਨ ਆ ਰਹੇ ਸਨ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਦੇ ਨੇਤਾ ਕੈਨੇਡਾ ਵਿਚ ਆ ਕੇ ਐੱਨ. ਆਰ. ਆਈਜ਼ ਤੋਂ ਚੋਣਾਂ ਦੇ ਨਾਂ 'ਤੇ ਪੈਸਾ ਇਕੱਠਾ ਕਰਦੇ ਹਨ ਪਰ ਹੁਣ ਉਹ ਅਜਿਹਾ ਨਹੀਂ ਹੋਣ ਦੇਣਗੇ।  


Related News