ਸਿੱਖ ਨੌਜਵਾਨਾਂ ਨੂੰ ਉਮਰਕੈਦ ਦੀ ਸਜ਼ਾ ਦਾ ਫੈਸਲਾ ਨਿੰਦਣਯੋਗ : ਪੰਜੋਲੀ

02/11/2019 6:31:52 PM

ਫਤਿਹਗੜ੍ਹ ਸਾਹਿਬ (ਜਗਦੇਵ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਤਿੰਨ ਸਿੱਖ ਨੌਜਵਾਨਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਏ ਜਾਣ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਹ ਫੈਸਲਾ ਸਿੱਖ ਨੌਜਵਾਨੀ ਨੂੰ ਧੱਕ ਕੇ ਕੰਧ ਨਾਲ ਲਾਉਣ ਵਾਲੀ ਬਿਰਤੀ 'ਚੋਂ ਨਿਕਲਿਆ ਹੈ ਅਤੇ ਇਸ ਦੇ ਨਤੀਜੇ ਬੇਹੱਦ ਖਤਰਨਾਕ ਨਿਕਲ ਸਕਦੇ ਹਨ। ਉਨ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਵਕੀਲਾਂ ਦਾ ਇਕ ਪੈਨਲ ਤਿਆਰ ਕਰਕੇ ਇਸ ਅਤਿ ਗੰਭੀਰ ਮੁਕੱਦਮੇ ਦੀ ਪੈਰਵਾਈ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਨਵਾਂ ਸ਼ਹਿਰ ਦੀ ਅਦਾਲਤ ਦੇ ਇਸ ਫੈਸਲੇ ਖਿਲਾਫ ਸਿੱਖ ਜਗਤ ਵਿਚ ਉਭਰ ਰਹੀ ਰੋਹ ਦੀ ਲਹਿਰ ਦਿਨੋ-ਦਿਨ ਤੇਜ਼ ਹੁੰਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਿੱਖ ਜਜ਼ਬਾਤਾਂ ਨਾਲ ਧੱਕਾ ਹੋਇਆ ਹੈ। 
ਉਨ੍ਹਾਂ ਕਿਹਾ ਕਿ ਜੇਕਰ ਸਿੱਖ ਇਤਿਹਾਸ ਦੀਆਂ ਕਿਤਾਬਾਂ ਰੱਖਣ, ਸਿੱਖ ਨਾਇਕਾਂ ਦੀਆਂ ਫੋਟੋਆਂ ਰੱਖਣ ਅਤੇ ਸਿੱਖ ਮਸਲਿਆਂ ਬਾਰੇ ਗੱਲਬਾਤ ਕਰਨ 'ਤੇ ਵੀ ਉਮਰ ਕੈਦ ਵਰਗੀਆਂ ਸਜ਼ਾਵਾਂ ਹੋਣਗੀਆਂ ਤਾਂ ਨਿਰਾਸ਼ਾ, ਮਾਯੂਸੀ ਤੇ ਰੋਹ ਦਾ ਵਧਣਾ ਸੁਭਾਵਿਕ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰੀ ਸਿਸਟਮ ਤਹਿਤ ਸਰਕਾਰਾਂ ਨਾਗਰਿਕਾਂ ਨੂੰ ਲਿਖਣ-ਬੋਲਣ ਅਤੇ ਵਿਚਾਰ ਕਰਨ ਦੀ ਖੁੱਲ੍ਹ ਹੈ ਤਾਂ ਕਿ ਅੰਦਰਲੇ ਰੋਹ ਅਤੇ ਰੋਸ ਨੂੰ ਬਾਹਰ ਨਿਕਲਣ ਲਈ ਮਾਹੌਲ 'ਤੇ ਮੌਕਾ ਮਿਲਦਾ ਰਹੇ ਪਰ ਜੇ ਸਰਕਾਰਾਂ ਜਬਰ ਰਾਂਹੀ ਲੋਕਾਂ ਦੀ ਆਵਾਜ਼ ਦਰੜਨ ਦੇ ਰਾਹ ਤੁਰ ਪੈਣ ਤਾਂ ਫੇਰ ਹਾਲਾਤ ਬੇਕਾਬੂ ਹੋ ਜਾਂਦੇ ਹਨ। ਉਨ੍ਹਾਂ ਕਿਹਾ ਕਿ ਜਿਥੇ-ਜਿਥੇ ਵੀ ਸਰਕਾਰਾਂ ਨੇ ਲੋਕ-ਆਵਾਜ਼ ਨੂੰ ਜਬਰ ਨਾਲ ਦਰੜਨ ਦੀ ਕੋਸ਼ਿਸ਼ ਕੀਤੀ, ਉਥੇ-ਉਥੇ ਹੀ ਹਥਿਆਰਬੰਦ ਸੰਘਰਸ਼ ਚੱਲੇ ਹਨ।


Gurminder Singh

Content Editor

Related News