ਸਿੱਖ ਅਫਸਰਾਂ ਦੀ ਗਿਣਤੀ ਘਟਣ ਪਿੱਛੇ ਪੰਥਕ ਫੁੱਟ ਜ਼ਿੰਮੇਵਾਰ : ਸਿੱਖ ਸੇਵਕ ਸੁਸਾਇਟੀ

07/02/2017 6:32:48 AM

ਜਲੰਧਰ  (ਚਾਵਲਾ)  - ਸਿੱਖ ਸੇਵਕ ਸੁਸਾਇਟੀ ਨੇ ਆਈ. ਏ. ਐੱਸ. ਤੇ ਆਈ. ਪੀ. ਐੱਸ. ਸਿੱਖ ਅਫਸਰਾਂ ਤੇ ਫੌਜ 'ਚ ਘਟ ਰਹੀ ਗਿਣਤੀ ਪਿੱਛੇ ਪੰਥਕ ਸੰਸਥਾਵਾਂ ਦੀ ਅਣਗਹਿਲੀ ਤੇ ਪੰਥਕ ਫੁੱਟ ਨੂੰ ਜ਼ਿੰਮੇਵਾਰ ਦੱਸਦਿਆਂ ਕਿਹਾ ਕਿ ਪੰਥਕ ਆਗੂ ਬੇਵਜ੍ਹਾ ਰਹਿਤ ਮਰਿਆਦਾ ਤੇ ਹੋਰ ਮਸਲੇ ਖੜ੍ਹੇ ਕਰ ਕੇ ਕੌਮ ਨੂੰ ਬਰਬਾਦੀ ਵੱਲ ਧੱਕ ਰਹੇ ਹਨ। ਸਿੱਖ ਸੇਵਕ ਸੁਸਾਇਟੀ ਇੰਟਰਨੈਸ਼ਨਲ ਦੇ ਸੂਬਾ ਪ੍ਰਧਾਨ ਪਰਮਿੰਦਰਪਾਲ ਸਿੰਘ ਖਾਲਸਾ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰਪਾਲ ਸਿੰਘ ਗੋਲਡੀ ਤੇ ਜਨਰਲ ਸਕੱਤਰ ਪ੍ਰੋ. ਬਲਵਿੰਦਰਪਾਲ ਸਿੰਘ, ਭਾਈ ਮਨਜੀਤ ਸਿੰਘ ਗੱਤਕਾ ਮਾਸਟਰ ਅੰਮ੍ਰਿਤਸਰ, ਹਰਪ੍ਰਿਤਪਾਲ ਸਿੰਘ ਨੇ ਕਿਹਾ ਕਿ ਰਾਜਨੀਤਕ ਤਰੱਕੀ ਦੇ ਨਾਲ ਅਫਸਰਸ਼ਾਹੀ ਵਿਚ ਬੋਲਬਾਲਾ ਹੀ ਕਿਸੇ ਕੌਮ ਨੂੰ ਚੜ੍ਹਦੀ ਕਲਾ ਵੱਲ ਲਿਜਾ ਸਕਦਾ ਹੈ, ਕਿਉਂਕਿ ਅਫਸਰਸ਼ਾਹੀ ਹੀ ਸਰਕਾਰਾਂ ਦੀਆਂ ਨੀਤੀਆਂ ਨੂੰ ਲਾਗੂ ਕਰਨ ਜਾਂ ਨਾ ਕਰਨ ਵਿਚ ਵੱਡਾ ਰੋਲ ਵੀ ਨਿਭਾਉਂਦੀ ਹੈ ਪਰ ਇਹ ਕਿੰਨੀ ਨਿਰਾਸ਼ਾ ਭਰੀ ਗੱਲ ਹੈ ਕਿ ਇਸ ਵਾਰ ਕਰੀਬ 11000 ਆਈ. ਏ. ਐੱਸ. ਦੀ ਪ੍ਰੀਖਿਆ ਪਾਸ ਕਰਨ ਵਾਲੇ ਬੱਚਿਆਂ ਵਿਚ ਸਿੱਖ ਬੱਚਿਆਂ ਦੀ ਗਿਣਤੀ ਸਿਰਫ 5 ਹੈ। ਉਨ੍ਹਾਂ ਇਸ ਗੱਲ 'ਤੇ ਮਾਣ ਕਰਦਿਆਂ ਕਿਹਾ ਕਿ ਇਸ ਵਾਰ ਦੀ ਆਈ. ਏ. ਐੱਸ. ਦੀ ਪ੍ਰੀਖਿਆ ਵਿਚ ਅੰਮ੍ਰਿਤਸਰ ਦੇ ਇਕ ਸਿੱਖ ਨੌਜਵਾਨ ਅਨਮੋਲ ਸ਼ੇਰ ਸਿੰਘ ਬੇਦੀ ਨੇ ਦੇਸ਼ ਭਰ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ 2015 ਵਿਚ ਆਈ. ਏ. ਐੱਸ. ਪਾਸ ਕਰਨ ਵਾਲੇ 15 ਸਿੱਖ ਸਨ, ਜਦੋਂਕਿ ਉਸ ਵੇਲੇ 30 ਮੁਸਲਿਮ ਬੱਚੇ ਆਈ. ਏ. ਐੱਸ. ਪ੍ਰੀਖਿਆ ਵਿਚ ਪਾਸ ਹੋਏ ਹਨ ਪਰ ਹੁਣ 2017 ਵਿਚ ਜਿਥੇ ਪਾਸ ਹੋਣ ਵਾਲੇ ਸਿੱਖ 5 ਹਨ, ਮੁਸਲਿਮ 50 ਹਨ। ਉਨ੍ਹਾਂ ਦੱਸਿਆ ਕਿ ਪਾਸ ਹੋਣ ਵਾਲੇ 50 ਮੁਸਲਿਮ ਬੱਚਿਆਂ ਵਿਚੋਂ 16 ਅਜਿਹੇ ਬੱਚੇ ਹਨ, ਜਿਨ੍ਹਾਂ ਨੂੰ ਮੁਸਲਮਾਨਾਂ ਦੀ ਸੰਸਥਾ ਜ਼ਕਾਤ ਫਾਊਂਡੇਸ਼ਨ ਆਫ ਇੰਡੀਆ ਨੇ ਆਰਥਿਕ ਸਹਾਇਤਾ ਦੇ ਕੇ ਇਮਤਿਹਾਨ ਦੀ ਤਿਆਰੀ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਉਲਟ ਪੰਜਾਬ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਆਈ. ਏ. ਐੱਸ. ਦੀ ਤਿਆਰੀ ਲਈ ਬਣੇ ਕੇਂਦਰ ਵਿਚ ਦਾਖਲ 75 ਬੱਚਿਆਂ ਵਿਚੋਂ 60 ਇਮਤਿਹਾਨ ਵਿਚ ਸ਼ਾਮਲ ਹੋਏ ਪਰ ਆਈ. ਏ. ਐੱਸ. ਇਕ ਵੀ ਨਹੀਂ ਬਣਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈ. ਏ. ਐੱਸ. ਤੇ ਅਲਾਈਡ ਸਰਵਿਸ ਟ੍ਰੇਨਿੰਗ ਕੇਂਦਰ ਦਾ ਵੀ ਕੋਈ ਬੱਚਾ ਇਸ ਪ੍ਰੀਖਿਆ ਵਿਚੋਂ ਪਾਸ ਨਹੀਂ ਹੋਇਆ। ਉਨ੍ਹਾਂ ਇਹ ਵੀ ਕਿਹਾ ਕਿ ਸ਼੍ਰੋਮਣੀ ਕਮੇਟੀ ਪਿਛਲੇ ਕਈ ਸਾਲਾਂ ਤੋਂ ਸਿੱਖ ਬੱਚਿਆਂ ਨੂੰ ਆਈ. ਏ. ਐੱਸ. ਬਣਾਉਣ ਦੇ ਦਾਅਵੇ ਕਰ ਰਹੀ ਹੈ ਪਰ ਸ਼੍ਰੋਮਣੀ ਕਮੇਟੀ ਦੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦੇ ਇਸ ਮੰਤਵ ਲਈ ਬਣਾਏ ਗਏ ਕੇਂਦਰ ਦਾ ਰਿਜ਼ਲਟ ਵੀ ਸਿਫਰ ਹੀ ਰਿਹਾ ਹੈ। ਉਨ੍ਹਾਂ ਦੱਸਿਆ ਕਿ 1947 ਵਿਚ ਜਦੋਂ ਭਾਰਤ ਆਜ਼ਾਦ ਹੋਇਆ, ਉਸ ਵੇਲੇ ਆਈ. ਏ. ਐੱਸ. ਦੀ ਥਾਂ ਆਈ. ਸੀ. ਐੱਸ. ਅਫਸਰ ਹੁੰਦੇ ਸਨ ਤੇ ਉਸ ਵੇਲੇ ਕਰੀਬ 25 ਫੀਸਦੀ ਆਈ. ਸੀ. ਐੱਸ. ਅਫਸਰ ਸਿੱਖ ਸਨ, ਜਦੋਂਕਿ ਫੌਜ ਵਿਚ ਸਿੱਖ ਅਫਸਰਾਂ ਦੀ ਗਿਣਤੀ 33 ਫੀਸਦੀ ਦੇ ਕਰੀਬ ਸੀ।
ਇਸ ਦਰਮਿਆਨ ਦੇਹਰਾਦੂਨ ਦੀ ਮਿਲਟਰੀ ਅਕਾਦਮੀ ਵਿਚੋਂ ਫੌਜੀ ਅਫਸਰ ਬਣਨ ਲਈ ਪਾਸ ਹੋਣ ਵਾਲੇ ਕੁਲ 423 ਕੈਡੇਟਾਂ ਵਿਚੋਂ ਵੀ ਪੰਜਾਬ ਦੇ ਕੁਲ 17 ਬੱਚੇ ਹੀ ਹਨ, ਜਦੋਂਕਿ ਇਸ ਦੇ ਮੁਕਾਬਲੇ ਹਰਿਆਣਾ ਦੇ 50 ਬੱਚੇ ਪਾਸ ਹੋਏ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਗੁਰੂ ਕੀ ਗੋਲਕ ਗੁਰੂ ਘਰਾਂ ਵਿਚ ਸੰਗਮਰਮਰ ਲਾਉਣ ਜਾਂ ਹੋਰ ਕੰਮਾਂ 'ਤੇ ਖਰਚ ਕਰਨ ਦੀ ਥਾਂ ਗੁਰਸਿੱਖ ਵਿਦਿਆਰਥੀਆਂ ਨੂੰ ਮੁਕਾਬਲੇ ਦੇ ਇਮਤਿਹਾਨਾਂ ਲਈ ਤਿਆਰ ਕਰਨ ਲਈ ਇਕ ਫੰਡ ਕਾਇਮ ਕਰਨ ਤੇ ਉੱਚ ਪੱਧਰ ਦੀਆਂ ਪ੍ਰਾਈਵੇਟ ਅਕਾਦਮੀਆਂ ਵਿਚ ਉਨ੍ਹਾਂ ਦੀ ਤਿਆਰੀ ਕਰਵਾਉਣ ਤਾਂ ਹੀ ਸਿੱਖ ਪੰਥ ਤੇ ਪੰਥ ਦੀਆਂ ਨੁਮਾਇੰਦਾ ਜਥੇਬੰਦੀਆਂ ਦਾ ਨਾਂ ਰੌਸ਼ਨ ਹੋ ਸਕਦਾ ਹੈ। ਇਸ ਮੌਕੇ ਕਮਲਚਰਨਜੀਤ ਸਿੰਘ ਹੈਪੀ, ਹਰਦੇਵ ਸਿੰਘ ਗਰਚਾ, ਅਰਿੰਦਰਜੀਤ ਸਿੰਘ ਚੱਡਾ, ਪ੍ਰਿਤਪਾਲ ਸਿੰਘ ਅੰਮ੍ਰਿਤਸਰ, ਬਲਦੇਵ ਸਿੰਘ ਬੱਲ, ਮਹਿੰਦਰ ਸਿੰਘ ਚਮਕ, ਹਰਭਜਨ ਸਿੰਘ ਬੈਂਸ, ਸੰਦੀਪ ਸਿੰਘ ਚਾਵਲਾ, ਗੌਰਵਪ੍ਰੀਤ ਸਿੰਘ ਚਾਵਲਾ, ਹਰਜੀਤ ਸਿੰਘ ਬਾਵਾ, ਕੁਲਦੀਪ ਸਿੰਘ ਕੁੱਕੀ ਆਦਿ ਸ਼ਾਮਲ ਸਨ।


Related News