ਲੁਧਿਆਣਾ : ਵਾਇਰਲ ਵੀਡੀਓ ਤੋਂ ਭੜਕੀ ਸਿੱਖ ਸੰਗਤ ਵਲੋਂ ਜ਼ਬਰਦਸਤ ਪ੍ਰਦਰਸ਼ਨ

Wednesday, Jun 26, 2019 - 04:30 PM (IST)

ਲੁਧਿਆਣਾ : ਵਾਇਰਲ ਵੀਡੀਓ ਤੋਂ ਭੜਕੀ ਸਿੱਖ ਸੰਗਤ ਵਲੋਂ ਜ਼ਬਰਦਸਤ ਪ੍ਰਦਰਸ਼ਨ

ਲੁਧਿਆਣਾ (ਨਰਿੰਦਰ) : ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਤੋਂ ਭੜਕੇ ਹੋਏ ਸਿੱਖ ਭਾਈਚਾਰੇ ਵਲੋਂ ਸ਼ਹਿਰ 'ਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਮੁਤਾਬਕ ਸ਼ਹਿਰ ਦੇ ਕੁਝ ਨੌਜਵਾਨਾਂ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਕਾਰਨ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਇਨ੍ਹਾਂ ਨੌਜਵਾਨਾਂ 'ਤੇ ਦੋਸ਼ ਲਾਏ ਗਏ ਹਨ ਕਿ ਨੌਜਵਾਨ ਇਕ ਬਾਟੇ 'ਚ ਸ਼ਰਾਬ ਪਾ ਕੇ ਆਪਣੇ ਸਾਥੀਆਂ ਨੂੰ ਵਰਤਾ ਰਹੇ ਹਨ ਅਤੇ ਨਾਲ ਹੀ 'ਸੋ ਨਿਹਾਲ' ਦੇ ਜੈਕਾਰੇ ਵੀ ਛੱਡੇ ਜਾ ਰਹੇ ਹਨ। ਇਸ ਵੀਡੀਓ 'ਚ ਕੁਝ ਸਿੱਖ ਨੌਜਵਾਨ ਵੀ ਸ਼ਾਮਲ ਦਿਖਾਈ ਦੇ ਰਹੇ ਹਨ ਅਤੇ ਉਨ੍ਹਾਂ 'ਚੋਂ ਹੀ ਕਿਸੇ ਇਕ ਨੌਜਵਾਨ ਵਲੋਂ ਇਹ ਸਾਰੀ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਵੀਡੀਓ ਖੂਬ ਵਾਇਰਲ ਹੋ ਰਹੀ ਹੈ।

ਦੂਜੇ ਪਾਸੇ ਇਸ ਵੀਡੀਓ ਦਾ ਸਿੱਖ ਸੰਗਤਾਂ ਵਲੋਂ ਵਿਰੋਧ ਕੀਤਾ ਗਿਆ ਅਤੇ ਇਸ ਦੇ ਰੋਸ ਵਜੋਂ ਯੂਥ ਅਕਾਲੀ ਦਲ ਵਲੋਂ ਜਗਰਾਓਂ ਪੁਲ 'ਤੇ ਧਰਨਾ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਉਕਤ ਨੌਜਵਾਨਾਂ 'ਤੇ ਕਾਰਵਾਈ ਕੀਤੀ ਜਾਵੇ, ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਵਲੋਂ ਉਕਤ ਦੋਸ਼ੀਆਂ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਦੱਸ ਦੇਈਏ ਕਿ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਰਘੁਬੀਰ ਸਿੰਘ ਨੇ ਨੌਜਵਾਨਾਂ ਦੀ ਇਸ ਹਰਕਤ ਨੂੰ ਘਿਨੌਣੀ ਕਰਾਰ ਦਿੰਦਿਆਂ ਉਕਤ ਨੌਜਵਾਨਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਫਿਲਹਾਰ ਪੁਲਸ ਦੇ ਭਰੋਸੇ ਤੋਂ ਬਾਅਦ ਜਗਰਾਓਂ ਪੁਲ ਤੋਂ ਲੱਗ ਧਰਨਾ ਹਟਾ ਦਿੱਤਾ ਗਿਆ ਹੈ ਅਤੇ ਪੁਲਸ ਵਲੋਂ ਉਕਤ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।


author

Babita

Content Editor

Related News