ਨਾਮ ਚਰਚਾ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਤੇ ਡੇਰਾ ਪ੍ਰੇਮੀ ਆਹਮੋ-ਸਾਹਮਣੇ, ਤਣਾਅਪੂਰਨ ਬਣੀ ਸਥਿਤੀ (ਤਸਵੀਰਾਂ)
Sunday, Jul 23, 2017 - 07:25 PM (IST)

ਸਮਾਣਾ (ਦਰਦ) : ਡੇਰਾ ਸੱਚਾ ਸੋਦਾ ਸਿਰਸਾ ਬਲਾਕ ਮਵੀ ਕਲਾਂ ਵੱਲੋਂ ਮਰੋੜੀ ਵਿਚ ਐਤਵਾਰ ਸਵੇਰੇ ਰੱਖੀ ਗਈ ਨਾਮ ਚਰਚਾ ਮੌਕੇ ਜ਼ਬਰਦਸਤੀ ਦਾਖਲ ਹੋਏ ਹੱਥਿਆਰਬੰਦ ਸਿੱਖ ਸੰਗਠਨ ਦੇ ਲੋਕਾਂ ਨੇ ਤਲਵਾਰਾ ਲਹਿਰਾÀੁਂਦਿਆ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਜਿਸ ਕਾਰਨ ਸਿੱਖਾਂ ਅਤੇ ਡੇਰਾ ਪ੍ਰੇਮੀਆਂ ਵਿਚਾਲੇ ਤਣਾਅ ਪੈਦਾ ਹੋ ਗਿਆ। ਇਸ ਟਕਰਾਅ ਕਾਰਨ ਡੇਰਾ ਪ੍ਰਮੀਆਂ ਵੱਲੋਂ ਕੀਤੀ ਜਾ ਰਹੀ ਨਾਮ ਚਰਚਾ ਤੁਰੰਤ ਬੰਦ ਕਰ ਦਿੱਤੀ ਗਈ। ਇਸ ਮੌਕੇ ਮੌਜੂਦ ਮਵੀ ਕਲਾ ਪੁਲਸ ਨੇ ਸਿੱਖ ਸੰਗਠਨ ਦੇ ਲੋਕਾਂ ਨੂੰ ਬਾਹਰ ਕੱਢਿਆ ਜਿਸ ਤੋਂ ਬਾਅਦ ਡੇਰਾ ਪ੍ਰੇਮੀ ਪੁਲਸ ਚੌਕੀ ਵਿਚ ਇਕੱਤਰ ਹੋ ਗਏ।
ਇਸ ਸੰਬੰਧ ਵਿਚ ਡੇਰਾ ਸਿਰਸਾ ਪ੍ਰੇਮੀ ਬਲਾਕ ਮਵੀ ਕਲਾ ਦੇ ਭੰਗੀਦਾਸ ਬਲਵੀਰ ਸਿੰਘ ਨੇ ਦੱਸਿਆ ਕਿ ਪਿੰਡ ਮਰੋੜੀ ਵਿਚ ਬਲਾਕ ਦੇ ਸਿਰਸਾ ਪ੍ਰੇਮੀ ਸੰਗਤ ਵੱਲੋਂ ਨਾਮ ਜੱਪ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ। ਇਸ ਸੰਬੰਧ ਵਿਚ ਸਰਕਾਰੀ ਸਕੂਲ ਵਿਚ ਸਮਾਗਮ ਦੀ ਮਨਜ਼ੂਰੀ ਪਿੰਡ ਦੇ ਸਰਪੰਚ ਤੋਂ ਲੈਣ ਉਪਰੰਤ ਸੰਬੰਧਤ ਪੁਲਸ ਚੌਕੀ ਮਵੀ ਕਲਾ ਨੂੰ ਸੂਚਿਤ ਕੀਤਾ ਗਿਆ ਸੀ ਅਤੇ ਉਨ੍ਹਾਂ ਪੁਲਸ ਕਰਮਚਾਰੀਆਂ ਨੂੰ ਨਾਮ ਚਰਚਾ ਮੌਕੇ ਪਿੰਡ ਮਰੋੜੀ ਵਿਚ ਭੇਜ ਦਿੱਤਾ।
ਮਵੀ ਕਲਾਂ ਪੁਲਸ ਨੂੰ ਭੰਗੀਦਾਸ ਬਲਵੀਰ ਸਿੰਘ ਵੱਲੋਂ ਕੀਤੀ ਸ਼ਿਕਾਇਤ ਅਨੁਸਾਰ ਮਰੋੜੀ ਪਿੰਡ ਦੇ ਅਮਰਜੀਤ ਸਿੰਘ, ਗੁਰਮੁੱਖ ਸਿੰਘ, ਬਿੱਟੂ ਸਿੰਘ ਅਤੇ ਅਰਾਈਮਾਜਰਾ ਪਿੰਡ ਦੇ ਹੈਪੀ ਸਿੰਘ, ਕਰਮ ਸਿੰਘ ਅਤੇ ਦਾਰਾ ਸਿੰਘ ਨਿਵਾਸੀ ਪਿੰਡ ਸੋਂਦੇਵਾਲ ਕਰੀਬ 20-25 ਲੋਕਾਂ ਨੇ ਮਰੋੜੀ ਵਿਚ ਆਯੋਜਿਤ ਡੇਰਾ ਸਿਰਸਾ ਪ੍ਰੇਮੀਆਂ ਵੱਲੋ ਕੀਤੀ ਜਾ ਰਹੀ ਨਾਮ ਚਰਚਾ ਮੌਕੇ ਹਮਲਾ ਕਰਦਿਆਂ ਤਲਵਾਰਾਂ ਲਹਿਰਾ ਕੇ ਨਾਅਰੇਬਾਜ਼ੀ ਕਰਦੇ ਹੋਏ ਸਮਾਗਮ ਰੋਕ ਦਿੱਤਾ। ਇਸ ਵਿਚ ਡੇਰੇ ਦੀ 45 ਮੈਂਬਰੀ ਕਮੇਟੀ ਦੇ ਤਿੰਨ ਮੈਂਬਰ ਵੀ ਹਾਜ਼ਰ ਸਨ।
ਇਸ ਸਬੰਧ ਵਿਚ ਸਿੱਖ ਸੰਗਠਨ ਦੇ ਨੇਤਾ ਬਗੀਚਾ ਸਿੰਘ ਵੜੈਚ ਨੇ ਦੱਸਿਆ ਕਿ ਡੇਰਾ ਪ੍ਰੇਮੀਆਂ ਨਾਲ ਟਕਰਾਅ ਦੌਰਾਨ ਸੰਗਠਨ ਕਰਮਚਾਰੀ ਕਰਮਜੀਤ ਸਿੰਘ ਸਮਾਣਾ ਜ਼ਖਮੀ ਹੋ ਗਿਆ। ਬਗੀਚਾ ਸਿੰਘ ਅਨੁਸਾਰ ਉਨ੍ਹਾਂ ਦੇ ਵਰਕਰ ਅਮਰਜੀਤ ਸਿੰਘ ਮਰੋੜੀ ਦੇ ਜੀਜਾ ਨੂੰ ਹਿਰਾਸਤ ਵਿਚ ਲੈ ਲਿਆ ਹੈ। ਉਸ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਹਰ ਹਾਲਤ ਵਿਚ ਲਾਗੂ ਕੀਤਾ ਜਾਵੇਗਾ। ਇਸ ਸਬੰਧ ਵਿਚ ਘੱਗਾ ਸਦਰ ਥਾਣਾ ਮੁੱਖੀ ਇੰਸਪੈਕਟਰ ਰਾਜਵਿੰਦਰ ਕੌਰ ਨੇ ਦੱਸਿਆ ਕਿ 5-6 ਲੋਕਾਂ ਨਾਮ ਅਤੇ 15 ਅਣਪਛਾਤੇ ਲੋਕਾਂ ਖਿਲਾਫ ਧਾਰਮਿਕ ਪ੍ਰੋਗਰਾਮ ਵਿਚ ਰੁਕਾਵਟ ਪਾਉਣ ਸਬੰਧੀ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕਿਸੇ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ।