ਲੁਧਿਆਣਾ 'ਚ ਦਿਖੀ 'ਸਿੱਖ-ਮੁਸਲਿਮ' ਸਾਂਝ ਦੀ ਅਨੋਖੀ ਮਿਸਾਲ, ਇੰਝ ਬਚੀ 2 ਲੋਕਾਂ ਦੀ ਜ਼ਿੰਦਗੀ
Saturday, Nov 07, 2020 - 01:45 PM (IST)
ਲੁਧਿਆਣਾ (ਨਰਿੰਦਰ) : ਅੱਜ ਦੇ ਦੌਰ 'ਚ ਜਿੱਥੇ ਸਕੇ ਭਰਾ ਇਕ-ਦੂਜੇ ਦੇ ਵੈਰੀ ਬਣੇ ਹੋਏ ਹਨ ਅਤੇ ਧਰਮਾਂ ਦੇ ਨਾਂ 'ਤੇ ਇਨਸਾਨਾਂ ਦੀ ਵੰਡ ਹੋ ਰਹੀ ਹੈ, ਉੱਥੇ ਹੀ ਇਕ ਮੁਸਲਮਾਨ ਅਤੇ ਸਿੱਖ ਪਰਿਵਾਰ ਨੇ ਅਨੋਖੀ ਮਿਸਾਲ ਪੇਸ਼ ਕਰਦਿਆਂ 2 ਜ਼ਿੰਦਗੀਆਂ ਬਚਾ ਲਈਆਂ ਹਨ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਸਿੱਖ ਅਤੇ ਮੁਸਲਮਾਨ ਧਰਮਾਂ ਦੇ ਵੱਖ-ਵੱਖ ਪਰਿਵਾਰਾਂ ਨੇ ਆਪਸ 'ਚ ਕਿਡਨੀ ਟਰਾਂਸਪਲਾਂਟ ਕਰਕੇ ਵੱਡਾ ਪੁੰਨ ਕੀਤਾ ਹੈ।
ਦੋਹਾਂ ਪਰਿਵਾਰਾਂ ਦੇ ਡੋਨਰਾਂ ਦੇ ਬਲੱਡ ਗਰੁੱਪ ਨਹੀਂ ਮਿਲ ਰਹੇ ਸਨ, ਜਿਸ ਤੋਂ ਬਾਅਦ ਦੋਹਾਂ ਪਰਿਵਾਰਾਂ ਨੇ ਆਪਸ 'ਚ ਕਿਡਨੀ ਟਰਾਂਸਪਲਾਂਟ ਕੀਤੀ ਅਤੇ ਦੋਵੇਂ ਆਪਰੇਸ਼ਨ ਸਫ਼ਲ ਰਹੇ। ਇਸ ਮੌਕੇ ਦੋਹਾਂ ਪਰਿਵਾਰਾਂ ਨੇ ਕਿਹਾ ਕਿ ਧਰਮ ਭਾਵੇਂ ਹੀ ਵੱਖਰਾ ਹੋਵੇ ਪਰ ਮਨੁੱਖਤਾ ਦਾ ਧਰਮ ਇਕ ਹੀ ਹੁੰਦਾ ਹੈ ਅਤੇ ਹਰ ਇਨਸਾਨ ਨੂੰ ਦੂਜੇ ਇਨਸਾਨ ਦੀ ਮਦਦ ਕਰਨ ਦੀ ਲੋੜ ਹੈ।
ਇਹ ਵੀ ਪੜ੍ਹੋ : ਡਾਕਟਰਾਂ ਦੀ ਗ਼ਲਤੀ ਕਾਰਨ ਕੱਟਣਾ ਪਿਆ ਬੱਚੇ ਦਾ ਹੱਥ, ਲੱਗਾ 50 ਲੱਖ ਦਾ ਜੁਰਮਾਨਾ
ਦੂਜੇ ਪਾਸੇ ਆਪਰੇਸ਼ਨ ਕਰਨ ਵਾਲੇ ਡਾ. ਬਲਦੇਵ ਸਿੰਘ ਔਲਖ ਦਾ ਕਹਿਣਾ ਹੈ ਕਿ ਅੱਜ ਦੇ ਦੌਰ 'ਚ ਇਹੋ ਜਿਹੇ ਲੋਕਾਂ ਦੀ ਲੋੜ ਹੈ, ਜੋ ਮਨੁੱਖਤਾ ਦੀ ਸੇਵਾ ਕਰਦੇ ਹੋਏ ਲੋਕਾਂ ਦੀ ਜਾਨ ਬਚਾ ਸਕਣ ਅਤੇ ਇਸ ਗੱਲ ਦਾ ਉਨ੍ਹਾਂ ਨੂੰ ਮਾਣ ਹੈ ਕਿ ਇਸ ਸ਼ਲਾਘਾਯੋਗ ਕੰਮ 'ਚ ਉਹ ਵੀ ਹਿੱਸੇਦਾਰ ਹਨ। ਇਸ ਮੌਕੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਲੁਧਿਆਣਾ ਦੀ ਜਾਮਾ ਮਸਜਿਦ ਦੇ ਇਮਾਮ ਵੱਲੋਂ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਅੱਜ ਦੇ ਦੌਰ 'ਚ ਮਨੁੱਖਤਾ ਦੀ ਸੇਵਾ ਸਭ ਤੋਂ ਵੱਡਾ ਧਰਮ ਕਹਾਉਂਦਾ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ 'ਚ ਦੀਵਾਲੀ 'ਤੇ ਨਹੀਂ ਚੱਲਣਗੇ 'ਪਟਾਕੇ', ਲਾਈ ਗਈ ਮੁਕੰਮਲ ਪਾਬੰਦੀ
ਉੱਥੇ ਹੀ ਇਸ ਮੌਕੇ 'ਤੇ ਪਹੁੰਚੇ ਲੁਧਿਆਣਾ ਦੇ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਵੱਲੋਂ ਵੀ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।