ਆਸਟਰੇਲੀਆ ਵਿਚ ਪੜ੍ਹਾਈ ਕਰਨ ਗਿਆ ਪੁੱਤ ਆਇਆ ਕਫਨ ''ਚ, ਪਿੰਡ ਵਾਸੀਆਂ ਨੇ ਕੀਤੀ ਇਹ ਮੰਗ
Saturday, Jul 08, 2017 - 09:53 AM (IST)
ਮੈਲਬੌਰਨ/ ਸਹੂੰਗੜ— ਆਸਟਰੇਲੀਆ ਵਿਚ ਸਟੂਡੈਂਟ ਵੀਜ਼ੇ 'ਤੇ ਗਏ ਪੰਜਾਬੀ ਨੌਜਵਾਨ ਜਗਵੀਰ ਸਿੰਘ ਦੀ ਲਾਸ਼ ਵੀਰਵਾਰ ਨੂੰ ਉਸ ਦੇ ਘਰ ਪੁੱਜੀ। ਉਸ ਦੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਹੀ ਟੁੱਟ ਗਿਆ। ਬਜ਼ੁਰਗ ਪਿਤਾ ਸ.ਸੋਹਣ ਸਿੰਘ ਨੇ ਜਗਵੀਰ ਦੀ ਚਿਖਾ ਨੂੰ ਅਗਨੀ ਭੇਂਟ ਕੀਤੀ। ਸਹੂੰਗੜ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ।

ਪਿੰਡ ਵਾਸੀਆਂ ਨੇ ਮੰਗ ਕੀਤੀ ਗਈ ਕਿ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਤੇ ਭਾਰਤੀਆਂ ਦੀ ਸੁਰੱਖਿਆ ਦਾ ਧਿਆਨ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਸਰਕਾਰ ਨੂੰ ਚਾਹੀਦਾ ਹੈ ਕਿ ਭਾਰਤ ਤੋਂ ਜਾ ਰਹੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤਕ ਪਤਾ ਹੀ ਨਹੀਂ ਲੱਗ ਸਕਿਆ ਕਿ ਜਗਵੀਰ ਦੀ ਮੌਤ ਕਿਨ੍ਹਾਂ ਕਾਰਨਾਂ ਕਰਕੇ ਹੋਈ ਹੈ। ਜਗਵੀਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ । ਕੋਈ ਨਹੀਂ ਜਾਣਦਾ ਸੀ ਕਿ ਚਾਵਾਂ ਨਾਲ ਪੜ੍ਹਾਈ ਕਰਨ ਗਿਆ ਜਗਵੀਰ ਘਰ ਤੁਰ ਕੇ ਨਹੀਂ ਸਗੋਂ ਕਫਨ 'ਚ ਪਰਤੇਗਾ। ਜਗਵੀਰ 2014 'ਚ ਸਟੂਡੈਂਟ ਵੀਜ਼ੇ 'ਤੇ ਨਵਾਂਸ਼ਹਿਰ ਦੇ ਪਿੰਡ ਸਹੂੰਗੜੇ ਤੋਂ ਮੈਲਬੌਰਨ ਆਇਆ ਸੀ।
