ਸੰਗਤਾਂ ਦੇ ਦਰਸ਼ਨਾਂ ਲਈ ਵਿਲੱਖਣ ਮਿਊਜ਼ੀਅਮ ਖੋਲ੍ਹਿਆ

05/06/2018 12:25:59 AM

ਨੰਦੇੜ ਸਾਹਿਬ (ਹਜ਼ੂਰ ਸਾਹਿਬ) 'ਚ ਸਿੱਖ ਇਤਿਹਾਸ ਨਾਲ ਸਬੰਧਤ  
ਮਮਦੋਟ(ਜਸਵੰਤ, ਸ਼ਰਮਾ)—ਸ੍ਰੀ ਗੁਰੂ ਗੋਬਿੰਦ ਸਿੰਘ ਮਿਊਜ਼ੀਅਮ ਦਾ ਨਿਰਮਾਣ ਗੁਰਦੁਆਰਾ ਤਖਤ ਸੱਚਖੰਡ ਸ੍ਰੀ ਅਬਿਚਲ ਨਗਰ ਬੋਰਡ ਹਜ਼ੂਰ ਸਾਹਿਬ ਵੱਲੋਂ ਕਰਵਾਇਆ ਗਿਆ ਹੈ। ਇਸ ਦਾ ਕੰਮ ਬੜੀ ਤੇਜ਼ੀ ਨਾਲ ਚੱਲ ਰਿਹਾ ਹੈ। ਇਸ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰ ਰੱਖੇ ਗਏ ਹਨ ਅਤੇ ਪੇਂਟਿੰਗ ਬਣਾਈ ਗਈ ਹੈ ਤੇ ਇਥੇ ਲਾਈਟ ਐਂਡ ਪੇਂਟ ਦਾ ਕੰਮ ਵੀ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਿਊਜ਼ੀਅਮ ਦੇ ਮੈਨੇਜਰ ਇੰਦਰਪਾਲ ਸਿੰਘ ਨੇ ਦੱਸਿਆ ਕਿ ਦੇਸ਼-ਵਿਦੇਸ਼ 'ਚੋਂ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਇਥੇ ਪੁਰਾਤਨ ਸ਼ਸਤਰਾਂ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਪੇਂਟਿੰਗ ਦੇ ਦਰਸ਼ਨ ਕਰ ਕੇ ਇਤਿਹਾਸ ਤੋਂ ਜਾਣੂ ਹੁੰਦੀਆਂ ਹਨ। ਇਸ ਮਿਊਜ਼ੀਅਮ ਦਾ ਸਾਰਾ ਕੰਮ ਗੁਰਦੁਆਰਾ ਬੋਰਡ ਦੇ ਚੇਅਰਮੈਨ ਤਾਰਾ ਸਿੰਘ ਅਤੇ ਡਾਇਰੈਕਟਰ ਰਵਿੰਦਰ ਸਿੰਘ ਲਾਂਬਾ ਦੀ ਦੇਖ-ਰੇਖ ਵਿਚ ਚੱਲ ਰਿਹਾ ਹੈ । ਪੂਰੀ ਇਮਾਰਤ ਏ. ਸੀ. ਹੈ ਅਤੇ ਇਸ ਨੂੰ ਸੰਗਤਾਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ ਹੈ । ਇਸ ਮਿਊਜ਼ੀਅਮ ਨੂੰ ਬਣਾਉਣ ਦਾ ਮੁੱਖ ਮੰਤਵ ਸਿੱਖ ਬੱਚਿਆਂ ਨੂੰ ਸਿੱਖੀ ਦੇ ਪੁਰਾਤਨ ਇਤਿਹਾਸ ਤੋਂ ਜਾਣੂ ਕਰਵਾਉਣਾ ਹੈ। ਇਥੇ ਸਾਫਟਵੇਅਰ ਅਤੇ ਸੈਂਸਰ ਲਾਉਣ ਦਾ ਕੰਮ ਵੀ ਜਲਦੀ ਪੂਰਾ ਕਰ ਲਿਆ ਜਾਵੇਗਾ ਤੇ ਤਿੰਨ ਭਾਸ਼ਾਵਾਂ (ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ) ਵਿਚ ਆਉਣ ਵਾਲੀਆਂ ਸੰਗਤਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਮਿਊਜ਼ੀਅਮ ਦੇ ਬਾਹਰ ਗੁਰੂ ਜੀ ਨੂੰ ਬਾਗ-ਬਗੀਚੇ ਨਾਲ ਖਾਸ ਲਗਾਓ ਹੋਣ ਕਰਕੇ ਖਾਸ ਤੌਰ ਤੋਂ ਬਾਗ-ਬਗੀਚਾ ਲਵਾਇਆ ਗਿਆ ਹੈ। ਇਥੇ ਜਲਦੀ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਦਸਤਾਰ ਵੀ ਸੰਗਤਾਂ ਦੇ ਦਰਸ਼ਨਾਂ ਲਈ ਸੁਸ਼ੋਭਿਤ ਕੀਤੀ ਜਾਵੇਗੀ। ਇਥੇ ਮਹਾਰਾਜਾ ਰਣਜੀਤ ਸਿੰਘ ਅਤੇ ਅਕਾਲੀ ਫੂਲਾ ਸਿੰਘ ਤੇ ਪੁਰਾਤਨ ਸਿੰਘਾਂ ਦੇ ਸ਼ਸਤਰ ਵੀ ਸੁਸ਼ੋਭਿਤ ਕੀਤੇ ਗਏ ਹਨ। 


Related News