ਸਿੱਖ ਡਰਾਈਵਰ ਨਾਲ ਬਦਸਲੂਕੀ ਦੇ ਮਾਮਲੇ ''ਚ ਕੈਪਟਨ ਨੇ ਲਿਆ ਨੋਟਿਸ

Wednesday, Apr 10, 2019 - 06:31 PM (IST)

ਸਿੱਖ ਡਰਾਈਵਰ ਨਾਲ ਬਦਸਲੂਕੀ ਦੇ ਮਾਮਲੇ ''ਚ ਕੈਪਟਨ ਨੇ ਲਿਆ ਨੋਟਿਸ

ਚੰਡੀਗੜ੍ਹ : ਉੱਤਰ ਪ੍ਰਦੇਸ਼ ਵਿਚ ਇਕ ਸਿੱਖ ਡਰਾਈਵਰ ਨਾਲ ਪੁਲਸ ਮੁਲਾਜ਼ਮਾਂ ਵਲੋਂ ਬਦਸਲੂਕੀ ਕਰਨ ਦੀ ਘਟਨਾ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਿੰਦਾ ਕੀਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰਕੇ ਯੂ. ਪੀ. ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਮਾਮਲੇ ਵਿਚ ਦਖਲ ਦੇਣ ਅਤੇ ਮਾਮਲੇ ਵਿਚ ਕਾਰਵਾਈ ਕਰਨ ਲਈ ਆਖਿਆ ਹੈ। ਜਿਸ ਦੇ ਚੱਲਦੇ ਉਥੋਂ ਦੀ ਸਰਕਾਰ ਵਲੋਂ ਮਾਮਲੇ ਨਾਲ ਸੰਬੰਧਤ ਇਕ ਪੁਲਸ ਮੁਲਾਜ਼ਮ 'ਤੇ ਕਾਰਵਾਈ ਕਰਦੇ ਹੋਏ ਉਸ ਨੂੰ ਮੁਅੱਤਲ ਵੀ ਕਰ ਦਿੱਤਾ ਗਿਆ ਹੈ। 
ਦੱਸਣਯੋਗ ਹੋ ਕਿ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿਚ ਸਿੱਖ ਟਰੱਕ ਡਰਾਈਵਰ ਵਲੋਂ ਕੁਝ ਪੁਲਸ ਮੁਲਾਜ਼ਮ 'ਤੇ ਉਸ ਨਾਲ ਬਦਸਲੂਕੀ ਕਰਨ ਦੇ ਦੋਸ਼ ਲਗਾਏ ਗਏ ਸਨ। ਸਿੱਖ ਟਰੱਕ ਡਰਾਈਵਰ ਨੇ ਵੀਡੀਓ ਵਿਚ ਕਿਹਾ ਸੀ ਕਿ ਉਕਤ ਪੁਲਸ ਮੁਲਾਜ਼ਮ ਵਲੋਂ ਉਸ ਦੇ ਕੇਸਾਂ ਤੇ ਦਾੜ੍ਹੀ ਦੀ ਵੀ ਬੇਅਦਬੀ ਕੀਤੀ ਗਈ ਹੈ। ਜਿਸ ਤੋਂ ਬਾਅਦ ਉਕਤ ਸਿੱਖ ਟਰੱਕ ਡਰਾਈਵਰ ਵਲੋਂ ਕ੍ਰਿਪਾਨ ਵੀ ਕੱਢ ਲਈ ਗਈ। 
ਸੋਸ਼ਲ ਮੀਡੀਆ 'ਤੇ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸਿੱਖ ਸੰਗਤ ਵਿਚ ਭਾਰੀ ਰੋਸ ਦੀ ਲਹਿਰ ਦੌੜ ਗਈ ਸੀ। ਜਾਂਚ ਤੋਂ ਬਾਅਦ ਪਤਾ ਲੱਗਾ ਕਿ ਇਹ ਵੀਡੀਓ ਉਤਰ ਪ੍ਰਦੇਸ਼ ਦੇ ਸ਼ਾਮਲੀ-ਮੁਜ਼ੱਫਰਨਗਰ ਬਾਰਡਰ ਦੀ ਹੈ ਅਤੇ ਟਰੱਕ ਡਰਾਈਵਰ ਵਲੋਂ ਪੁਲਸ ਦੀ ਵੈਨ ਨੂੰ ਅੱਗੇ ਨਿਕਲਣ ਲਈ ਰਾਹ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਸਾਰਾ ਵਿਵਾਦ ਹੋਇਆ। ਜਦਕਿ ਸਿੱਖ ਡਰਾਈਵਰ ਦਾ ਕਹਿਣਾ ਸੀ ਕਿ ਉਸ ਨੇ ਟਰੱਕ ਇਕ ਪਾਸੇ ਕਰਕੇ ਪੁਲਸ ਨੂੰ ਰਾਹ ਦਿੱਤਾ ਸੀ ਪਰ ਬਾਵਜੂਦ ਇਸਦੇ ਪੁਲਸ ਨਾਲ ਬਦਸਲੂਕੀ ਕੀਤੀ ਗਈ।


author

Gurminder Singh

Content Editor

Related News