''''ਚੋਣ ਮੈਨੀਫੈਸਟੇ ਦੇ ਵਾਅਦੇ ਪੂਰੇ ਨਾ ਕਰਨ ਵਾਲੀ ਪਾਰਟੀ ''ਤੇ ਲੱਗੇ ਬੈਨ''''
Thursday, Jan 18, 2018 - 04:20 PM (IST)
ਤਲਵੰਡੀ ਸਾਬੋ (ਮੁਨੀਸ਼) : ਚੋਣ ਮੈਨੀਫੈਸਟੋ ਵਿੱਚ ਲੋਕਾਂ ਨਾਲ ਵਾਅਦੇ ਕਰਕੇ ਸਰਕਾਰ ਬਣਨ 'ਤੇ ਜੇਕਰ ਪਾਰਟੀ ਘੱਟੋ-ਘੱਟ 80 ਫੀਸਦੀ ਵਾਅਦੇ ਪੂਰੇ ਨਹੀਂ ਕਰਦੀ ਹੈ ਤਾਂ ਅਜਿਹੀ ਪਾਰਟੀ 'ਤੇ ਮੁੜ ਚੋਣ ਸਬੰਧੀ ਬੈਨ ਲਾਉਣ ਵਾਲਾ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਕੋਈ ਵੀ ਸਿਆਸੀ ਪਾਰਟੀ ਲੋਕਾਂ ਨਾਲ ਵਾਅਦੇ ਕਰਕੇ ਮੁੱਕਰੇ ਨਾ। ਉਕਤ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਸਾਬਕਾ ਕੈਬਨਿਟ ਮੰਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ।ਇੱਥੇ ਇੱਕ ਸਮਾਰੋਹ ਵਿੱਚ ਸ਼ਿਰੱਕਤ ਕਰਨ ਆਏ ਮਲੂਕਾ ਨੇ ਕਾਂਗਰਸ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਉਕਤ ਸਰਕਾਰ ਨੇ ਸੂਬੇ ਦੇ ਲੋਕਾਂ ਨਾਲ ਅਜਿਹੇ ਵਾਅਦੇ ਕੀਤੇ, ਜੋ ਪੂਰੇ ਕੀਤੇ ਜਾਣੇ ਸੰਭਵ ਨਹੀ ਸਨ ਅਤੇ ਹੁਣ ਜਦੋਂ ਕਾਂਗਰਸ ਰਾਜ ਵਿੱਚ ਸਰਕਾਰ ਕਰ ਰਹੀ ਹੈ ਤਾਂ ਉਹ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਭੱਜ ਰਹੀ ਹੈ।
ਰਾਣਾ ਗੁਰਜੀਤ ਦਾ ਅਸਤੀਫਾ ਮਨਜ਼ੂਰ ਕਰਨ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਮਲੂਕਾ ਨੇ ਕਿਹਾ ਕਿ ਰਾਣਾ 'ਤੇ ਜੋ ਗੰਭੀਰ ਦੋਸ਼ ਲੱਗੇ ਸਨ ਉਨਾਂ ਨੂੰ ਲੋਕਾਂ ਨੇ ਵੀ ਸਹੀ ਮੰਨ ਲਿਆ ਸੀ। ਅਜਿਹੇ ਵਿੱਚ ਚਾਹੀਦਾ ਤਾਂ ਇਹ ਸੀ ਕਿ ਮੁੱਖ ਮੰਤਰੀ ਉਨਾਂ ਤੋਂ ਬਹੁਤ ਪਹਿਲਾਂ ਹੀ ਅਸਤੀਫਾ ਲੈ ਲੈਂਦੇ ਪਰ ਹੁਣ ਅਸਤੀਫਾ ਮਨਜ਼ੂਰ ਕੀਤਾ ਗਿਆ ਹੈ। ਉਨ੍ਹਾ ਕਿਹਾ ਕਿ ਕਾਂਗਰਸ ਸਰਕਾਰ ਦੇ ਬਹੁਤ ਮਾੜੇ ਹਾਲਾਤ ਹਨ ਕਿਉਂਕਿ ਕੈਬਨਿਟ ਮੰਤਰੀ ਨੂੰ ਗੰਭੀਰ ਦੋਸ਼ਾਂ ਦੇ ਚੱਲਦਿਆਂ ਅਸਤੀਫਾ ਦੇਣਾ ਪੈ ਗਿਆ ਅਤੇ ਮੁੱਖ/ਪ੍ਰਮੁੱਖ ਸਕੱਤਰ ਦੀ ਨਿਯੁਕਤੀ ਨੂੰ ਮਾਣਯੋਗ ਅਦਾਲਤ ਨੇ ਰੱਦ ਕਰ ਦਿੱਤਾ।ਇੱਕ ਸਵਾਲ ਦੇ ਜਵਾਬ ਵਿੱਚ ਮਲੂਕਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖ ਧਰਮ ਦੇ ਪ੍ਰਚਾਰ ਲਈ ਜੋ ਵੀ ਪ੍ਰੋਗਰਾਮ ਉਲੀਕੇਗੀ, ਸ਼੍ਰੋਮਣੀ ਅਕਾਲੀ ਦਲ ਉਸ ਦੀ ਸਫਲਤਾ ਲਈ ਬਣਦਾ ਯੋਗਦਾਨ ਪਾਵੇਗਾ।