ਅਕਾਲੀ ਆਗੂ ਸਕਿੰਦਰ ਸਿੰਘ ਮਲੂਕਾ ਨੇ ਕਾਂਗਰਸੀਆਂ ਨੂੰ ਘੇਰਿਆ, ਕੀਤੇ 3 ਸਵਾਲ
Wednesday, May 12, 2021 - 05:21 PM (IST)
ਭਗਤਾ ਭਾਈ (ਢਿੱਲੋਂ) : ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਸਬੰਧੀ ਕਾਂਗਰਸ ਦੇ ਆਗੂ ਆਪਣੀਆਂ ਸਰਕਾਰ ਦੀਆਂ ਕਮਜ਼ੋਰੀਆਂ ਨੂੰ ਛੁਪਾਉਣ ਲਈ ਸੋਚੀ-ਸਮਝੀ ਸਿਆਸਤ ਦੇ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਖ਼ਿਲਾਫ਼ ਬੇਤੁਕੀ ਬਿਆਨਬਾਜ਼ੀ ਕਰਨ ਦੀ ਬਜਾਏ ਉਹ ਕਾਂਗਰਸ ਸਰਕਾਰਾਂ ਸਮੇਂ ਹੋਏ ਸਿੱਖ ਕਤਲੇਆਮ ਸਬੰਧੀ ਮੁਆਫ਼ੀ ਮੰਗਣ ਅਤੇ ਉਨ੍ਹਾ ਦੇ ਸਵਾਲਾਂ ਦੇ ਜਨਤਾ ਵਿਚ ਜਵਾਬ ਦੇਣ ਦੀ ਹਿੰਮਤ ਵਿਖਾਉਣ। ਇੰਨ੍ਹਾ ਵਿਚਾਰਾਂ ਦਾ ਪ੍ਰਗਟਾਵਾਂ ਸਿਕੰਦਰ ਸਿੰਘ ਮਲੂਕਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਅਤੇ ਸਾਬਕਾ ਮੰਤਰੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ।
ਇਸ ਮੌਕੇ ਮਲੂਕਾ ਨੇ ਕਾਂਗਰਸ ਦੇ ਆਗੂਆਂ ਨੂੰ ਘੇਰਦੇ ਤਿੰਨ ਸਵਾਲ ਕੀਤੇ। ਮਲੂਕਾ ਨੇ ਕਿਹਾ ਕਿ ਕਾਂਗਰਸੀ ਆਗੂ ਸਪੱਸ਼ਟ ਕਰਨ ਕਿ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸਮੇਂ ਦਿੱਲੀ ਦੰਗਿਆਂ ਦੌਰਾਨ ਹਜ਼ਾਰਾਂ ਸਿੱਖਾਂ ਦੇ ਕਤਲੇਆਮ ਅਤੇ ਧੀਆਂ ਭੈਣਾਂ ਦੀਆਂ ਇੱਜ਼ਤਾ ਲੁੱਟਣ ਦਾ ਦੋਸ਼ੀ ਕੌਣ ਹੈ? ਉਨ੍ਹਾ ਕਿਹਾ ਕਿ ਦਰਬਾਰ ਸਾਹਿਬ ਵਿਖੇ ਹੋਏ ਹਮਲੇ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਵਿਚ ਗੋਲੀਆਂ ਮਾਰਨ, ਪਾਠ ਕਰਦੇ ਇਕ ਗ੍ਰੰਥੀ ਨੂੰ ਸ਼ਹੀਦ ਕਰਨ ਅਤੇ ਸੈਂਕੜੇ ਬੀੜਾ ਸਾੜਨ ਦਾ ਦੋਸ਼ੀ ਕੌਣ ਹੈ? ਉਨ੍ਹਾ ਕਿਹਾ ਕਿ ਪੰਜਾਬ ਵਿਚ ਬੇਅੰਤ ਸਿੰਘ ਦੀ ਸਰਕਾਰ ਸਮੇਂ ਹੋਏ ਸੈਂਕੜੇ ਸਿੱਖ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲਿਆ ਦਾ ਦੋਸ਼ੀ ਕੌਣ ਹੈ? ਵੀ ਜਨਤਕ ਕੀਤਾ ਜਾਵੇ।
ਮਲੂਕਾ ਨੇ ਕਿਹਾ ਕਾਂਗਰਸੀ ਆਂਗੂ ਲੋਕਾਂ ਨੂੰ ਇਹ ਦੱਸਣ ਕਿ ਉਹ ਭਾਰਤੀ ਸੰਵਿਧਾਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ ਜਾਂ ਨਹੀ। ਉਨ੍ਹਾ ਕਿਹਾ ਕਿ ਕਾਂਗਰਸੀ ਆਗੂ ਨਾ ਤਾ ਮਾਨਯੋਗ ਅਦਾਲਤ ਦਾ ਫ਼ੈਸਲਾ ਮੰਨ ਰਹੇ ਹਨ ਅਤੇ ਨਾ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕਰਵਾ ਰਹੇ ਹਨ ਕਿ ਬੇਅਦਬੀਆਂ ’ਤੇ ਸਿਆਸਤ ਕਰਨ ਵਾਲਿਆ ਦਾ ਕੱਖ ਨਾ ਰਹੇ। ਇਸ ਸਮੇਂ ਮਲੂਕਾ ਨੇ ਕਾਂਗਰਸ ਅਤੇ ‘ਆਪ’ ਆਗੂਆਂ ਨੂੰ ਕਿਹਾ ਕਿ ਉਹ ਵੀ ਦਰਬਾਰ ਸਾਹਿਬ ਜਾ ਕੇ ਅਰਦਾਸ ਕਰਵਾਉਣ ਕਿ ਦੋਸ਼ੀਆਂ ਅਤੇ ਸਿਆਸਤ ਕਰਨ ਵਾਲਿਆਂ ਨੂੰ ਪ੍ਰਮਾਤਮਾ ਸਜ਼ਾ ਦੇਵੇ। ਇਸ ਮੌਕੇ ਮਲੂਕਾ ਨੇ ਕਾਂਗਰਸ ਨੇਤਾਵਾਂ ਨੂੰ ਲੰਮੇ ਹੱਥੀਂ ਲੈਦਿਆਂ ਕਿਹਾ ਕਿ ਉਹ ਕੋਰੋਨਾ ਮਹਾਮਾਰੀ ਦੌਰਾਨ ਪਹਿਲਾ ਸੂਬੇ ਦੇ ਲੋਕਾਂ ਦੀ ਸਾਰ ਲੈ ਲੈਣ ਫਿਰ ਸਿਆਸਤ ਕਰਦੇ ਰਹਿਣ। ਉਨ੍ਹਾ ਕਿਹਾ ਕਿ ਕਾਂਗਰਸ ਆਗੂ ਕੋਰੋਨਾ ਪੀੜਤ ਲੋਕਾਂ ਦੀ ਮੱਦਦ ਕਰਨ ਦੀ ਬਜਾਏ ਸਿਆਸਤ ਕਰਨ ਵਿਚ ਰੁਝੇ ਹੋਏ ਹਨ।