ਮਨਰੇਗਾ ਨੂੰ ਪੰਜਾਬ ''ਚ ਵੱਡੇ ਪੱਧਰ ''ਤੇ ਲਾਗੂ ਕਰਨ ਦੇ ਜਾਖੜ ਨੇ ਦਿੱਤੇ ਸੰਕੇਤ

Tuesday, Aug 15, 2017 - 06:34 AM (IST)

ਮਨਰੇਗਾ ਨੂੰ ਪੰਜਾਬ ''ਚ ਵੱਡੇ ਪੱਧਰ ''ਤੇ ਲਾਗੂ ਕਰਨ ਦੇ ਜਾਖੜ ਨੇ ਦਿੱਤੇ ਸੰਕੇਤ

ਜਲੰਧਰ, (ਧਵਨ)- ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਸੰਕੇਤ ਦਿੱਤੇ ਹਨ ਕਿ ਮਨਰੇਗਾ ਨੂੰ ਪੰਜਾਬ ਵਿਚ ਵੱਡੇ ਪੱਧਰ 'ਤੇ ਲਾਗੂ ਕੀਤਾ ਜਾਵੇਗਾ। ਰਾਜੀਵ ਗਾਂਧੀ ਪੰਚਾਇਤੀ ਰਾਜ ਸੰਗਠਨ ਦੇ ਵਰਕਰਾਂ ਨਾਲ ਰੂਬਰੂ ਹੁੰਦੇ ਹੋਏ ਜਾਖੜ ਨੇ ਕਿਹਾ ਕਿ ਮਨਰੇਗਾ ਯੋਜਨਾ ਨੂੰ ਕੇਂਦਰ ਵਿਚ ਕਾਂਗਰਸ ਦੀ ਅਗਵਾਈ ਵਾਲੀ ਯੂ. ਪੀ. ਏ. ਸਰਕਾਰ ਨੇ ਸ਼ੁਰੂ ਕੀਤਾ ਸੀ ਪਰ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਨੂੰ ਜ਼ਮੀਨੀ ਪੱਧਰ 'ਤੇ ਲਾਗੂ ਕਰਨ ਦੀਆਂ ਗੱਲਾਂ ਕਰ ਰਹੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਮੋਦੀ ਨੇ ਵੀ ਹੁਣ ਯੋਜਨਾ ਦੀ ਸੱਚਾਈ ਅਤੇ ਮਹੱਤਤਾ ਨੂੰ ਸਮਝ ਲਿਆ ਹੈ। ਇਸੇ ਤਰ੍ਹਾਂ ਰਾਈਟ ਟੂ ਐਜੂਕੇਸ਼ਨ ਵੀ ਪਿਛਲੀ ਯੂ. ਪੀ. ਏ. ਸਰਕਾਰ ਨੇ ਦੇਸ਼ ਵਿਚ ਲਾਗੂ ਕੀਤਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜਿਨ੍ਹਾਂ-ਜਿਨ੍ਹਾਂ ਯੋਜਨਾਵਾਂ ਨੂੰ ਲਾਗੂ ਕੀਤਾ ਹੋਇਆ ਹੈ, ਉਹ ਸਾਰੀਆਂ ਪਿਛਲੀ ਯੂ. ਪੀ. ਏ. ਸਰਕਾਰ ਦੀ ਦੇਣ ਹਨ। 
ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕੋਸ਼ਿਸ਼ ਹੋਵੇਗੀ ਕਿ ਸੂਬੇ ਵਿਚ ਪੰਜਾਬ ਸਰਕਾਰ ਵਲੋਂ ਮਨਰੇਗਾ ਨੂੰ ਵੱਧ ਤੋਂ ਵੱਧ ਪਿੰਡਾਂ ਤਕ ਪਹੁੰਚਾ ਕੇ ਇਸ ਯੋਜਨਾ ਦਾ ਲਾਭ ਉਠਾਇਆ ਜਾਵੇ ਅਤੇ ਬੇਰੋਜ਼ਗਾਰੀ 'ਤੇ ਕਾਬੂ ਪਾਇਆ ਜਾਵੇ। ਇਸ ਯੋਜਨਾ ਨੂੰ ਵੱਡੇ ਪੱਧਰ 'ਤੇ ਲਾਗੂ ਕਰਨ ਲਈ ਪਿੰਡ-ਪਿੰਡ ਵਿਚ ਕੋਆਰਡੀਨੇਟਰ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੇਂਦਰ ਵਿਚ ਸੱਤਾ 'ਚ ਰਹਿੰਦਿਆਂ ਜੋ ਕੰਮ ਗਰੀਬਾਂ ਅਤੇ ਲੋਕਾਂ ਦੀ ਭਲਾਈ ਲਈ ਸ਼ੁਰੂ ਕੀਤੇ, ਅੱਜ ਉਸ ਦੀ ਅਹਿਮੀਅਤ ਸਾਰਿਆਂ ਨੂੰ ਪਤਾ ਲੱਗ ਗਈ ਹੈ, ਜਦਕਿ ਮੌਜੂਦਾ ਕੇਂਦਰ ਸਰਕਾਰ ਤਾਂ ਵਪਾਰ ਅਤੇ ਲੋਕਾਂ ਵਿਰੋਧੀ ਫੈਸਲੇ ਹੀ ਢਾਈ ਸਾਲਾਂ ਵਿਚ ਲੈਂਦੀ ਰਹੀ ਹੈ।  ਉਨ੍ਹਾਂ ਕਿਹਾ ਕਿ ਮੋਦੀ ਨੇ ਦਿਹਾਤੀ ਲੋਕਾਂ ਲਈ ਕੋਈ ਵੀ ਨਵੀਂ ਯੋਜਨਾ ਲਾਗੂ ਨਹੀਂ ਕੀਤੀ। ਉਨ੍ਹਾਂ ਨੇ ਵਰਕਰਾਂ ਨੂੰ ਕਿਹਾ ਕਿ ਉਹ ਮਨਰੇਗਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪਿੰਡਾਂ ਵਿਚ ਲਾਗੂ ਕਰਵਾਉਣ ਲਈ ਜ਼ਿਲਾ ਪ੍ਰਸ਼ਾਸਨ ਨਾਲ ਤਾਲਮੇਲ ਬਣਾਉਣ। ਉਨ੍ਹਾਂ ਕਿਹਾ ਕਿ ਉਹ ਇਸ ਯੋਜਨਾ ਦੇ ਸੰਬੰਧ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵੀ ਗੱਲਬਾਤ ਕਰਨਗੇ ਤਾਂ ਕਿ ਜਿਸ ਤਰ੍ਹਾਂ ਹੋਰਨਾਂ ਸੂਬਿਆਂ ਵਿਚ ਮਨਰੇਗਾ ਦਾ ਪੂਰਾ ਫਾਇਦਾ ਉਠਾਇਆ ਹੈ, ਉਸੇ ਤਰ੍ਹਾਂ ਪੰਜਾਬ ਵੀ ਇਸ ਦਾ ਪੂਰਾ ਲਾਭ ਲੈ ਸਕੇ। 


Related News