ਵਪਾਰੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਜ਼ਖਮੀ
Monday, Jun 18, 2018 - 06:59 AM (IST)

ਵੈਰੋਵਾਲ, (ਗਿੱਲ)- ਦੇਰ ਸ਼ਾਮ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਇਕ ਵਪਾਰੀ ਨੌਜਵਾਨ ਉਪਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਜ਼ਖਮੀ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਖ਼ਮੀ ਵਿਅਕਤੀ ਦੇ ਭਰਾ ਨਿਸ਼ਾਨ ਸਿੰਘ ਪੰਚ ਪੁੱਤਰ ਦਲਬੀਰ ਵਾਸੀ ਪਿੰਡ ਜਲਾਲਾਬਾਦ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਗੁਰਦੇਵ ਸਿੰਘ ਉਰਫ਼ ਸੋਨਾ ਜੋ ਡੰਗਰਾਂ ਦਾ ਵਪਾਰ ਕਰਦਾ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਘਰੋਂ ਵਪਾਰ ਕਰਨ ਲਈ ਗਿਆ ਸੀ। ਬੀਤੀ ਦੇਰ ਸ਼ਾਮ ਉਨ੍ਹਾਂ ਨੂੰ ਨਜ਼ਦੀਕੀ ਪਿੰਡ ਖੋਜਕੀਪੁਰ ਦੇ ਕੁਝ ਨੌਜਵਾਨਾਂ ਨੇ ਸੂਚਿਤ ਕੀਤਾ ਕਿ ਪਿੰਡ ਉੱਪਲ ਦੇ ਸਾਹਮਣੇ ਨਹਿਰ ਦੇ ਕੋਲ ਜ਼ਖਮੀ ਹਾਲਤ ’ਚ ਗੁਰਦੇਵ ਸਿੰਘ ਡਿੱਗਾ ਪਿਆ ਹੈ। ਅਸੀਂ ਉਸ ਜਗ੍ਹਾ ਪਹੁੰਚੇ ਤੇ ਦੇਖਿਆ ਕਿ ਗੁਰਦੇਵ ਜ਼ਖਮੀ ਹਾਲਤ ਵਿਚ ਜ਼ਮੀਨ ਉੱਪਰ ਡਿੱਗਾ ਹੋਇਆ ਸੀ ਤੇ ਉਸ ਦਾ ਮੋਟਰਸਾਈਕਲ ਉਸ ਦੇ ਕੋਲ ਖਡ਼੍ਹਾ ਸੀ ਜਿਸ ਦੀ ਚਾਬੀ ਤੇ ਗੁਰਦੇਵ ਸਿੰਘ ਦਾ ਬਟੂਆ ਜਿਸ ਵਿਚ 4 ਹਜ਼ਾਰ ਰੁਪਏ ਦੀ ਨਕਦੀ ਸੀ ਉਹ ਹਮਲਾਵਰ ਆਪਣੇ ਨਾਲ ਲੈ ਗਏ ਸਨ। ਉਨ੍ਹਾਂ ਵੱਲੋਂ ਤੁਰੰਤ ਆਪਣੇ ਭਰਾ ਨੂੰ ਜ਼ਖਮੀ ਹਾਲਤ ਵਿਚ ਕਸਬਾ ਖਡੂਰ ਸਾਹਿਬ ਦੇ ਸਰਕਾਰੀ ਹਸਪਤਾਲ ਵਿਖੇ ਲਿਜਾ ਕੇ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਥਾਣਾ ਵੈਰੋਵਾਲ ਵਿਖੇ ਲਿਖਤੀ ਦਰਖਾਸਤ ਵੀ ਦੇ ਦਿੱਤੀ ਗਈ ਹੈ।