ਨਵਜੋਤ ਸਿੱਧੂ 'ਤੇ ਮਜੀਠੀਆ ਦਾ ਵੱਡਾ ਹਮਲਾ, ਕਿਹਾ- ਸਟਾਰ ਪ੍ਰਚਾਰਕ ਲਈ ਹੋਰਨਾਂ ਨੂੰ ਕਰਨਾ ਪੈ ਰਿਹੈ ਚੋਣ ਪ੍ਰਚਾਰ
Saturday, Feb 05, 2022 - 04:04 PM (IST)
ਅੰਮ੍ਰਿਤਸਰ (ਗੁਰਿੰਦਰ ਸਾਗਰ) : ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਮਾਝੇ ਦੀ ਸਭ ਤੋਂ ਹੌਟ ਸੀਟ ਮੰਨੀ ਜਾ ਰਹੀ ਹੈ, ਜਿੱਥੇ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਦੀ ਟੱਕਰ ਹੈ। ਦੋਵਾਂ ਸਿਆਸੀ ਪਾਰਟੀਆਂ ਵੱਲੋਂ ਲਗਾਤਾਰ ਇੱਕ ਦੂਜੇ ਖ਼ਿਲਾਫ਼ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ, ਉੱਥੇ ਹੀ ਅੱਜ ਸਿੱਧੂ ਦੇ ਹੱਕ ਵਿੱਚ ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਵੱਲੋਂ ਪ੍ਰਚਾਰ ਕਰਨ ਦੀ ਗੱਲ ਕਹੀ ਗਈ ਹੈ, ਜਿਸ 'ਤੇ ਪਲਟਵਾਰ ਕਰਦਿਆਂ ਮਜੀਠੀਆ ਨੇ ਕਿਹਾ ਕਿ ਕਿਸੇ ਸਮੇਂ ਨਵਜੋਤ ਸਿੱਧੂ ਸਟਾਰ ਪ੍ਰਚਾਰਕ ਬਣ ਕੇ ਪੰਜਾਬ ਦੇ ਲੋਕਾਂ ਵਿਚ ਵਿਚਰਦੇ ਸਨ ਪਰ ਅੱਜ ਉਨ੍ਹਾਂ ਨੂੰ ਆਪਣੇ ਹਲਕੇ ਵਿਚ ਨਿਰਾਸ਼ਾ ਹੱਥ ਲੱਗ ਰਹੀ ਹੈ ਤੇ ਉਨ੍ਹਾਂ ਵੱਲੋਂ ਹੁਣ ਧਰਮਵੀਰ ਗਾਂਧੀ ਦਾ ਸਹਾਰਾ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਕਾਂਗਰਸ ਤੇ ‘ਆਪ’ ’ਤੇ ਵਰ੍ਹੇ ਸੁਖਬੀਰ ਬਾਦਲ, ਦੱਸਿਆ ਕਿਹੋ ਜਿਹਾ ਹੋਵੇ ਪੰਜਾਬ ਦਾ ਸੀ. ਐੱਮ.
ਮਜੀਠੀਆ ਨੇ ਕਿਹਾ ਕਿ ਕੱਲ੍ਹ ਸਿੱਧੂ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ਵਿਚ ਉਹ ਪ੍ਰਚਾਰ ਦੌਰਾਨ ਲੋਕਾਂ ਦੇ ਘਰਾਂ ਵਿੱਚ ਵੋਟਾਂ ਮੰਗਣ ਜਾ ਰਹੇ ਸਨ ਪਰ ਲੋਕਾਂ ਨੇ ਦਰਵਾਜ਼ੇ ਤੱਕ ਨਹੀਂ ਖੋਲ੍ਹੇ ਤੇ ਅੱਜ ਜਦੋਂ ਉਹ (ਮਜੀਠੀਆ) ਉਸੇ ਇਲਾਕੇ ਵਿਚ ਪਹੁੰਚੇ ਤਾਂ ਲੋਕਾਂ ਨੇ ਦੋਵਾਂ ਹੱਥਾਂ ਨਾਲ ਉਨ੍ਹਾਂ ਨੂੰ ਚੁੱਕ ਲਿਆ ਅਤੇ ਫੁੱਲਾਂ ਨਾਲ ਸਵਾਗਤ ਵੀ ਕੀਤਾ। ਉਨ੍ਹਾਂ ਕਿਹਾ ਕਿ ਜੋ ਲੋਕ ਉਨ੍ਹਾਂ ਨੂੰ ਪਿਆਰ ਦੇ ਰਹੇ ਹਨ, ਉਨ੍ਹਾਂ ਸਾਰੇ ਲੋਕਾਂ ਦਾ ਉਹ ਧੰਨਵਾਦ ਕਰਦੇ ਹਨ।
ਇਹ ਵੀ ਪੜ੍ਹੋ : ਪੰਜਾਬ ਭਰ ਵਿਚ ਸ਼ਰਾਬ ਦੇ ਠੇਕੇ ਬੰਦ ਕਰਨ ਦੇ ਹੁਕਮ
ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਵਿਚ ਕਾਫੀ ਫਸਵਾਂ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਸਿੱਧੂ ਦੇ ਹੱਕ ਵਿਚ ਧਰਮਵੀਰ ਗਾਂਧੀ ਵੱਲੋਂ ਪ੍ਰਚਾਰ ਕੀਤਾ ਜਾਣਾ ਹੈ, ਜਿਸ 'ਤੇ ਤੰਜ ਕੱਸਦਿਆਂ ਮਜੀਠੀਆ ਨੇ ਕਿਹਾ ਕਿ ਲੋਕ ਨਵਜੋਤ ਸਿੱਧੂ ਨੂੰ ਪਸੰਦ ਨਹੀਂ ਕਰ ਰਹੇ ਕਿਉਂਕਿ ਉਨ੍ਹਾਂ ਨੇ ਆਪਣੇ ਹਲਕੇ ਵਿਚ ਕੋਈ ਵਿਕਾਸ ਨਹੀਂ ਕਰਵਾਇਆ। ਹੁਣ ਵੇਖਣਾ ਹੋਵੇਗਾ ਕਿ ਈਸਟ ਹਲਕੇ ਵਿਚ ਲੋਕ ਕਿਸ ਨੂੰ ਵੋਟ ਪਾ ਕੇ ਕਾਮਯਾਬ ਬਣਾਉਂਦੇ ਹਨ।
ਇਹ ਵੀ ਪੜ੍ਹੋ : ਡਾ. ਧਰਮਵੀਰ ਗਾਂਧੀ ਵੱਲੋਂ 'ਨਵਜੋਤ ਸਿੱਧੂ' ਨੂੰ ਹਮਾਇਤ ਦੇਣ ਦਾ ਐਲਾਨ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?