ਸਿੱਧੂ ਦੱਸੇ ਕਿ ਸੂਬਾ ਕਾਂਗਰਸ ਪ੍ਰਧਾਨ ਬਣਨ ਮਗਰੋਂ ਰੇਤ ਤੇ ਸ਼ਰਾਬ ਮਾਫੀਆ ਦੀ ਪੁਸ਼ਤ-ਪਨਾਹੀ ਕਿਉਂ ਕਰ ਰਿਹੈ : ਮਜੀਠੀਆ

Tuesday, Aug 03, 2021 - 02:32 AM (IST)

ਸਿੱਧੂ ਦੱਸੇ ਕਿ ਸੂਬਾ ਕਾਂਗਰਸ ਪ੍ਰਧਾਨ ਬਣਨ ਮਗਰੋਂ ਰੇਤ ਤੇ ਸ਼ਰਾਬ ਮਾਫੀਆ ਦੀ ਪੁਸ਼ਤ-ਪਨਾਹੀ ਕਿਉਂ ਕਰ ਰਿਹੈ : ਮਜੀਠੀਆ

ਮੋਹਾਲੀ(ਪਰਦੀਪ)- ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਸੂਬਾ ਕਾਂਗਰਸ ਦੇ ਨਵੇਂ ਨਿਯੁਕਤ ਹੋਏ ਪ੍ਰਧਾਨ ਨਵਜੋਤ ਸਿੱਧੂ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਦੱਸਣ ਕਿ ਉਹ ਪ੍ਰਧਾਨ ਬਣਨ ਮਗਰੋਂ ਰੇਤ ਤੇ ਸ਼ਰਾਬ ਮਾਫੀਆ ਨੂੰ ਅਨੇਕਾਂ ਮੌਤਾਂ ਲਈ ਤੇ ਸੂਬੇ ਦੇ ਸਰਕਾਰੀ ਖ਼ਜ਼ਾਨੇ ਦੀ ਲੁੱਟ ਲਈ ਜ਼ਿੰਮੇਵਾਰ ਠਹਿਰਾਉਣ ਦੀ ਥਾਂ ਉਨ੍ਹਾਂ ਦੀ ਪੁਸ਼ਤ-ਪਨਾਹੀ ਕਿਉਂ ਕਰ ਰਹੇ ਹਨ। ਮਜੀਠੀਆ ਇੱਥੇ ਇਕ ਸਮਾਗਮ ਵਿਚ ਸ਼ਾਮਲ ਹੋਣ ਆਏ ਸਨ, ਜਿਥੇ ਆਜ਼ਾਦ ਕੌਂਸਲਰ ਨਿਰਮਲ ਕੌਰ ਤੇ ਐੱਸ. ਓ. ਆਈ. ਦੇ ਸਾਬਕਾ ਆਗੂ ਸਿਮਰਨ ਢਿੱਲੋਂ ਮੁੜ ਅਕਾਲੀ ਦਲ ਵਿਚ ਸ਼ਾਮਲ ਹੋ ਗਏ।

ਇਹ ਵੀ ਪੜ੍ਹੋ- ਨਵਜੋਤ ਸਿੱਧੂ ਨੂੰ ਸਮਰਥਨ ਦੇਣ ਵਾਲੇ ਦਿੱਗਜ ਨੇਤਾ ਅਵਤਾਰ ਹੈਨਰੀ ਨੇ ਕੈਪਟਨ ਨਾਲ ਕੀਤੀ ਮੁਲਾਕਾਤ
ਮਜੀਠੀਆ ਨੇ ਕਿਹਾ ਕਿ ਜਿਸ ਤਰੀਕੇ ਨਵਜੋਤ ਸਿੱਧੂ ਨੇ ਰੇਤ ਤੇ ਸ਼ਰਾਬ ਮਾਫੀਆ ਨੂੰ ਅਪਣਾਇਆ, ਉਹ ਨਿੰਦਣਯੋਗ ਹੈ, ਖਾਸ ਤੌਰ ’ਤੇ ਜਦੋਂ ਉਸ ਨੇ ਪਹਿਲਾਂ ਇਨ੍ਹਾਂ ਦੇ ਖ਼ਿਲਾਫ਼ ਕੰਮ ਕਰਨ ਦਾ ਐਲਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਮਾਫੀਆ ਨੇ ਸੂਬਾ ਕਾਂਗਰਸ ਦਾ ਚੰਡੀਗੜ੍ਹ ਵਿਚਲਾ ਦਫਤਰ ਚਲਾਉਣ ਦੀ ਵੀ ਜ਼ਿੰਮੇਵਾਰੀ ਚੁੱਕ ਲਈ ਹੈ ਤੇ ਇਸੇ ਲਈ ਸਿੱਧੂ ਕਾਂਗਰਸ ਦੀਆਂ ਸਟੇਜਾਂ ਤੋਂ ਮਾਫੀਆ ਦਾ ਧੰਨਵਾਦ ਕਰਦੇ ਨਜ਼ਰੀਂ ਪੈਂਦੇ ਹਨ।

ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਜਦੋਂ ਉਨ੍ਹਾਂ ਤੋਂ ਕਾਂਗਰਸ ਸਰਕਾਰ ਵੱਲੋਂ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਲਈ ਕਾਂਗਰਸ ਸਰਕਾਰ ਵੱਲੋਂ 590 ਕਰੋੜ ਦੀ ਕਰਜ਼ਾ ਮੁਆਫੀ ਯੋਜਨਾ ਦੇ ਕੀਤੇ ਐਲਾਨ ਬਾਰੇ ਪੁੱਛਿਆ ਗਿਆ ਤਾਂ ਮਜੀਠੀਆ ਨੇ ਕਿਹਾ ਕਿ ਇਹ ਐਲਾਨ ਪਹਿਲਾਂ ਹੀ ਅਫਵਾਹ ਸਾਬਿਤ ਹੋ ਗਿਆ ਹੈ। ਕੋਈ ਵੀ ਮੁਆਫੀ ਦੇਣ ਤੋਂ ਪਹਿਲਾਂ ਸਰਕਾਰ ਨੇ ਇਸ ਲਈ ਅਜਿਹੀਆਂ ਸ਼ਰਤਾਂ ਰੱਖ ਦਿੱਤੀਆਂ ਹਨ, ਜਿਸ ਨਾਲ 2.85 ਲੱਖ ਲਾਭਪਾਤਰੀਆਂ ਵਿਚੋਂ ਬਹੁ-ਗਿਣਤੀ ਅਯੋਗ ਹੋ ਜਾਣਗੇ।

ਇਹ ਵੀ ਪੜ੍ਹੋ- ਪੰਜਾਬ 'ਚ ਬੱਚਿਆਂ ਲਈ ਕੋਵਿਡ ਪ੍ਰਬੰਧਨ ਲਈ ਸੋਧੇ ਦਿਸ਼ਾ-ਨਿਰਦੇਸ਼ ਜਲਦੀ ਹੋਣਗੇ ਜਾਰੀ
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਬਾਰੇ ਗੱਲ ਕਰਦਿਆਂ ਮਜੀਠੀਆ ਨੇ ਉਨ੍ਹਾਂ ਨੂੰ ‘ਸਰਕਲ ਕਾ ਖਿਲਾੜੀ’ ਕਰਾਰ ਦਿੱਤਾ ਤੇ ਕਿਹਾ ਕਿ ਕੇਜਰੀਵਾਲ ਪਹਿਲਾਂ ਹੀ ਪੰਜਾਬ ਅਤੇ ਇਸ ਦੇ ਨਾਲ ਸਬੰਧਤ ਸੰਵੇਦਨਸ਼ੀਲ ਮਾਮਲਿਆਂ ’ਤੇ ਦੋਗਲੇ ਮਾਪਦੰਡ ਅਪਣਾ ਕੇ ਬੇਨਕਾਬ ਹੋ ਚੁੱਕਾ ਹੈ।

ਇਸ ਮੌਕੇ ਵਿਧਾਇਕ ਐੱਨ. ਕੇ. ਸ਼ਰਮਾ, ਬੀਬੀ ਪਰਮਜੀਤ ਕੌਰ ਲਾਂਡਰਾ ਤੇ ਮੋਹਾਲੀ ਸ਼ਹਿਰੀ ਦੇ ਪ੍ਰਧਾਨ ਕਮਲਜੀਤ ਸਿੰਘ ਰੂਬੀ ਵੀ ਹਾਜ਼ਰ ਸਨ।


author

Bharat Thapa

Content Editor

Related News