ਸਿੱਧੂ ਦੇ ਤਾਜ਼ਾ ਟਵੀਟਾਂ ਨੇ ਕੈਪਟਨ ਨਾਲ ਵਿਵਾਦ ਸੁਲਝਣ ਦੇ ਦਿੱਤੇ ਸੰਕੇਤ

Saturday, Jul 10, 2021 - 10:38 PM (IST)

ਸਿੱਧੂ ਦੇ ਤਾਜ਼ਾ ਟਵੀਟਾਂ ਨੇ ਕੈਪਟਨ ਨਾਲ ਵਿਵਾਦ ਸੁਲਝਣ ਦੇ ਦਿੱਤੇ ਸੰਕੇਤ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਾਲੇ ਜੋ ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਵਿਵਾਦ ਸਨ, ਉਹ ਨਵਜੋਤ ਸਿੱਧੂ ਵੱਲੋਂ ਕੀਤੇ ਗਏ ਤਾਜ਼ਾ ਟਵੀਟ ਸੁਲਝਣ ਦਾ ਸੰਕੇਤ ਦੇ ਰਹੇ ਹਨ। ਇਸ ਨੂੰ ਵਿਵਾਦਾਂ ਦਾ ਸੁਲਝਣਾ ਕਹਿਣਾ ਜਲਦਬਾਜ਼ੀ ਹੋਵੇਗੀ ਪਰ ਸਿੱਧੂ ਦੇ ਨਵੇਂ ਟਵੀਟਾਂ ਤੋਂ ਇਹੀ ਸੰਕੇਤ ਮਿਲ ਰਹੇ ਹਨ। ਮੁੱਖ ਮੰਤਰੀ ਨੂੰ ਬਿਜਲੀ ਸੰਕਟ ’ਤੇ ਘੇਰਨ ਤੋਂ ਇਕ ਹਫ਼ਤੇ ਬਾਅਦ ਕ੍ਰਿਕਟਰ ਤੋਂ ਨੇਤਾ ਬਣੇ ਸਿੱਧੂ ਨੇ ਆਪਣੇ ਨਵੇਂ ਟਵੀਟਾਂ ’ਚ ਸਿਰਫ ਕਾਂਗਰਸ ਦੇ ਵਿਰੋਧੀਆਂ, ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ’ਤੇ ਨਿਸ਼ਾਨਾ ਵਿੰਨ੍ਹਿਆ ਹੈ।

ਉਨ੍ਹਾਂ ਇਨ੍ਹਾਂ ਟਵੀਟਾਂ ’ਚ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਸ਼ਾਸਨ ਨੂੰ ਲੈ ਕੇ ਕੋਈ ਟਿੱਪਣੀ ਨਹੀਂ ਕੀਤੀ, ਜਿਸ ਤੋਂ ਲੱਗਦਾ ਹੈ ਕਿ ਪੰਜਾਬ ’ਚ ਆਪਣੇ ਚੋਟੀ ਦੇ ਨੇਤਾਵਾਂ ਦਰਮਿਆਨ ਪਈ ਤਰੇੜ ਨੂੰ ਦੂਰ ਕਰਨ ਦੇ ਪਾਰਟੀ ਲੀਡਰਸ਼ਿਪ ਦੇ ਯਤਨਾਂ ਨੂੰ ਬੂਰ ਪਿਆ ਹੈ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੀ ਸਿੱਧੂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਪ੍ਰੇਸ਼ਾਨ ਕਰਨ ਵਾਲੇ ਬਿਜਲੀ ਸੰਕਟ ’ਤੇ ਟਵੀਟਾਂ ਦੀ ਲਾਈਨ ਲਾ ਦਿੱਤੀ ਸੀ, ਜਿਨ੍ਹਾਂ ’ਚ ਉਨ੍ਹਾਂ ਪੋਸਟ ਕੀਤਾ ਸੀ, ‘‘ਪੰਜਾਬ ’ਚ ਬਿਜਲੀ ਕਟੌਤੀ ਦੀ ਕੋਈ ਲੋੜ ਨਹੀਂ ਹੈ ਜਾਂ ਮੁੱਖ ਮੰਤਰੀ ਨੂੰ ਦਫ਼ਤਰ ਦੇ ਸਮੇਂ ਜਾਂ ਆਮ ਲੋਕਾਂ ਵੱਲੋਂ ਏ. ਸੀ. ਦੀ ਵਰਤੋਂ ਨੂੰ ਘਟਾਉਣ ਦੀ ਲੋੜ ਨਹੀਂ ਹੈ....ਜੇ ਅਸੀਂ ਸਹੀ ਦਿਸ਼ਾ ’ਚ ਕੰਮ ਕਰਦੇ ਹਾਂ।’’

ਕੈਪਟਨ ਤੇ ਸਿੱਧੂ ਦਰਮਿਆਨ ਵਿਵਾਦ ਦਾ ਕੋਈ ਹੱਲ ਹੁੰਦਾ ਨਾ ਦੇਖ, ਕੈਪਟਨ ਇਸ ਹਫ਼ਤੇ ਦੀ ਸ਼ੁਰੂਆਤ ਵਿਚ ਦਿੱਲੀ ’ਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਮਿਲਣ ਪਹੁੰਚੇ ਸਨ। ਸੋਨੀਆ ਗਾਂਧੀ ਨਾਲ ਮੁਲਾਕਾਤ ਤੋਂ ਬਾਅਦ ਕੈਪਟਨ ਨੇ ਕਿਹਾ ਸੀ ਕਿ ਕਾਂਗਰਸ ਹਾਈਕਮਾਨ ਵੱਲੋਂ ਜੋ ਵੀ ਫੈਸਲਾ ਲਿਆ ਜਾਵੇਗਾ, ਉਹ ਸਵੀਕਾਰ ਕਰਨਗੇ। ਸੋਨੀਆ ਗਾਂਧੀ ਨਾਲ ਉਨ੍ਹਾਂ ਦੀ ਮੁਲਾਕਾਤ ਨਵਜੋਤ ਸਿੱਧੂ ਦੇ ਦਿੱਲੀ ’ਚ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਨਾਲ ਮਿਲਣ ਤੋਂ ਕੁਝ ਦਿਨਾਂ ਬਾਅਦ ਹੋਈ ਤੇ ਇਕ ਹਫ਼ਤੇ ਬਾਅਦ ਸਿੱਧੂ ਨੇ ਪੰਜਾਬ ਦੇ ਵਿਵਾਦ ਦੇ ਹੱਲ ਦੀ ਸਿਫਾਰਿਸ਼ ਕਰਨ ਲਈ ਸੋਨੀਆ ਵੱਲੋਂ ਨਿਯੁਕਤ 3 ਮੈਂਬਰੀ ਪੈਨਲ ਨਾਲ ਮੁਲਾਕਾਤ ਕੀਤੀ।


author

Manoj

Content Editor

Related News