ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਦਾ ਕਸ਼ਮੀਰ ਨੂੰ ਲੈ ਕੇ ਬਿਆਨ ਬਹੁਤ ਮੰਦਭਾਗਾ : ਇਕਬਾਲ ਸਿੰਘ ਲਾਲਪੁਰਾ
Monday, Aug 16, 2021 - 10:23 PM (IST)
ਚੰਡੀਗੜ੍ਹ-ਕਸ਼ਮੀਰ ਭਾਰਤ ਦਾ ਅੰਦਰੂਨੀ ਹਿੱਸਾ ਹੈ ਤੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਦਾ ਇਹ ਬਿਆਨ ਕਿ ਕਸ਼ਮੀਰ ਕਸ਼ਮੀਰੀਆਂ ਦਾ ਹੈ ਅਤੇ 1947 ਤੋਂ ਭਾਰਤ ਅਤੇ ਪਾਕਿਸਤਾਨ ਦੇ ਕਬਜ਼ੇ ਹੇਠ ਹੈ, ਬਹੁਤ ਮੰਦਭਾਗਾ ਬਿਆਨ ਹੈ। ਇਹ ਗੱਲ ਅੱਜ ਇਥੇ ਭਾਜਪਾ ਦੇ ਕੌਮੀ ਬੁਲਾਰੇ ਇਕਬਾਲ ਸਿੰਘ ਲਾਲਪੁਰਾ ਨੇ ਕਹੀ। ਕਾਂਗਰਸ ਦੇ ਸੂਬਾਈ ਪ੍ਰਧਾਨ ਨਵਜੋਤ ਸਿੰਘ ਸਿੱਧੂ, ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ’ਤੇ ਸਵਾਲ ਚੁੱਕਦਿਆਂ ਲਾਲਪੁਰਾ ਨੇ ਕਿਹਾ ਕਿ ਕਾਂਗਰਸ ਦੀ ਲੀਡਰਸ਼ਿਪ ਨੂੰ ਤੁਰੰਤ ਆਪਣਾ ਰੁਖ਼ ਸਪੱਸ਼ਟ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਰਾਸ਼ਟਰ ਦੀ ਪ੍ਰਭੂਸੱਤਾ ਦੀ ਬਹੁਤ ਮਹੱਤਤਾ ਹੈ ਤੇ ਹੇਠਲੇ ਦਰਜੇ ਦੀ ਸਿਆਸਤ ਕਦੇ ਵੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਗਲੀ ’ਚ ਟੈਂਕਰ ਖੜ੍ਹਾ ਕਰਨ ਨੂੰ ਲੈ ਕੇ ਹੋਈ ਤਕਰਾਰ, ਵਿਅਕਤੀ ਨੂੰ ਕੁੱਟ-ਕੁੱਟ ਮਾਰ ’ਤਾ
ਜ਼ਿਕਰਯੋਗ ਹੈ ਕਿ ਸਿੱਧੂ ਵੱਲੋਂ ਨਿਯੁਕਤ ਕੀਤੇ ਗਏ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਨੇ ਇਕ ਪੋਸਟ ’ਚ ਲਿਖਿਆ ਸੀ ਕਿ ਕਸ਼ਮੀਰ ਦੋ ਹਿੱਸਿਆਂ ’ਚ ਵੰਡਿਆ ਹੋਇਆ ਹੈ ਤੇ 1947 ਤੋਂ ਭਾਰਤ ਤੇ ਪਾਕਿਸਤਾਨ ਦੇ ਕਬਜ਼ੇ ’ਚ ਹੈ। ਲਾਲਪੁਰਾ ਨੇ ਅਫਸੋਸ ਜ਼ਾਹਿਰ ਕੀਤਾ ਕਿ ਕਾਂਗਰਸ ਪਾਰਟੀ ਹੇਠਲੇ ਪੱਧਰ ’ਤੇ ਪਹੁੰਚ ਰਹੀ ਹੈ। ਆਜ਼ਾਦੀ ਦੇ 74 ਸਾਲਾਂ ਬਾਅਦ ਉਹ ਅਜਿਹੇ ਗੈਰ-ਜ਼ਰੂਰੀ ਮੁੱਦਿਆਂ ਨੂੰ ਉਠਾ ਕੇ ਦੇਸ਼ ’ਚ ਵਿਵਾਦ ਫੈਲਾ ਰਹੀ ਹੈ। ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਭਾਰਤੀ ਇਕ ਹਨ ਤੇ ਕਾਂਗਰਸ ਪਾਰਟੀ ਨੂੰ ਕਦੇ ਵੀ ਦੇਸ਼ ਵਿਰੋਧੀ ਸਰਗਰਮੀਆਂ ਵਿਚ ਸ਼ਾਮਲ ਨਹੀਂ ਹੋਣ ਦਿੱਤਾ ਜਾਵੇਗਾ। ਅਸੀਂ ਯਕੀਨੀ ਤੌਰ ’ਤੇ ਚਾਹੁੰਦੇ ਹਾਂ ਕਿ ਰਾਹੁਲ ਗਾਂਧੀ ਦੱਸਣ ਕਿ ਨਵਜੋਤ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਨੇ ਇੰਨਾ ਮੰਦਭਾਗਾ ਬਿਆਨ ਕਿਉਂ ਦਿੱਤਾ।