ਸਿੱਧੂ ਮੂਸੇਵਾਲਾ ਦੀ ਯਾਦ ’ਚ ਰੱਖੇ ਕਬੱਡੀ ਟੂਰਨਾਮੈਂਟ ’ਤੇ ਗੈਂਗਸਟਰਾਂ ਦਾ ਸਾਇਆ, ਮੈਦਾਨ ’ਚ ਨਹੀਂ ਉੱਤਰੇ ਖਿਡਾਰੀ

Monday, Feb 20, 2023 - 06:29 PM (IST)

ਸਿੱਧੂ ਮੂਸੇਵਾਲਾ ਦੀ ਯਾਦ ’ਚ ਰੱਖੇ ਕਬੱਡੀ ਟੂਰਨਾਮੈਂਟ ’ਤੇ ਗੈਂਗਸਟਰਾਂ ਦਾ ਸਾਇਆ, ਮੈਦਾਨ ’ਚ ਨਹੀਂ ਉੱਤਰੇ ਖਿਡਾਰੀ

ਲੁਧਿਆਣਾ/ਹਲਵਾਰਾ : ਇਤਿਹਾਸਕ ਪਿੰਡ ਸੁਧਾਰ ਵਿਚ ਆਯੋਜਿਤ ਕਬੱਡੀ ਕੱਪ ’ਤੇ ਗੈਂਗਸਟਰਾਂ ਦੀ ਨਜ਼ਰ ਪੈ ਗਈ ਹੈ। ਸਿੱਟੇ ਵਜੋਂ ਪਹੁੰਚਣ ਦੇ ਬਾਵਜੂਦ ਖੇਡਣ ਆਈਆਂ ਕਬੱਡੀ ਟੀਮਾਂ ਨੇ 4 ਮੈਚ ਖੇਡਣ ਤੋਂ ਬਾਅਦ ਅਚਾਨਕ ਮੈਦਾਨ ਵਿਚ ਉੱਤਰਣ ਤੋਂ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਵਿਚਾਲੇ ਹੀ ਟੂਰਨਾਮੈਂਟ ਰੱਦ ਕਰਨਾ ਪਿਆ। ਮਿਲੀ ਜਾਣਕਾਰੀ ਮੁਤਾਬਕ ਪਿੰਡ ਸੁਧਾਰ ਪੱਤੀ ਧਾਲੀਵਾਲ ਵਿਚ ਸ਼ਹੀਦ ਬਾਬਾ ਬੰਦਾ ਸਿੰਘ ਬਹਾਦੁਰ ਯਾਦਗਾਰੀ 13ਵਾਂ ਕਬੱਡੀ ਕੱਪ ਇਸ ਵਾਰ ਸ਼ੁੱਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ ਸੀ। ਇਸ ਕਬੱਡੀ ਟੂਰਨਾਮੈਂਟ ਵਿਚ ਭਾਰੀ ਨਕਦੀ ਇਨਾਮ ਰਾਸ਼ੀ ਤੋਂ ਇਲਾਵਾ ਸਿੱਧੂ ਮੂਸੇਵਾਲਾ ਦੇ ਦੋ ਮਨਪਸੰਦ 5911 ਟ੍ਰੈਕਟਰ ਬੈਸਟ ਰੇਡਰ ਅਤੇ ਸਟਾਪਰ ਨੂੰ ਇਨਾਮ ਵਜੋਂ ਦਿੱਤੇ ਜਾਣੇ ਸਨ। 

ਇਹ ਵੀ ਪੜ੍ਹੋ : ਪੰਜਾਬ ’ਚ ਤੇਜ਼ੀ ਨਾਲ ਵੱਧ ਰਿਹਾ ਤਾਪਮਾਨ, ਜਾਣੋ ਆਉਣ ਵਾਲੇ ਦਿਨਾਂ ’ਚ ਕਿਹੋ ਜਿਹਾ ਰਹੇਗਾ ਮੌਸਮ

PunjabKesari

ਇਸ ਟੂਰਨਾਮੈਂਟ ਵਿਚ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਬਤੌਰ ਮੁੱਖ ਮਹਿਮਾਨ ਪਹੁੰਚੇ ਹੋਏ ਸਨ। ਜਦਕਿ ਉਨ੍ਹਾਂ ਦੀ ਮੌਜੂਦਗੀ ਵਿਚ ਹੀ ਟੀਮਾਂ ਨੇ ਮੈਦਾਨ ਵਿਚ ਖੇਡਣ ਤੋਂ ਇਨਕਾਰ ਕਰ ਦਿੱਤਾ। ਹਾਲਾਤ ਦੇਖਣ ਤੋਂ ਬਾਅਦ ਬਲਕੌਰ ਸਿੰਘ ਅੱਧਾ ਘੰਟਾ ਉਥੇ ਰੁਕੇ ਅਤੇ ਬਾਅਦ ਵਿਚ ਸੰਖੇਪ ਭਾਸ਼ਣ ਤੋਂ ਬਾਅਦ ਉਥੋਂ ਚਲੇ ਗਏ। ਹਾਲਾਂਕਿ ਪ੍ਰਬੰਧਕ ਇਸ ਗੱਲ ਤੋਂ ਸਿੱਧੇ ਤੌਰ ’ਤੇ ਇਨਕਾਰ ਕਰ ਰਹੇ ਹਨ ਪਰ ਚਰਚਾ ਹੈ ਕਿ ਲਾਰੈਂਸ ਗੈਂਗ ਨੂੰ ਮੂਸੇਵਾਲਾ ਦੀ ਯਾਦ ਵਿਚ ਕਰਵਾਇਆ ਇਹ ਕਬੱਡੀ ਟੂਰਨਾਮੈਂਟ ਰਾਸ ਨਹੀਂ ਆਇਆ ਅਤੇ ਬਲਕੌਰ ਸਿੰਘ ਨੂੰ ਬਤੌਰ ਮੁੱਖ ਮਹਿਮਾਨ ਬੁਲਾਉਣ ਕਰਕੇ ਮੈਚ ਖੇਡਣ ਵਾਲੀਆਂ ਟੀਮਾਂ ਨੂੰ ਧਮਕਾਇਆ ਗਿਆ, ਜਿਸ ਕਾਰਣ ਇਹ ਮੈਚ ਰੱਦ ਹੋ ਗਿਆ। 

ਇਹ ਵੀ ਪੜ੍ਹੋ : ਬਿਜਲੀ ਮੀਟਰਾਂ ਨੂੰ ਲੈ ਕੇ ਵਿਭਾਗ ਦਾ ਵੱਡਾ ਫ਼ੈਸਲਾ, ਜਾਰੀ ਕੀਤੇ ਇਹ ਸਖ਼ਤ ਹੁਕਮ

ਮਿਲੀ ਜਾਣਕਾਰੀ ਮੁਤਾਬਕ ਇਸ ਕਬੱਡੀ ਕੱਪ ਵਿਚ 12 ਮਸ਼ਹੂਰ ਪੁਰਸ਼ ਟੀਮਾਂ ਖੇਡਣ ਪਹੁੰਚੀਆਂ ਸਨ ਪਰ ਚਾਰ ਮੈਚ ਹੋਣ ਤੋਂ ਬਾਅਦ ਅਚਾਨਕ ਟੀਮਾਂ ਨੇ ਮੈਦਾਨ ਵਿਚ ਆਉਣ ਤੋਂ ਇਨਕਾਰ ਕਰ ਦਿੱਤਾ। ਮੰਚ ਤੋਂ ਪ੍ਰਬੰਧਕ ਵਾਰ-ਵਾਰ ਟੀਮਾਂ ਨੂੰ ਮੈਦਾਨ ਵਿਚ ਆਉਣ ਦੀ ਬੇਨਤੀ ਕਰਦੇ ਰਹੇ ਪਰ ਖਿਡਾਰੀ ਨਹੀਂ ਆਏ, ਜਿਸ ਤੋਂ ਬਾਅਦ ਟੂਰਨਾਮੈਂਟ ਰੱਦ ਕਰਨ ਦਾ ਐਲਾਨ ਕਰ ਦਿੱਤਾ ਗਿਆ। 

ਇਹ ਵੀ ਪੜ੍ਹੋ : ਨੂੰਹ ਨੂੰ ਕੈਨੇਡਾ ਭੇਜਣ ਲਈ ਪਤੀ-ਪਤਨੀ ਦੀਆਂ ਗੱਲਾਂ ’ਚ ਆਇਆ ਸਹੁਰਾ, ਹੋਇਆ ਉਹ ਜੋ ਸੋਚਿਆ ਨਾ ਸੀ

ਕਬੱਡੀ ਫੈਡਰੇਸ਼ਨ ਟੂਰਨਾਮੈਂਟ ਖ਼ਤਮ ਕਰਨਾ ਚਾਹੁੰਦੀ ਹੈ

ਕਬੱਡੀ ਕੱਪ ਰੱਦ ਕੀਤੇ ਜਾਣ ਦੇ ਸਵਾਲ ’ਤੇ ਪ੍ਰਬੰਧਕ ਕਲੱਬ ਦੇ ਪ੍ਰਧਾਨ ਕਰਮਜੀਤ ਸਿੰਘ ਸਿੱਧੂ ਨੇ ਸਫਾਈ ਦਿੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਕਿਸੇ ਗੈਂਗਸਟਰ ਗੈਂਗ ਦੀ ਕੋਈ ਧਮਕੀ ਨਹੀਂ ਆਈ ਹੈ। ਜੇ ਕਿਸੇ ਟੀਮ ਨੂੰ ਧਮਕੀ ਭਰਿਆ ਫੋਨ ਆਇਆ ਹੈ ਤਾਂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਪ੍ਰਧਾਨ ਨੇ ਕਬੱਡੀ ਖੇਡ ਦੇ ਹੋ ਰਹੇ ਪਤਨ ਦਾ ਠੀਕਰਾ ਕਬੱਡੀ ਫੈਡਰੇਸ਼ਨ ’ਤੇ ਭੰਨ੍ਹਦੇ ਹੋਏ ਕਿਹਾ ਕਿ ਪੰਜਾਬ ਦੀ ਇਸ ਵਿਰਾਸਤੀ ਖੇਡ ਨੂੰ ਆਪਣੇ ਫਾਇਦੇ ਲਈ ਬਰਬਾਦੀ ਦੇ ਕਿਨਾਰੇ ਲਿਆ ਖ਼ੜ੍ਹਾ ਕੀਤਾ ਗਿਆ ਹੈ। ਕਬੱਡੀ ਫੈਡਰੇਸ਼ਨ ਪੇਂਡੂ ਟੂਰਨਾਮੈਂਟ ਖਤਮ ਕਰਨਾ ਚਾਹੁੰਦੇ ਹਨ ਅਤੇ ਵੱਡੇ ਨਾਮਵਰ ਖਿਡਾਰੀਆਂ ’ਤੇ ਆਪਣਾ ਅਧਿਕਾਰ ਚਾਹੁੰਦੇ ਹਨ। ਉਨ੍ਹਾਂ ਨੇ ਅਫਸੋਸ ਜ਼ਾਹਰ ਕਰਦੇ ਹੋਏ ਕਿਹਾ ਭਵਿੱਖ ਵਿਚ ਹੇਠਲੇ ਪੱਧਰ ਦੀਆਂ ਟੀਮਾਂ ਨੂੰ ਪ੍ਰਮੋਟ ਕੀਤਾ ਜਾਵੇਗਾ। ਦੂਜੇ ਪਾਸੇ ਪਿੰਡ ਵਿਚ ਕੁੱਝ ਲੋਕਾਂ ਨੂੰ ਕਲੱਬ ਨਾਲ ਜੁੜੇ ਕੁਝ ਮੈਂਬਰਾਂ ਨੇ ਦੱਸਿਆ ਕਿ ਖਿਡਾਰੀਆਂ ਨੂੰ ਧਮਕੀ ਦੇ ਕੇ ਖੇਡਣ ਤੋਂ ਰੋਕਿਆ ਗਿਆ ਹੈ। ਜਿਸ ਕਾਰਣ ਇਹ ਟੂਰਨਾਮੈਂਟ ਰੱਦ ਹੋਇਆ ਹੈ। 

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵਲੋਂ ਸੂਬੇ ਦੇ ਕਿਸਾਨਾਂ ਨੂੰ ਵੱਡੀ ਰਾਹਤ, ਕੀਤਾ ਇਹ ਵੱਡਾ ਐਲਾਨ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


author

Gurminder Singh

Content Editor

Related News