ਹੁਣ ਸ੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸੀ ਟਿਕਟ ਲਈ ਸਿੱਧੂ ਮੂਸੇਵਾਲਾ ਦਾ ਨਾਮ ਚਰਚਾਵਾਂ ’ਚ

Sunday, Jan 09, 2022 - 06:37 PM (IST)

ਹੁਣ ਸ੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸੀ ਟਿਕਟ ਲਈ ਸਿੱਧੂ ਮੂਸੇਵਾਲਾ ਦਾ ਨਾਮ ਚਰਚਾਵਾਂ ’ਚ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ) : ਪੰਜਾਬ ਵਿਚ ਭਾਵੇਂ ਚੋਣ ਜ਼ਾਬਤਾ ਲੱਗ ਗਿਆ ਹੈ ਪਰ ਸੱਤਾਧਾਰੀ ਕਾਂਗਰਸ ਵਲੋਂ ਅਜੇ ਤਕ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਆਲਮ ਇਹ ਹੈ ਕਿ ਕਾਂਗਰਸ ਵਿਚ ਜਿੱਥੇ ਟਿਕਟਾਂ ਦੇ ਦਾਅਵੇਦਾਰਾਂ ਦੀ ਸੂਚੀ ਵੀ ਲੰਮੀ ਹੈ, ਉਥੇ ਹੀ ਇਸ ਵਾਰ ਕਾਂਗਰਸ ਹਾਈਕਮਾਨ ਫੂਕ-ਫੂਕ ਕੇ ਕਦਮ ਰੱਖ ਰਹੀ ਹੈ। ਇਸ ਸਭ ਦਰਮਿਆਨ ਹਾਲ ਵਿਚ ਕਾਂਗਰਸ ਵਿਚ ਸ਼ਾਮਲ ਹੋਏ ਮਸ਼ਹੂਰ ਗਾਇਕ ਅਤੇ ਅਦਾਕਾਰ ਸਿੱਧੂ ਮੂਸੇਵਾਲਾ ਦੇ ਸ੍ਰੀ ਮੁਕਤਸਰ ਸਾਹਿਬ ਤੋਂ ਚੋਣ ਲੜਨ ਦੀਆਂ ਚਰਚਾਵਾਂ ਨੇ ਜ਼ੋਰ ਫੜ ਲਿਆ ਹੈ। ਦਰਅਸਲ ਸ੍ਰੀ ਮੁਕਤਸਰ ਸਾਹਿਬ ਵਿਚ ਕਾਂਗਰਸੀ ਟਿਕਟ ਦੇ ਦਾਅਵੇਦਾਰਾਂ ਦੀ ਸੂਚੀ ਲਗਾਤਾਰ ਲੰਬੀ ਹੋ ਰਹੀ ਹੈ ਅਤੇ ਕਾਂਗਰਸ ਹਾਈਕਮਾਨ ਕਿਸੇ ਬਾਹਰੀ ਉਮੀਦਵਾਰ ਨੂੰ ਸ੍ਰੀ ਮੁਕਤਸਰ ਸਾਹਿਬ ਹਲਕੇ ਤੋਂ ਉਤਾਰੇ ਸਕਦੀ ਹੈ। ਦੱਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ ਤੋਂ ਕਾਂਗਰਸੀ ਟਿਕਟ ਦੇ ਕਰੀਬ ਅੱਧੀ ਦਰਜਨ ਦਾਅਵੇਦਾਰ ਹਨ ਅਤੇ ਸਾਰੇ ਹੀ ਦਾਅਵੇਦਾਰਾਂ ਵੱਲੋਂ ਚੋਣ ਜ਼ਾਬਤਾ ਲੱਗਣ ਤੋਂ ਪਹਿਲਾਂ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕੀਤਾ ਗਿਆ। ਇਹ ਪ੍ਰਚਾਰ ਲੋਕਾਂ ਦੀਆਂ ਕੰਧਾਂ ’ਤੇ ਲੱਗੇ ਪੋਸਟਰਾਂ ਤੋਂ ਲੈ ਕੇ ਸ਼ਹਿਰ ਵਿਚ ਵੱਡੇ ਹੋਰਡਿੰਗਾਂ ਤੱਕ ਰਿਹਾ ਅਤੇ ਵੱਖ-ਵੱਖ ਦਾਅਵੇਦਾਰਾਂ ਵੱਲੋਂ ਪਿੰਡਾਂ ਅਤੇ ਸ਼ਹਿਰ ਦੇ ਵੱਖ-ਵੱਖ ਮੁਹੱਲਿਆਂ ਦੇ ਵਿਚ ਨੁੱਕੜ ਮੀਟਿੰਗਾਂ ਦਾ ਦੌਰ ਵੀ ਚਲਦਾ ਰਿਹਾ।

ਇਹ ਵੀ ਪੜ੍ਹੋ : ਪੰਜਾਬ ਵਿਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਭਗਵੰਤ ਮਾਨ ਦਾ ਵੱਡਾ ਬਿਆਨ

ਸ੍ਰੀ ਮੁਕਤਸਰ ਸਾਹਿਬ ਹਲਕੇ ਬਾਰੇ ਕਾਂਗਰਸੀ ਆਪ ਸਟੇਜਾਂ ਤੇ ਇਹ ਗੱਲ ਮੰਨਦੇ ਹਨ ਕਿ ਸ੍ਰੀ ਮੁਕਤਸਰ ਸਾਹਿਬ ਵਿਚ ਕਾਂਗਰਸ ਵਿਰੋਧੀਆਂ ਤੋਂ ਨਹੀਂ ਹਾਰਦੀ ਸਗੋਂ ਕਾਂਗਰਸੀਆਂ ਦਾ ਵਿਰੋਧ ਹੀ ਕਾਂਗਰਸ ਦੀ ਹਾਰ ਦਾ ਕਾਰਨ ਬਣਦਾ ਰਿਹਾ ਹੈ। ਇਸ ਗੱਲ ਨੂੰ ਲੈ ਕੇ ਹੁਣ ਕਾਂਗਰਸ ਹਾਈਕਮਾਨ ਸ੍ਰੀ ਮੁਕਤਸਰ ਸਾਹਿਬ ਹਲਕੇ ’ਚ ਕਿਸੇ ਬਾਹਰੀ ਉਮੀਦਵਾਰ ਨੂੰ ਉਤਾਰਨ ਦਾ ਰਿਸਕ ਲੈ ਸਕਦੀ ਹੈ। ਜੇਕਰ ਹੁਣ ਤੱਕ ਦੇ ਦਾਅਵੇਦਾਰਾਂ ਦੀ ਗੱਲ ਕਰੀਏ ਤਾਂ ਸਾਬਕਾ ਵਿਧਾਇਕਾ ਕਰਨ ਕੌਰ ਬਰਾੜ, ਰਾਜ ਬਲਵਿੰਦਰ ਸਿੰਘ ਮਰਾੜ, ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਸੋਥਾ, ਜਗਜੀਤ ਸਿੰਘ ਬਰਾੜ ਹਨੀ ਫੱਤਣ ਵਾਲਾ, ਭਾਰਤ ਭੂਸ਼ਨ ਬਿੰਟਾ, ਸਿਮਰਜੀਤ ਸਿੰਘ ਭੀਨਾ ਬਰਾੜ, ਨਰਿੰਦਰ ਕਾਉਣੀ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ ਆਦਿ ਦੇ ਨਾਮ ਸ਼ਾਮਲ ਹਨ। ਇਹ ਸਾਰੇ ਹੀ ਉਮੀਦਵਾਰ ਕਾਂਗਰਸ ਦੇ ਅਲੱਗ ਅਲੱਗ ਧੜਿਆਂ ਨਾਲ ਸਬੰਧਤ ਹਨ ਅਤੇ ਕਾਂਗਰਸੀ ਟਿਕਟ ਲਈ ਆਪਣੇ ਆਪ ਨੂੰ ਮਜ਼ਬੂਤ ਉਮੀਦਵਾਰ ਦੱਸਦੇ ਹਨ ਪਰ ਕਰੀਬ ਅੱਧੀ ਦਰਜਨ ਉਮੀਦਵਾਰਾਂ ਦੇ ਆਪਸ ਵਿਚ ਸੁਰ ਨਾ ਮਿਲਣ ਦੇ ਚੱਲਦਿਆਂ ਹੁਣ ਕਾਂਗਰਸ ਹਾਈਕਮਾਨ ਕਿਸੇ ਬਾਹਰੀ ਉਮੀਦਵਾਰ ਤੇ ਟੇਕ ਲਾ ਸਕਦੀ ਹੈ, ਹੁਣ ਤਕ ਬਾਹਰੀ ਉਮੀਦਵਾਰ ਦੇ ਜੋ ਨਾਮ ਚਰਚਾਵਾਂ ਵਿਚ ਹਨ ਉਨ੍ਹਾਂ ਵਿਚੋਂ ਸਭ ਤੋਂ ਵੱਡਾ ਨਾਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦਾ ਉੱਭਰ ਕੇ ਸਾਹਮਣੇ ਆ ਰਿਹਾ ਹੈ।

ਇਹ ਵੀ ਪੜ੍ਹੋ : ਪਹਿਲੇ ਪੜਾਅ ’ਚ 75 ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ ਕਾਂਗਰਸ, 20 ਵਿਧਾਇਕਾਂ ਨੂੰ ਲੱਗ ਸਕਦੈ ਝਟਕਾ

ਚਰਚਾਵਾਂ ਹਨ ਕਿ ਮਾਨਸਾ ਦੇ ਵਿਚ ਪੁਰਾਣੇ ਕਾਂਗਰਸੀਆਂ ਤੋਂ ਬਾਅਦ ਯੂਥ ਕਾਂਗਰਸ ਵੱਲੋਂ ਵੀ ਸਿੱਧੂ ਮੂਸੇਵਾਲਾ ਦੀ ਦਾਅਵੇਦਾਰੀ ਦਾ ਵਿਰੋਧ ਕਰਨ ਤੋਂ ਬਾਅਦ ਹੁਣ ਕਾਂਗਰਸ ਸਿੱਧੂ ਮੂਸੇਵਾਲਾ ਤੇ ਸ੍ਰੀ ਮੁਕਤਸਰ ਸਾਹਿਬ ਹਲਕੇ ਤੋਂ ਦਾਅ ਖੇਡ ਸਕਦੀ ਹੈ। ਸੂਤਰਾਂ ਦੀ ਮੰਨੀਏ ਤਾਂ ਸਿੱਧੂ ਮੂਸੇਵਾਲਾ ਦੀ ਕਾਂਗਰਸ ਵਿਚ ਐਂਟਰੀ ’ਚ ਮੁੱਖ ਭੂਮਿਕਾ ਨਿਭਾਉਣ ਵਾਲੇ ਗਿੱਦੜਬਾਹਾ ਤੋਂ ਕਾਂਗਰਸ ਦੇ ਵਿਧਾਇਕ ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਇਸ ਸਾਰੀ ਕੜੀ ਵਿਚ ਸੂਤਰਧਾਰ ਬਣ ਸਕਦੇ ਹਨ । ਉੱਧਰ ਸਿੱਧੂ ਮੂਸੇ ਵਾਲਾ ਤੋਂ ਇਲਾਵਾ ਜਲਾਲਾਬਾਦ ਤੋਂ ਵਿਧਾਇਕ ਰਮਿੰਦਰ ਆਂਵਲਾ ਅਤੇ ਕੋਟਕਪੂਰਾ ਤੋਂ ਕਾਂਗਰਸ ਦੇ ਹਲਕਾ ਇੰਚਾਰਜ ਰਾਹੁਲ ਸਿੱਧੂ ਦਾ ਨਾਮ ਵੀ ਸ੍ਰੀ ਮੁਕਤਸਰ ਸਾਹਿਬ ਹਲਕੇ ਦੀ ਟਿਕਟ ਲਈ ਚਰਚਾਵਾਂ ਵਿਚ ਹੈ। ਸਿਆਸੀ ਮਾਹਿਰ ਦੱਸਦੇ ਹਨ ਕਿ ਜੇਕਰ ਕਾਂਗਰਸ ਬਾਹਰੀ ਉਮੀਦਵਾਰ ਨੂੰ ਉਤਾਰਦੀ ਹੈ ਤਾਂ ਵੱਡਾ ਦਾਅ ਸਿੱਧੂ ਮੂਸੇਵਾਲਾ ਤੇ ਖੇਡ ਸਕਦੀ ਹੈ ਕਿਉਂਕਿ ਸਿੱਧੂ ਮੂਸੇ ਵਾਲਾ ਜੇਕਰ ਸ੍ਰੀ ਮੁਕਤਸਰ ਸਾਹਿਬ ਹਲਕੇ ਤੋਂ ਚੋਣ ਲੜਦੇ ਹਨ ਤਾਂ ਨਾਲ ਵਾਲੀਆਂ ਕੁਝ ਸੀਟਾਂ ’ਤੇ ਵੀ ਇਸ ਸੈਲੀਬ੍ਰਿਟੀ ਦੀ ਚੰਗੀ ਫੈਨ ਫਾਲੋਵਿੰਗ ਦਾ ਲਾਭ ਕਾਂਗਰਸ ਦੇ ਉਮੀਦਵਾਰਾਂ ਨੂੰ ਮਿਲ ਸਕਦਾ ਹੈ ।

ਇਹ ਵੀ ਪੜ੍ਹੋ : ਪੰਜਾਬ ’ਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਨੂੰ ਲੈ ਕੇ ਜਾਣੋ ਕੀ ਬੋਲੇ ਤ੍ਰਿਪਤ ਬਾਜਵਾ


author

Gurminder Singh

Content Editor

Related News