ਸਿੱਧੂ ਮੂਸੇ ਵਾਲਾ ਦੇ ਹੱਕ ''ਚ ਵਿੱਕੀ ਗੌਂਡਰ ਗਰੁੱਪ, ਬੱਬੂ ਮਾਨ ਦੇ ਪ੍ਰਸ਼ੰਸਕਾਂ ਨੂੰ ਆਖੀ ਇਹ ਗੱਲ

09/04/2020 9:25:36 PM

ਜਲੰਧਰ (ਬਿਊਰੋ) — ਇਨ੍ਹੀਂ ਦਿਨੀਂ ਬੱਬੂ ਮਾਨ ਤੇ ਸਿੱਧੂ ਮੂਸੇ ਵਾਲਾ ਦਾ ਵਿਵਾਦ ਵੀ ਕਾਫ਼ੀ ਭਖਿਆ ਹੋਇਆ ਹੈ ਅਤੇ ਦੋਵਾਂ ਦੀ ਸੁਪੋਰਟ 'ਚ ਪੰਜਾਬੀ ਕਲਾਕਾਰ ਵੀ ਅੱਗੇ ਆ ਰਹੇ ਹਨ। ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿਚਾਲੇ ਚੱਲ ਰਹੇ ਵਿਵਾਦ ਨੇ ਨਵਾਂ ਮੋੜ ਲੈ ਲਿਆ ਹੈ। ਹੁਣ ਇਨ੍ਹਾਂ ਦੋਵਾਂ ਸਿੰਗਰਾਂ ਦੇ ਵਿਵਾਦ 'ਚ ਗੈਂਗਸਟਰਾਂ ਨੇ ਐਂਟਰੀ ਕਰ ਦਿੱਤੀ ਹੈ। ਗੌਂਡਰ ਐੱਨ ਬਦਾਰਜ਼ ਦੇ ਗਰੁੱਪ (ਸ਼ੇਰਾ ਖੁੱਬਣ ਅਤੇ ਵਿੱਕੀ ਗੌਂਡਰ ਗਰੁੱਪ) ਵਲੋਂ 25 ਅਗਸਤ ਨੂੰ ਇੱਕ ਪੋਸਟ ਸਾਂਝੀ ਕੀਤੀ ਗਈ ਸੀ, ਜਿਸ 'ਚ ਉਨ੍ਹਾਂ ਨੇ ਸਿੱਧੂ ਮੂਸੇ ਵਾਲਾ ਦਾ ਪੱਖ ਲੈਂਦਿਆਂ ਕਾਫ਼ੀ ਗੱਲਾਂ ਆਖੀਆਂ। ਇਸ ਪੋਸਟ 'ਚ ਲਿਖਿਆ, 'ਵਾਹਿਗੁਰੂ ਜੀ ਕਾ ਖ਼ਾਲਸਾ,ਵਾਹਿਗੁਰੂ ਜੀ ਕੀ ਫ਼ਤਹਿ।

ਸ਼ੋਹਰਤ ਅਤੇ ਬੁਲੰਦੀ ਕਿਸੇ ਦੀ ਨਿੱਜੀ ਜਾਗੀਰ ਨਹੀਂ ਹੁੰਦੀ, ਇਹ ਤਾਂ ਅਕਾਲ ਪੁਰਖ ਦੀ ਬਖਸ਼ਿਸ਼ ਹੁੰਦੀ ਹੈ, ਜਿਸ ਨੂੰ ਖਿੜ੍ਹੇ ਮੱਥੇ ਪਰਵਾਨ ਕਰਨਾ ਚਾਹੀਦਾ ਹੈ। ਮੈਂ ਅੱਜ ਗੱਲ ਕਰਨ ਜਾ ਰਿਹਾ ਸਿੱਧੂ ਮੂਸੇ ਵਾਲਾ ਬਾਰੇ, ਜੋ ਕਿ ਇੱਕ ਸਧਾਰਨ ਕਿਸਾਨ ਪਰਿਵਾਰ 'ਚ ਜੰਮਿਆ-ਪਲਿਆ ਅਤੇ ਜਵਾਨ ਹੋਇਆ। ਪਰਮਾਤਮਾ ਨੇ ਉਸ ਨੂੰ ਜੋ ਹੁਨਰ ਬਖਸ਼ਿਆ ਹੈ ਉਸ ਦੀ ਬਦੌਲਤ ਅੱਜ ਉਹ ਜਿਸ ਮੁਕਾਮ 'ਤੇ ਹੈ ਉਸ ਬਾਰੇ ਕਿਸੇ ਨੂੰ ਦੱਸਣ ਦੀ ਜ਼ਰੂਰਤ ਨਹੀ ਹੈ ਪਰ ਇਸ ਮੁਕਾਮ 'ਤੇ ਪਹੁੰਚ ਕੇ ਵੀ ਉਸ ਨੇ ਆਪਣੀ ਮੂਲ ਪਛਾਣ ਖੇਤੀ ਬਾੜੀ ਨਹੀਂ ਛੱਡੀ। ਕਹਿੰਦੇ ਹਨ ਸਮਾਂ ਬਹੁਤ ਬਲਵਾਨ ਹੁੰਦਾ ਹੈ ਅਤੇ ਹਰੇਕ ਇਨਸਾਨ ਦਾ ਇੱਕ ਖ਼ਾਸ ਵਕਤ ਹੁੰਦਾ ਹੈ, ਜੋ ਸਦਾ ਇੱਕੋ ਜਿਹਾ ਨਹੀਂ ਰਹਿੰਦਾ।'
PunjabKesari
ਇਸ ਤੋਂ ਇਲਾਵਾ ਲਿਖਿਆ ਗਿਆ, 'ਬਹੁਤ ਮਾਣ ਸੀ ਹਵਾ ਨੂੰ ਆਪਣੀ ਆਜ਼ਾਦੀ ਉਪਰ, ਕਿਸੇ ਨੇ ਬੰਦ ਕਰਕੇ ਗੁਬਾਰੇ 'ਚ ਵੇਚ ਦਿੱਤੀ। ਸੋ ਕਿਸੇ ਨਾਲ ਵੈਰ ਵਿਰੋਧ ਕਰਨ ਦੀ ਬਜਾਏ ਆਪਣਾ ਮੁਕਾਮ ਖ਼ੁਦ ਬਣਾਓ। ਬਾਕੀ ਸਾਡੀ ਕੋਈ ਖ਼ਾਸ ਜਾਣ ਪਛਾਣ ਹੈ ਨਹੀਂ ਸਿੱਧੂ ਨਾਲ, ਠੀਕ ਆ ਬਸ ਉਸ ਦੀ ਕਲਮ 'ਚ ਸੱਚਾਈ ਪੂਰੀ ਆ। ਕਦੇ ਅੱਜ ਤੱਕ ਗਾਣਿਆਂ 'ਚ ਨਾ ਹੀ ਕਦੇ ਨਸ਼ਾ, ਹਥਿਆਰ ਨੂੰ ਪਰਮੋਟ ਕੀਤਾ, ਨਾ ਕੁੜੀਆਂ ਨੂੰ ਕਦੇ ਮੰਦਾ ਬੋਲਿਆ ਅਤੇ ਨਾ ਹੀ ਕਦੇ ਕਮਾਦਾਂ 'ਚ ਕੁੜੀਆ ਨਾਲ ਪਹਿਲੀ ਮੁਲਾਕਾਤ ਦੀ ਗੱਲ ਕੀਤੀ। ਠੀਕ ਆ ਬਾਕੀ ਗੀਤਾਂ 'ਚ ਮਾਰ, ਧਾੜ, ਗੋਲੀਆਂ ਅਤੇ ਬਦਮਾਸ਼ੀਆਂ ਸਿੱਧੂ ਨੇ ਨਹੀਂ ਸ਼ੁਰੂ ਕੀਤੀਆਂ, ਸਗੋਂ ਇਹ ਸਭ ਤਾਂ ਪਹਿਲਾਂ ਤੋਂ ਹੀ ਆ। ਸਮਝਣ ਵਾਲੇ ਸਮਝ ਗਏ, ਜਿੰਨਾ ਨੂੰ ਦਿੱਕਤ ਹੋਵੇ #inbox 'ਚ #Message ਕਰ ਲਓ ਠੀਕ ਆ ਬਾਕੀ ਸਤਿ ਸ੍ਰੀ ਅਕਾਲ। ਵੱਲੋ :- ਸ਼ੇਰਾ ਖੁੱਬਣ ਅਤੇ ਵਿੱਕੀ ਗੌਂਡਰ ਗਰੁੱਪ।'

ਕੀ ਸੀ ਪੂਰਾ ਮਾਮਲਾ
ਬੀਤੇ ਦਿਨ ਸਿੱਧੂ ਮੂਸੇ ਵਾਲਾ ਬੱਬੂ ਮਾਨ ਦੇ ਪ੍ਰਸ਼ੰਸਕਾਂ 'ਤੇ ਖ਼ੂਬ ਭੜਕ ਰਿਹਾ ਹੈ। ਸਿੱਧੂ ਨੇ ਆਪਣੇ ਲਾਈਵ 'ਚ ਬੱਬੂ ਮਾਨ ਅਤੇ ਉਨ੍ਹਾਂ ਦੇ ਪ੍ਰਸ਼ੰਸਕ 'ਤੇ ਸਿੱਧਾ ਨਿਸ਼ਾਨਾ ਸਾਧਿਆ ਹੈ। ਬੇਸ਼ੱਕ ਆਪਣੇ ਇਸ ਲਾਈਵ 'ਚ ਸਿੱਧੂ ਨੇ ਕਿਸੇ ਦਾ ਨਾਂ ਨਹੀਂ ਲਿਆ ਪਰ ਸਿੱਧੂ ਦੇ ਬੋਲਾਂ ਅਤੇ ਗੱਲਾਂ ਤੋਂ ਸਾਫ਼ ਜ਼ਾਹਿਰ ਹੋ ਰਿਹਾ ਹੈ ਕਿ ਉਹ ਬੱਬੂ ਮਾਨ 'ਤੇ ਆਪਣਾ ਗੁੱਸਾ ਕੱਢ ਰਿਹਾ ਹੈ। ਹਾਲ ਹੀ 'ਚ ਬੱਬੂ ਮਾਨ ਦਾ ਗੀਤ 'ਅੜ੍ਹਬ ਪੰਜਾਬੀ' ਰਿਲੀਜ਼ ਹੋਇਆ ਸੀ। ਇਸ ਤੋਂ ਅਗਲੇ ਦਿਨ ਹੀ ਸਿੱਧੂ ਮੂਸੇ ਵਾਲਾ ਦਾ ਗੀਤ 'ਮੇ ਬਲੋਚਕ' ਰਿਲੀਜ਼ ਹੋਇਆ।
ਯੂਟਿਊਬ 'ਤੇ ਸਿੱਧੂ ਦਾ ਇਹ ਗੀਤ ਬੱਬੂ ਮਾਨ ਦੇ ਗੀਤ ਤੋਂ ਉਪਰ ਹੋ ਗਿਆ ਸੀ, ਜਿਸ ਦਾ ਸਕ੍ਰੀਨ ਸ਼ਾਟ ਸਿੱਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਸੀ। ਇਸ ਤੋਂ ਬਾਅਦ ਹੀ ਬੱਬੂ ਮਾਨ ਦੇ ਪ੍ਰਸ਼ੰਸਕਾਂ ਦਾ ਕਹਿਣਾ ਸੀ ਕਿ ਸਿੱਧੂ ਨੇ ਬੱਬੂ ਮਾਨ ਨੂੰ ਡਿਫੇਮ ਕੀਤਾ ਹੈ। ਉਸ ਤੋਂ ਬਾਅਦ ਹੀ ਸਿੱਧੂ ਨੂੰ ਕੁਮੈਂਟਸ 'ਚ ਧਮਕੀਆਂ ਮਿਲਣ ਲੱਗ ਗਈਆਂ। ਇਸ ਸਭ ਦਾ ਗੁੱਸਾ ਸਿੱਧੂ ਨੇ ਆਪਣੇ ਲਾਈਵ 'ਚ ਕੱਢਿਆ ਤੇ ਉਸ ਨੂੰ ਫੋਨ 'ਤੇ ਮੈਸੇਜ 'ਚ ਧਮਕੀਆਂ ਦੇਣ ਵਾਲੇ ਬੱਬੂ ਮਾਨ ਦੇ ਪ੍ਰਸ਼ੰਸਕਾਂ ਨੂੰ ਮੰਦਾ ਬੋਲਿਆ।

ਰਣਜੀਤ ਬਾਵਾ ਨੇ ਇਸ ਵਿਵਾਦ ਨੂੰ ਲੈ ਕੇ ਆਖੀ ਸੀ ਇਹ ਗੱਲ
ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਨੇ ਇਸ ਵਿਵਾਦ ਨੂੰ ਲੈ ਕੇ ਇਕ ਪੋਸਟ ਸਾਂਝੀ ਕੀਤੀ ਹੈ। ਹਾਲਾਂਕਿ ਰਣਜੀਤ ਬਾਵਾ ਨੇ ਆਪਣੀ ਇਸ ਪੋਸਟ 'ਚ ਦੋਵਾਂ ਸਿੰਗਰਾਂ 'ਚੋਂ ਕਿਸੇ ਦਾ ਪੱਖ ਨਹੀਂ ਲਿਆ ਪਰ ਉਨ੍ਹਾਂ ਨੇ ਇਸ ਲੜਾਈ ਨੂੰ ਫਾਲਤੂ ਦਾ ਮੁੱਦਾ ਦੱਸਿਆ ਹੈ। ਰਣਜੀਤ ਬਾਵਾ ਨੇ ਆਪਣੀ ਪੋਸਟ ਸਾਂਝੀ ਕਰਦਿਆਂ ਲਿਖਿਆ, 'ਲੜਨਾ ਤੇ ਲੜੋ ਪੰਜਾਬ ਲਈ, ਹੱਕਾਂ ਲਈ ਲੜੋ, ਪਾਣੀਆਂ ਦੇ ਮੁੱਦੇ ਲਈ ਕਰੋ ਕੁਝ, ਆਪਣੇ-ਆਪ ਨੂੰ ਕਾਮਯਾਬ ਕਰਨ ਲਈ ਆਪਣੀ ਕਿਸਮਤ ਨਾਲ ਲੜੋ। ਨਸ਼ਿਆ ਵਿਰੁੱਧ ਲੜੋ, ਪੰਜਾਬ ਪੰਜਾਬੀ ਲਈ ਲੜੋ। ਐਵੇਂ ਨਾ ਆਪਣਾ ਸਮਾਂ ਬਰਬਾਦ ਕਰੋ, ਪੰਜਾਬ ਦਾ ਪਹਿਲਾ ਬੁਰਾ ਹਾਲ  ਕਿਉਂਕਿ ਅਸੀਂ ਹਮੇਸ਼ਾ ਆਪਸ 'ਚ ਈ ਲੜੇ ਆ ਜਦੋ ਵੀ ਲੜੇ ਆ। ਮਾਵਾਂ ਭੈਣਾ ਨੂੰ ਗਾਲਾਂ ਨਾ ਕੱਢੋ ਇੱਕ-ਦੂਜੇ ਦੀਆਂ ਨੂੰ, ਚਾਰ ਕਿਤਾਬਾਂ ਪੜੋ। ਪਿਆਰ ਨਾਲ ਰਹੋ, ਜਿਨੂੰ ਵੀ ਸੁਣਨਾ ਸੁਣੋ ਪਰ ਐਵੇਂ ਮਸਲੇ ਨਾ ਵਧਾਉ। ਬੇਨਤੀ ਸਾਰਿਆਂ ਨੂੰ। ਪੰਜਾਬ ਪੰਜਾਬੀ ਜਿੰਦਾਬਾਦ।'

ਸਿੱਧੂ ਮੂਸੇ ਵਾਲਾ ਦੇ ਹੱਕ 'ਚ ਇੰਝ ਬੋਲੀ ਰੁਪਿੰਦਰ ਹਾਂਡਾ
ਪੰਜਾਬੀ ਗਾਇਕਾ ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇ ਵਾਲਾ ਦੇ ਹੱਕ 'ਚ ਆਈ ਸੀ। ਰੁਪਿੰਦਰ ਹਾਂਡਾ ਨੇ ਸਿੱਧੂ ਮੂਸੇ ਵਾਲਾ ਦੇ ਹੱਕ 'ਚ ਇਕ ਪੋਸਟ ਇੰਸਟਾਗ੍ਰਾਮ 'ਤੇ ਅਪਲੋਡ ਕੀਤੀ ਹੈ, ਜਿਸ 'ਚ ਰੁਪਿੰਦਰ ਹਾਂਡਾ ਲਿਖਦੀ ਹੈ, 'ਗੱਲ ਜ਼ਮੀਰ ਤੇ ਸੱਚ ਦੇ ਨਾਲ ਖੜ੍ਹਨ ਦੀ ਹੈ ਤੇ ਮੈਂ ਹਮੇਸਾ ਸੱਚ ਦੇ ਹੱਕ 'ਚ ਖੜ੍ਹੀ ਤੇ ਸਟੈਂਡ ਵੀ ਲਿਆ। ਜੇ ਕੋਈ ਇੱਜ਼ਤ ਦਿੰਦਾ ਤੇ ਦੁੱਗਣੀ ਕਰਕੇ ਮੋੜਦੇ ਆ ਤੇ ਜੇ ਕੋਈ ਤਿੜ-ਫਿੜ ਕਰਦਾ ਮੂੰਹ 'ਤੇ ਬੋਲਦੇ ਹਾਂ। 3 ਸਾਲ ਪਹਿਲਾਂ ਜੋ ਮੇਰੇ ਨਾਲ ਹੋਇਆ, ਅੱਜ ਉਹ ਸਭ ਕੁਝ ਫਿਰ ਤਾਜ਼ਾ ਹੋ ਗਿਆ ਪਰ ਕਿਸੇ ਹੋਰ ਆਰਟਿਸਟ ਨਾਲ। ਉਸ ਵੇਲੇ ਮੇਰੇ ਹੱਕ 'ਚ ਇਕ ਵੀ ਆਰਟਿਸਟ ਦੀ ਆਵਾਜ਼ ਨਹੀਂ ਉੱਠੀ ਸੀ, ਜੇ ਅੱਜ ਵੀ ਚੁੱਪ ਰਹੇ ਤਾਂ ਕੱਲ ਨੂੰ ਇਹ ਕਿਸੇ ਹੋਰ ਆਰਟਿਸਟ ਨਾਲ ਵੀ ਹੋ ਸਕਦਾ ਪਰ ਬੋਲਣ ਦਾ ਜਿਗਰਾ ਸਭ ਕਰ ਨਹੀਂ ਪਾਉਂਦੇ।'


sunita

Content Editor

Related News